
ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਨਾਲ ਸੰਸਾਰ ਵਿਚ ਅੰਕੜਾ 30 ਲੱਖ ਦੇ ਨੇੜੇ ਢੁਕਦਾ ਜਾ ਰਿਹਾ ਹੈ
ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਨਾਲ ਸੰਸਾਰ ਵਿਚ ਅੰਕੜਾ 30 ਲੱਖ ਦੇ ਨੇੜੇ ਢੁਕਦਾ ਜਾ ਰਿਹਾ ਹੈ। ਇਟਲੀ, ਸਪੇਨ, ਫ਼ਰਾਂਸ, ਇੰਗਲੈਂਡ ਤੇ ਜਰਮਨੀ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਸਾਡੇ ਅਪਣੇ ਦੇਸ਼ ਵਿਚ ਤਕਰੀਬਨ 22 ਹਜ਼ਾਰ ਬੰਦੇ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਅੱਜ ਤਕ ਆ ਚੁੱਕੇ ਹਨ ਤੇ ਕੋਈ 700 ਬੰਦਿਆਂ ਦੀ ਹੁਣ ਤਕ ਮੌਤ ਹੋ ਚੁਕੀ ਹੈ।
ਹਿੰਦੁਸਤਾਨ ਵਿਚ ਇਸ ਬੀਮਾਰੀ ਨੇ ਦਸਤਕ ਕਾਫ਼ੀ ਦੇਰ ਨਾਲ ਦਿਤੀ ਤੇ ਸਾਡੀ ਸਰਕਾਰ ਕੋਲ ਕੋਈ ਪੁਖਤਾ ਡਾਕਟਰੀ ਪ੍ਰਬੰਧਾਂ ਦੀ ਅਣਹੋਂਦ ਕਰ ਕੇ, ਲਾਕਡਾਊਨ ਤੇ ਕਰਫ਼ਿਊ ਦਾ ਤਰੀਕਾ ਅਪਣਾਇਆ ਗਿਆ ਹੈ ਜਿਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੋਈ। ਇਸ ਮਹਾਂਮਾਰੀ ਨਾਲ ਸੰਸਾਰ ਵਿਚ ਕਿੰਨੇ ਬੰਦੇ ਮਰ ਸਕਦੇ ਹਨ, ਇਸ ਬਾਰੇ ਕੋਂ ਪੇਸ਼ੋਨਗੋਈ ਨਹੀਂ ਕੀਤੀ ਜਾ ਸਕਦੀ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਬਿਆਨ ਮੁਤਾਬਕ, ਇਕੱਲੇ ਅਮਰੀਕਾ ਵਿਚ ਦੋ ਲੱਖ ਤੋਂ ਵੱਧ ਬੰਦੇ ਇਸ ਬੀਮਾਰੀ ਨਾਲ ਮਰਨ ਦੀ ਸੰਭਾਵਨਾ ਹੈ।
ਅੱਜ ਤਕ ਇਸ ਬੀਮਾਰੀ ਦੀ ਰੋਕਥਾਮ ਤੇ ਇਲਾਜ ਲਈ ਨਾ ਤਾਂ ਟੀਕਾ ਤੇ ਨਾ ਹੀ ਦਵਾਈ ਬਣੀ ਹੈ। ਭਾਵੇਂ ਵਿਗਿਆਨੀ ਇਸ ਸਬੰਧੀ ਭਰਪੂਰ ਤੇ ਸਿਰਤੋੜ ਯਤਨਾਂ ਵਿਚ ਹਨ। ਕੋਈ ਆਖ ਰਿਹਾ ਹੈ ਕਿ ਗਰਮੀਆਂ ਆਉਣ ਨਾਲ ਇਸ ਬੀਮਾਰੀ ਨੂੰ ਠੱਲ੍ਹ ਪੈ ਜਾਵੇਗੀ ਤੇ ਕਿਧਰੋਂ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਇਸ ਬੀਮਾਰੀ ਦਾ ਅਸਰ, ਜੂਨ 2024 ਤਕ ਵੀ ਰਹਿ ਸਕਦਾ ਹੈ। ਅਮਰੀਕਾ ਦੇ ਇਕ ਉਘੇ ਡਾਕਟਰ ਵਿਗਿਆਨੀ ਡਾ. ਮਾਰਲ ਲਿਪਸ਼ਿਜ਼ ਅਨੁਸਾਰ ਹਰ ਬੰਦੇ ਨੂੰ ਦੂਜੇ ਨਾਲ ਬੈਠਣ ਦੀ ਦੂਰੀ ਤਾਂ ਬਣਾ ਕੇ ਰਖਣੀ ਹੀ ਪਵੇਗੀ।
ਇਸ ਕੋਰੋਨਾ ਵਾਇਰਸ ਦੀ ਬੀਮਾਰੀ ਨੇ ਇਕ ਦੂਜੇ ਨਾਲ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਜਾਚ ਸਿਖਾ ਦਿਤੀ ਹੈ। ਹੁਣ ਕੇਵਲ ਸਾਡੇ ਦੇਸ਼ ਵਿਚ ਹੀ ਨਹੀਂ ਬਲਕਿ ਹੋਰ ਦੇਸ਼ਾਂ ਵਿਚ ਪਹਿਲਾਂ ਵਾਂਗ ਇਕ ਦੂਜੇ ਨਾਲ ਹੱਥ ਮਿਲਾਉਣ ਜਾਂ ਜਫੀਆਂ ਪਾਉਣ ਵਰਗੇ ਰੀਤ ਲਾਂਭੇ ਰਖੇ ਜਾਣ ਦੀ ਸੰਭਾਵਨਾ ਹੈ ਤੇ ਦੂਰੋਂ ਹੀ ਨਮਸਕਾਰ ਕਰਨ ਵਰਗੀਆਂ ਪਿਰਤਾਂ ਪੈਣਗੀਆਂ। ਪਛਮੀ ਦੇਸ਼ਾਂ ਵਿਚ ਖ਼ਾਸ ਕਰ ਕੇ ਜਿਥੇ ਨਿੱਘ ਨਾਲ ਜੱਫੀ ਪਾਉਣੀ ਤੇ ਚੁੰਬਨ ਵੀ ਵਰਜਿਤ ਨਹੀਂ, ਉਨ੍ਹਾਂ ਦੇਸ਼ਾਂ ਵਿਚ ਵੀ ਸ਼ਾਇਦ ਪਿਆਰ ਜਤਾਣ ਦੇ ਇਹ ਢੰਗ ਬਦਲ ਜਾਣਗੇ ਤੇ ਜੇ ਇਸ ਬੀਮਾਰੀ ਦੇ ਇਲਾਜ ਲਈ ਕੋਈ ਟੀਕਾ ਜਾਂ ਦਵਾਈ ਨਾ ਬਣ ਸਕੀ ਤਾਂ ਇਕ ਹੋਰ ਗੱਲ ਦੀ ਵੀ ਅਹਿਤਆਤ ਰਖਣੀ ਪਵੇਗੀ ਕਿਉਂਕਿ ਮਰੀਜ਼ ਠੀਕ ਹੋਣ ਤੋਂ ਬਾਅਦ ਵੀ ਮੁੜ ਇਸ ਬੀਮਾਰੀ ਦੀ ਪਕੜ ਵਿਚ ਆ ਸਕਦਾ ਹੈ।
File photo
ਸਾਰੇ ਦੇਸ਼ਾਂ ਨੂੰ ਸਮਾਜਕ ਦੂਰੀ (ਸੋਸ਼ਲ ਡਿਸਟੈਂਸਿੰਗ) ਵਰਗੇ ਜ਼ਾਬਤੇ ਰਖਣੇ ਪੈਣਗੇ। ਇਹ ਵੀ ਹੋ ਸਕਦਾ ਹੈ ਕਿ ਸਕੂਲ ਵਿਦਿਅਕ ਸੰਸਥਾਵਾਂ ਆਦਿ ਵੀ ਬੰਦ ਕਰਨੇ ਪੈਣ ਤੇ ਡਿਸਟੈਂਸ ਲਰਨਿੰਗ ਦਾ ਤਰੀਕਾ ਅਪਣਾਉਣਾ ਪਵੇ। ਅੱਜ ਵੀ ਕਈ ਕੰਪਨੀਆਂ ਤੇ ਵੱਡੇ ਅਦਾਰਿਆਂ ਦੇ ਅਧਿਕਾਰੀ, ਇਸ ਵਰਤਮਾਨ ਲਾਕਡਾਊਨ ਦੇ ਸਮੇਂ, ਘਰੋਂ ਕੰਮ ਕਰਦੇ ਹਨ ਤੇ ਹੋ ਸਕਦਾ ਹੈ ਜੇ ਇਸ ਬੀਮਾਰੀ ਨੂੰ ਠੱਲ੍ਹ ਨਾ ਪਾਇਆ ਤਾਂ ਘਰੋਂ ਕੰਮ ਕਰਨਾ, ਇਸ ਸਿਸਟਮ ਦਾ ਹਿੱਸਾ ਬਣ ਜਾਵੇਗਾ।
ਕਈ ਪਛਮੀ ਦੇਸ਼ਾਂ ਵਿਚ ਇਕ ਇਮਿਊਨਿਟੀ ਸਰਟੀਫ਼ੀਕੇਟ ਦਿਤਾ ਜਾਣ ਲੱਗਾ ਹੈ ਜਿਸ ਦਾ ਮਤਲਬ ਹੈ ਕਿ ਇਸ ਸਰਟੀਫ਼ੀਕੇਟ ਵਾਲਾ ਰਿਸ਼ਟ ਪੁਸ਼ਟ ਹੈ ਤੇ ਇਹੋ ਜਹੀ ਬੀਮਾਰੀ ਨਾਲ ਜੂਝਣ ਯੋਗ ਹੈ। ਹੋ ਸਕਦਾ ਹੈ ਕਿ ਬਾਕੀਆਂ ਨੂੰ ਤਾਲਾਬੰਦੀ ਵਿਚ ਹੀ ਰਹਿਣਾ ਪਵੇ। ਸਾਡੇ ਰਾਜਨੀਤਕ ਤੇ ਵਪਾਰਕ ਅਦਾਰਿਆਂ ਵਿਚ ਮੀਟਿੰਗਾਂ ਤੇ ਪਰਸਪਰ ਵਿਚਾਰਾਂ ਦਾ ਆਹਮੋ-ਸਾਹਮਣੇ ਬੈਠ ਕੇ, ਖ਼ੁਲਾਸਾ ਕਰਨਾ, ਸਾਡੇ ਵਿਹਾਰ ਦਾ ਹਿੱਸਾ ਬਣ ਚੁਕਾ ਹੈ। ਕੋਰੋਨਾ ਵਇਰਸ ਦੀ ਬੀਮਾਰੀ, ਇਸ ਸਿਲਸਿਲੇ ਨੂੰ ਸ਼ਾਇਦ ਖ਼ਾਤਮੇ ਵਾਲੇ ਪਾਸੇ ਲੈ ਜਾਵੇ ਤੇ ਇਹ ਪ੍ਰੰਪਰਾ ਖ਼ਤਮ ਹੋ ਸਕਦੀ ਹੈ।
ਅਸੀ ਅਜਕਲ ਵੀ ਵੇਖ ਰਹੇ ਹਾਂ ਕਿ ਮੁੱਖ ਮੰਤਰੀ ਅਪਣੇ ਅਧਿਕਾਰੀਆਂ ਤੇ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ.ਡੀ.ਓ ਕਾਨਫ਼ਰੰਸਾਂ ਕਰਦੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਅਪਣੇ ਵਜ਼ੀਰਾਂ ਤੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਸੁਣਦੇ ਤੇ ਸੁਣਾਉਂਦੇ ਹਨ। ਹੋ ਸਕਦਾ ਹੈ ਕਿ ਇਹ ਇਕ ਪ੍ਰੰਪਰਾ ਹੀ ਬਣ ਜਾਵੇ ਤੇ ਆਪਸੀ ਮੀਟਿੰਗਾਂ ਸ਼ਾਇਦ ਨਾਮਾਤਰ ਹੀ ਰਹਿ ਜਾਣ। ਬਿਜ਼ਨਸ ਟਰਿੱਪ ਦੌਰੇ ਤੇ ਡੇਲੀਗੇਸ਼ਨ ਭੇਜਣ ਦ ਸਿਲਸਿਲਾ ਹੀ ਸ਼ਾਇਦ ਖ਼ਤਮ ਹੋ ਜਾਵੇ। ਸਾਡੇ ਦੇਸ਼ ਵਿਚ ਜਨਮ ਵਿਆਹ ਤੇ ਮੌਤ ਸਬੰਧੀ, ਇਕੱਠ ਤੇ ਸਮਾਗਮ ਹੁੰਦੇ ਹਨ।
ਜੇ ਇਹ ਬੀਮਾਰੀ ਇਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਇਹੋ ਜਹੇ ਸਮਾਰੋਹ ਨਹੀਂ ਕਰਨਗੇ। ਇਹ ਵੀ ਹੋ ਸਕਦਾ ਹੈ ਕਿ ਲੋਕ ਮੰਦਰਾਂ, ਗਿਰਜਿਆਂ, ਮਸਜਿਦਾਂ ਤੇ ਗੁਰਦਵਾਰਿਆਂ ਵਿਚ ਜਾਣੋਂ ਵੀ ਗੁਰੇਜ਼ ਕਰਨ ਤੇ ਘਰੇ ਬੈਠ ਕੇ ਅਪਣੀ ਪਾਠ ਪੂਜਾ ਕਰ ਲੈਣ। ਪਰ ਸਾਡੇ ਦੇਸ਼ ਵਿਚ ਲੋਕ ਧਾਰਮਕ ਵਿਚਾਰਾਂ ਵਾਲੇ ਹਨ ਤੇ ਉਹ ਤੀਰਥਾਂ ਮੰਦਰਾਂ ਤੇ ਜਾਣ ਦੀ ਤੀਬਰ ਇੱਛਾ ਰਖਦੇ ਹਨ। ਇਹ ਵਖਰੀ ਗੱਲ ਹੈ ਕਿ ਉਥੇ ਜਾ ਕੇ ਇਕ ਦੂਜੇ ਤੋਂ ਵਕਫ਼ਾ ਰੱਖ ਕੇ ਬੈਠਣਾ ਹੀ ਉਚਿਤ ਸਮਝਿਆ ਜਾਵੇਗਾ।
ਇਕ ਹੋਰ ਵੱਡੀ ਗੱਲ ਇਸ ਮਹਾਂਮਾਰੀ ਕਾਰਨ ਵੇਖਣ ਵਿਚ ਆਈ ਹੈ ਕਿ ਸਮਾਜਕ ਰਿਸ਼ਤੇ ਤਿੜਕ ਰਹੇ ਹਨ। ਇਸ ਸਬੰਧੀ, ਜਾਣਕਾਰ ਮਿਲਣ ਤੇ ਰਿਸ਼ਤੇਦਾਰ ਹੁਣ ਸ਼ਾਇਦ ਇਕ ਦੂਜੇ ਨੂੰ ਮਿਲਣ ਤੋਂ ਝਿਜਕਣ। ਕਰੀਬੀ ਰਿਸ਼ਤੇਦਾਰਾਂ ਨੂੰ ਤਾਂ ਛੱਡੋ ਘਰ ਵਿਚ ਆਏ ਧੀ ਪੁੱਤਰ, ਮ੍ਰਿਤਕ ਦੀ ਦੇਹ ਨਾਲ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਹਨ।
ਆਰਥਕ ਸੰਕਟ ਨਾਲ ਦੇਸ਼ ਦੀ ਅਰਥਵਿਵਸਥਾ ਤੇ ਬਹੁਤ ਮਾੜਾ ਅਸਰ ਪਵੇਗਾ। ਸਾਡੇ ਵਰਗੇ ਦੇਸ਼ਾਂ ਵਿਚ ਬੇਰੁਜ਼ਗਾਰੀ ਤੇ ਮਹਿੰਗਾਈ ਬਹੁਤ ਵੱਧ ਸਕਦੀ ਹੈ। ਗ਼ਰੀਬ ਤੇ ਅਮੀਰ ਦੀ ਵਿੱਥ ਹੋਰ ਵੱਧ ਜਾਵੇਗੀ ਤੇ ਸਮਾਜਕ ਦੂਰੀਆਂ ਵਿਚ ਵਾਧਾ ਹੋ ਜਾਵੇਗਾ। ਗ਼ਰੀਬੀ ਬੇਰੁਜ਼ਗਾਰੀ ਤੇ ਉਤੋਂ ਮਹਿੰਗਾਈ ਕਾਰਨ ਵਰਗੇ ਦੇਸ਼ ਵਿਚ ਲੋਕਾਂ ਵਿਚ ਰੋਸ ਪੈਦਾ ਕਰੇਗੀ ਤੇ ਕਿਤੇ-ਕਿਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਵੀ ਹੋ ਸਕਦੇ ਹਨ ਤੇ ਇਸ ਨਾਲ ਅਮਨ ਕਾਨੂੰਨ ਵਾਲੀ ਹਾਲਤ ਵੀ ਬਣ ਸਕਦੀ ਹੈ। ਬੇਰੁਜ਼ਗਾਰੀ ਤੇ ਗ਼ਰੀਬੀ ਲੁਟ-ਖਸੁਟ ਤੇ ਹਿੰਸਕ ਵਾਰਦਾਤਾਂ ਨੂੰ ਜਨਮ ਦਿੰਦੀਆਂ ਹਨ। ਸੋ ਇਨ੍ਹਾਂ ਸਾਰਿਆਂ ਪਖੋਂ ਦੇਸ਼ ਦੀਆਂ ਸਰਕਾਰਾਂ ਨੂੰ ਸਮਝ ਕੇ ਕੋਈ ਠੋਸ ਨੀਤੀ ਬਣਾਉਣੀ ਪਵੇਗੀ।
ਇਕ ਖ਼ਬਰ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਨੇ ਚੀਨ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਇਹ ਸਾਬਤ ਹੋ ਗਿਆ ਕਿ ਕੋਰੋਨਾ ਵਾਇਰਸ ਚੀਨ ਨੇ ਫੈਲਾਇਆ ਹੈ ਤੇ ਇਸ ਖ਼ਬਰ ਨੂੰ ਛੁਪਾ ਕੇ ਰਖਿਆ ਗਿਆ ਹੈ ਤੇ ਚੀਨ ਜ਼ਿੰਮੇਵਾਰ ਹੈ ਤਾਂ ਹੋ ਸਕਦਾ ਹੈ ਕਿ ਇਸ ਸੱਭ ਲਈ ਚੀਨ ਨੂੰ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਹ ਇਕ ਇਸ਼ਾਰਾ ਹੈ ਕਿ ਚੀਨ ਉਤੇ ਹਮਲਾ ਵੀ ਕੀਤਾ ਜਾ ਸਕਦਾ ਹੈ। ਰੱਬ ਨਾ ਕਰੇ, ਜੇਕਰ ਕਿਤੇ ਅਜਿਹਾ ਹੋ ਗਿਆ ਤਾਂ ਸਾਰਾ ਸੰਸਾਰ ਤੀਜੇ ਵਿਸ਼ਵ ਯੁਧ ਵਿਚ ਧਕਿਆ ਜਾ ਸਕਦਾ ਹੈ ਤੇ ਫਿਰ ਜਿਹੜੀ ਤਬਾਹੀ ਹੋਵੇਗੀ ਉਸ ਦੀ ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ।
ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਸਮਾਜਕ, ਰਾਜਨੀਤਕ, ਆਰਥਕ ਤੇ ਹੋਰ ਕਈ ਪੱਖਾਂ ਤੋਂ ਸੰਸਾਰ ਵਿਚ ਵਰਤਣ ਤੇ ਵਿਚਾਰਨ ਵਿਚ ਅਹਿਮ ਤਬਦੀਲੀ ਆ ਜਾਣ ਦੀ ਸੰਭਾਵਨਾ ਹੈ। ਇਕੋ ਅਰਦਾਸ ਕਰੋ ਕਿ ਇਸ ਮਹਾਂਮਾਰੀ ਦਾ ਕੋਈ ਤੁਰਤ ਇਲਾਜ ਨਿਕਲ ਆਵੇ ਤੇ ਸਾਰਾ ਸੰਸਾਰ, ਆਉਣ ਵਾਲੀ ਕਿਸੇ ਹੋਰ ਵਿਵਸਥਾ ਤੇ ਦੁਖਦਾਈ ਘਟਨਾ ਦਾ ਸ਼ਿਕਾਰ ਨਾ ਬਣੇ।
ਸੰਪਰਕ : 88720-06924