
2006 'ਚ ਅਲ-ਅਵਜ਼ਾ ਨੇੜੇ ਕੀਤਾ ਗਿਆ ਸੀ ਦਫ਼ਨ
ਇਰਾਕ ਦੇ ਮਰਹੂਮ ਤਾਨਾਸ਼ਾਹ ਸੱਦਾਮ ਹੁਸੈਨ ਨੂੰ 2006 'ਚ ਫ਼ਾਂਸੀ ਦੀ ਸਜ਼ਾ ਦਿਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਮ੍ਰਿਤਕ ਸ਼ਰੀਰ ਨੂੰ ਦਫ਼ਨਾਉਣ ਲਈ ਬਗ਼ਦਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਅਲ-ਅਵਜ਼ਾ ਭੇਜਿਆ ਗਿਆ ਸੀ, ਪਰ ਹੁਣ ਇਰਾਕ ਤੋਂ ਖ਼ਬਰ ਆਈ ਹੈ ਕਿ ਸੱਦਾਮ ਹੁਸੈਨ ਦੀ ਕਬਰ ਵਿਚੋਂ ਉਸ ਦਾ ਸ਼ਰੀਰ ਰਹੱਸਮਈ ਢੰਗ ਨਾਲ ਗ਼ਾਇਬ ਹੋ ਚੁਕਿਆ ਹੈ। ਉਸ ਦੀ ਕੰਕਰੀਟ ਦੀ ਬਣੀ ਕਬਰ ਟੁੱਟੀ ਹੋਈ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸੱਦਾਮ ਦਾ ਸ਼ਰੀਰ ਉਸ ਦੀ ਬੇਟੀ ਲੈ ਕੇ ਚਲੀ ਗਈ ਹੈ।ਸੱਦਾਮ ਦੇ ਵੰਸ਼ਜ ਸ਼ੇਖ ਮਨਫ ਅਲੀ ਅਲ–ਨੀਦਾ ਦਾ ਦਾਅਵਾ ਹੈ ਕਿ ਕਿਸੇ ਨੇ ਸੱਦਾਮ ਦੀ ਕਬਰ ਨੂੰ ਖੋਦਿਆ ਅਤੇ ਉਸ ਦੇ ਸ਼ਰੀਰ ਨੂੰ ਜਲਾ ਦਿਤਾ ਹੈ। ਕਬਰ ਦੀ ਸੁਰੱਖਿਆ 'ਚ ਤੈਨਾਤ ਸ਼ਿਆ ਪੈਰਾਮਿਲਿਟਰੀ ਫੋਰਸ ਦਾ ਕਹਿਣਾ ਹੈ ਕਿ ਅਤਿਵਾਦੀ ਸੰਗਠਨ ਆਈ.ਐਸ. ਨੇ ਅਪਣੇ ਲੜਾਕੇ ਤੈਨਾਤ ਕੀਤੇ ਸਨ। ਇਥੇ ਹਵਾਈ ਹਮਲੇ 'ਚ ਕਬਰ ਬਰਬਾਦ ਹੋ ਗਈ।ਉਥੇ ਸੱਦਾਮ ਲਈ ਕੰਮ ਕਰ ਚੁਕੇ ਇਕ ਫ਼ੌਜੀ ਦਾ ਕਹਿਣਾ ਹੈ ਕਿ ਤਾਨਾਸ਼ਾਹ ਦੀ ਬੇਟੀ ਹਾਲਾ ਅਪਣੇ ਪ੍ਰਾਈਵੇਟ ਜੈੱਟ 'ਚ ਇਰਾਕ ਆਈ ਸੀ ਅਤੇ ਚੁੱਪ-ਚੁਪੀਤੇ ਪਿਤਾ ਦੀ ਲਾਸ਼ ਲੈ ਕੇ ਜੋਰਡਨ ਚਲੀ ਗਈ। ਇਕ ਇਰਾਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਸੱਦਾਮ ਦੇ ਬੇਟੀ ਹਾਲਾ ਕਦੇ ਇਰਾਕ ਵਾਪਸ ਹੀ ਨਹੀਂ ਆਈ ਹੈ।
saddam hussein
ਇਕ ਰੀਪੋਰਟ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਰਜ ਬੁਸ਼ ਨੇ ਖੁਦ 30 ਦਸੰਬਰ 2006 ਨੂੰ ਤਾਨਾਸ਼ਾਹ ਦੀ ਲਾਸ਼ ਅਮਰੀਕੀ ਫ਼ੌਜੀ ਹੈਲੀਕਾਪਟਰ ਜ਼ਰੀਏ ਬਗ਼ਦਾਦ ਨੂੰ ਰਵਾਨਾ ਕੀਤੀ ਸੀ। ਬਗ਼ਦਾਦ ਤੋਂ ਸ਼ਰੀਰ ਨੂੰ ਅਲ-ਅਵਜ਼ਾ ਲੈ ਕੇ ਜਾਇਆ ਗਿਆ। ਇਥੇ ਉਸ ਨੂੰ ਦਫ਼ਨਾਇਆ ਗਿਆ। ਉਸ ਦੀ ਲਾਸ਼ ਨੂੰ ਸਵੇਰ ਹੋਣ ਤੋਂ ਪਹਿਲਾਂ ਹੀ ਦਫ਼ਨਾ ਦਿਤਾ ਗਿਆ ਸੀ। ਇਥੇ ਹਰ ਸਾਲ ਉਸ ਦੇ ਜਨਮਦਿਨ 'ਤੇ ਸਮਰਥਕ ਇਕੱਠੇ ਹੁੰਦੇ ਹਨ ਅਤੇ ਉਸ ਦਾ ਜਨਮ ਦਿਨ ਮਨਾਉਂਦੇ ਹਨ।
ਜ਼ਿਕਰਯੋਗ ਹੈ ਕਿ 14 ਦਸੰਬਰ 2003 ਨੂੰ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਦੀ ਕਿ ਸੱਦਾਮ ਨੂੰ ਇੱਕ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਿਰਾਸਤ 'ਚ ਰਹਿਣ ਤੋਂ ਕਰੀਬ ਇਕ ਸਾਲ ਬਾਅਦ ਸੱਦਾਮ 'ਤੇ ਰਸਮੀ ਇਲਜ਼ਾਮ ਲਗਾਏ ਗਏ ਅਤੇ ਉਨ੍ਹਾਂ ਨੂੰ ਦੁਜੈਲ ਹਤਿਆਕਾਂਡ ਦਾ ਜ਼ਿੰਮੇਦਾਰ ਕਿਹਾ ਗਿਆ। ਲਗਭਗ ਇਕ ਸਾਲ ਦੀ ਕਾਰਵਾਈ ਤੋਂ ਬਾਅਦ 2006 ਨਵੰਬਰ 'ਚ ਸੱਦਾਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। (ਏਜੰਸੀ)