
27 ਸਾਲਾ ਰਿਸ਼ੀ ਅਤੁਲ ਰਾਜਪੋਪਟ ਨੇ ਸੰਸਕ੍ਰਿਤ ਵਿਦਵਾਨ ਪਾਣਿਨੀ ਦੁਆਰਾ ਲਿਖੇ ਇਕ ਪਾਠ ਨੂੰ ਡੀਕੋਡ ਕੀਤਾ ਸੀ।
ਲੰਡਨ: ਕੈਂਬਰਿਜ ਯੂਨੀਵਰਸਿਟੀ ਦੇ ਇਕ ਭਾਰਤੀ ਪੀਐਚਡੀ ਸਕਾਲਰ ਨੇ ਆਖਰਕਾਰ ਸੰਸਕ੍ਰਿਤ ਵਿਆਕਰਨ ਨਾਲ ਜੁੜੀ ਇਕ ਸਮੱਸਿਆ ਨੂੰ ਸੁਲਝਾ ਲਿਆ ਹੈ। ਇਹ ਇਕ ਅਜਿਹੀ ਸਮੱਸਿਆ ਹੈ ਜਿਸ ਨੇ 5ਵੀਂ ਸਦੀ ਈਸਾ ਪੂਰਵ ਤੋਂ ਵਿਦਵਾਨਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਇਕ ਰਿਪੋਰਟ ਅਨੁਸਾਰ 27 ਸਾਲਾ ਰਿਸ਼ੀ ਅਤੁਲ ਰਾਜਪੋਪਟ ਨੇ ਕਥਿਤ ਤੌਰ 'ਤੇ ਸੰਸਕ੍ਰਿਤ ਵਿਦਵਾਨ ਪਾਣਿਨੀ ਦੁਆਰਾ ਲਿਖੇ ਇਕ ਪਾਠ ਨੂੰ ਡੀਕੋਡ ਕੀਤਾ ਸੀ।
ਇਹ ਲਿਖਤ ਕਰੀਬ ਢਾਈ ਹਜ਼ਾਰ ਸਾਲ ਪਹਿਲਾਂ ਦੀ ਹੈ। ਰਾਜਪੋਪਟ ਸੇਂਟ ਜੌਨਜ਼ ਕਾਲਜ, ਕੈਂਬਰਿਜ ਵਿਖੇ ਏਸ਼ੀਅਨ ਅਤੇ ਮਿਡਲ ਈਸਟਰਨ ਸਟੱਡੀਜ਼ ਦੀ ਫੈਕਲਟੀ ਵਿਚ ਪੀਐਚਡੀ ਖੋਜ ਵਿਦਿਆਰਥੀ ਹੈ। ਪਾਣਿਨੀ ਦੇ ਗ੍ਰੰਥ ਅਸ਼ਟਾਧਿਆਈ – ਜਿਸ ਵਿਚ ਮੂਲ ਸ਼ਬਦਾਂ ਤੋਂ ਨਵੇਂ ਸ਼ਬਦ ਬਣਾਉਣ ਲਈ ਨਿਯਮਾਂ ਦਾ ਪੂਰਾ ਸਮੂਹ ਦਿੱਤਾ ਗਿਆ ਹੈ, ਵਿਚ ਅਕਸਰ ਨਵੇਂ ਸ਼ਬਦਾਂ ਨੂੰ ਬਣਾਉਣ ਨਾਲ ਸਬੰਧਤ ਨਿਯਮ ਅਕਸਰ ਵਿਰੋਧੀ ਨਜ਼ਰ ਆਉਂਦੇ ਹਨ। ਇਸ ਕਾਰਨ ਕਈ ਵਿਦਵਾਨ ਭੰਬਲਭੂਸੇ ਵਿਚ ਰਹਿੰਦੇ ਹਨ ਕਿ ਕਿਹੜੇ ਨਿਯਮਾਂ ਦੀ ਵਰਤੋਂ ਕਰਨੀ ਹੈ।
ਬਹੁਤ ਸਾਰੇ ਵਿਦਵਾਨਾਂ ਨੇ ਇਸ ਗ੍ਰੰਥ ਵਿਚ ਭਾਸ਼ਾਈ ਅਲਗੋਰਿਦਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਦਿਲਚਸਪੀ ਦਿਖਾਈ ਹੈ। ਇਸ ਦੇ ਲਈ ਪਾਣਿਨੀ ਨੇ ਅਸ਼ਟਾਧਿਆਈ ਵਿਚ ਇਕ ਨਿਯਮ ਦਿੱਤਾ ਸੀ, ਜਿਸ ਨੂੰ 'ਮੈਟਾ ਨਿਯਮ' ਵੀ ਕਿਹਾ ਜਾਂਦਾ ਹੈ। ਹੁਣ ਤੱਕ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਕਿ ਵਿਆਕਰਨਿਕ ਕ੍ਰਮ ਤੋਂ ਬਾਅਦ ਆਉਣ ਵਾਲਾ ਸੂਤਰ ਦੋਵਾਂ ਸੂਤਰਾਂ ਦੇ ਵਿਰੋਧਾਭਾਸ 'ਤੇ ਲਾਗੂ ਹੋਵੇਗਾ।
ਆਪਣੀ ਖੋਜ ਵਿਚ ਰਾਜਪੋਪਟ ਨੇ ਦਲੀਲ ਦਿੱਤੀ ਕਿ ਇਸ ਅਸਿੱਧ ਨਿਯਮ ਨੂੰ ਇਤਿਹਾਸਕ ਤੌਰ 'ਤੇ ਗਲਤ ਸਮਝਿਆ ਗਿਆ ਸੀ-ਇਸ ਦੀ ਬਜਾਏ, ਪਾਣਿਨੀ ਦਾ ਮਤਲਬ ਕਿਸੇ ਸ਼ਬਦ ਦੇ ਖੱਬੇ ਅਤੇ ਸੱਜੇ ਪਾਸੇ ਲਾਗੂ ਹੋਣ ਵਾਲੇ ਨਿਯਮਾਂ ਨਾਲ ਸੀ ਅਤੇ ਉਹ ਚਾਹੁੰਦੇ ਸਨ ਕਿ ਪਾਠਕ ਸੱਜੇ ਪਾਸੇ ਲਾਗੂ ਹੋਣ ਵਾਲੇ ਨਿਯਮ ਚੁਣਨ।
ਇਸ ਤਰਕ ਨਾਲ ਰਾਜਪੋਪਟ ਨੇ ਪਾਇਆ ਕਿ ਪਾਣਿਨੀ ਦਾ ਐਲਗੋਰਿਦਮ ਬਿਨਾਂ ਕਿਸੇ ਤਰੁਟੀ ਦੇ ਵਿਆਕਰਨਿਕ ਤੌਰ 'ਤੇ ਸਹੀ ਸ਼ਬਦਾਂ ਅਤੇ ਵਾਕਾਂ ਦਾ ਨਿਰਮਾਣ ਕਰਦਾ ਹੈ।