
ਪਾਕਿਸਤਾਨ ਦੀ ਆਬਾਦੀ ਸਾਲ 1998 ਵਿਚ ਹੋਈ ਪਿਛਲੀ ਜਨਗਣਨਾ ਦੇ ਮੁਕਾਬਲੇ 57 ਫ਼ੀ ਸਦੀ ਵੱਧ ਕੇ 20.78 ਕਰੋੜ ਹੋ ਗਈ ਹੈ।
ਇਸਲਾਮਾਬਾਦ, 26 ਅਗੱਸਤ : ਪਾਕਿਸਤਾਨ ਦੀ ਆਬਾਦੀ ਸਾਲ 1998 ਵਿਚ ਹੋਈ ਪਿਛਲੀ ਜਨਗਣਨਾ ਦੇ ਮੁਕਾਬਲੇ 57 ਫ਼ੀ ਸਦੀ ਵੱਧ ਕੇ 20.78 ਕਰੋੜ ਹੋ ਗਈ ਹੈ। ਇਹ ਜਾਣਕਾਰੀ ਸ਼ੁਕਰਵਾਰ ਨੂੰ ਜਾਰੀ ਜਨਗਣਨਾ ਦੇ ਅਸਥਾਈ ਅੰਕੜਿਆਂ 'ਚ ਦਿਤੀ ਗਈ।
ਕੌਂਸਲ ਆਫ਼ ਕਾਮਨ ਇੰਟਰੈਸਟ (ਸੀ.ਸੀ.ਆਈ.) ਨੂੰ ਸੌਂਪੇ ਗਏ ਅਸਥਾਈ ਅੰਕੜਿਆਂ ਅਨੁਸਾਰ ਪਾਕਿਸਤਾਨ ਵਿਚ 10.645 ਕਰੋੜ ਆਦਮੀ, 10.131 ਕਰੋੜ ਔਰਤਾਂ ਅਤੇ 10,418 ਸਮਲਿੰਗੀ ਹਨ। ਪੰਜਵੀਂ ਜਨਗਣਨਾ ਦੇ ਨਤੀਜਿਆਂ ਨਾਲ ਤੁਲਨਾ ਕਰਨ 'ਤੇ ਆਬਾਦੀ ਵਿਚ 2.4 ਫ਼ੀ ਸਦੀ ਦੀ ਸਾਲਾਨਾ ਦਰ ਨਾਲ 57 ਫ਼ੀ ਸਦੀ ਦਾ ਵਾਧਾ ਹੋਇਆ ਹੈ। ਪਾਕਿਸਤਾਨ ਵਿਚ 1998 ਵਿਚ ਕਰਵਾਈ ਗਈ ਜਨਗਣਨਾ ਅਨੁਸਾਰ ਪਾਕਿਸਤਾਨ ਦੀ ਆਬਾਦੀ 13.2 ਕਰੋੜ ਤੋਂ ਜ਼ਿਆਦਾ ਸੀ ।
'ਦੀ ਐਕਸਪ੍ਰੈਸ ਟ੍ਰਿਬਿਊਨ' ਦੀ ਰੀਪੋਰਟ ਅਨੁਸਾਰ 6ਵੀਂ ਜਨਸੰਖਿਆ ਅਤੇ ਆਵਾਸ ਜਨਗਣਨਾ 2017 ਦੇ ਅਸਥਾਈ ਨਤੀਜਿਆਂ ਮੁਤਾਬਕ ਪਾਕਿਸਤਾਨ ਦੀ ਆਬਾਦੀ ਵੱਧ ਕੇ 20.78 ਕਰੋੜ ਹੋ ਗਈ ਹੈ। 19 ਸਾਲਾਂ ਅੰਦਰ ਦੇਸ਼ ਦੀ ਆਬਾਦੀ ਵਿਚ 7.54 ਕਰੋੜ ਦਾ ਵਾਧਾ ਹੋਇਆ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸੀ.ਸੀ.ਆਈ. ਇਕ ਸੰਵਿਧਾਨਕ ਸੰਸਥਾ ਹੈ। ਇਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਚਾਰ ਮੁੱਖ ਮੰਤਰੀ ਇਸ ਦੇ ਮੈਂਬਰ ਹੁੰਦੇ ਹਨ। ਸੀ.ਸੀ.ਆਈ. ਨੇ ਅੱਜ ਜਨਗਣਨਾ ਦੇ ਅਸਥਾਈ ਅੰਕੜਿਆਂ ਨੂੰ ਮਨਜ਼ੂਰੀ ਦੇ ਦਿਤੀ। ਹਾਲਾਂਕਿ ਆਖਰੀ ਨਤੀਜੇ ਅਗਲੇ ਸਾਲ ਉਪਲੱਬਧ ਹੋਣਗੇ।
ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ (ਪੀ.ਬੀ.ਐਸ.) ਨੇ ਇਸ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਵਿਚ ਤਕਰੀਬਨ ਦੋ ਦਹਾਕਿਆਂ ਦੇ ਅੰਤਰਾਲ ਤੋਂ ਬਾਅਦ ਛੇਵੀਂ ਜਨਗਣਨਾ ਕਰਾਈ ਸੀ। ਇਸ 'ਚ ਖੈਬਰ ਪਖਤੂਨਖਵਾ, ਬਲੂਚਿਸਤਾਨ ਅਤੇ ਸੰਘ ਪ੍ਰਸ਼ਾਸਿਤ ਕਬਾਇਲੀ ਖੇਤਰ (ਫਾਟਾ) ਵਿਚ ਜਨਸੰਖਿਆ ਵਾਧਾ ਦਰ ਵਿਚ ਵਾਧਾ ਹੋਇਆ ਹੈ, ਜਦੋਂ ਕਿ ਪੰਜਾਬ ਅਤੇ ਸਿੰਧ ਵਿਚ ਪਿਛਲੇ ਨਤੀਜਿਆਂ ਦੇ ਮੁਕਾਬਲੇ ਜਨਸੰਖਿਆ ਵਾਧਾ ਦਰ ਵਿਚ ਗਿਰਾਵਟ ਆਈ ਹੈ।
ਇਕ ਖ਼ਬਰ ਅਨੁਸਾਰ ਨਤੀਜੇ ਦਰਸਾਉਂਦੇ ਹਨ ਕਿ ਖੈਬਰ ਪਖਤੂਨਖਵਾ ਵਿਚ 3.05 ਕਰੋੜ, ਫਾਟਾ ਵਿਚ 50 ਲੱਖ, ਸਿੰਧ ਵਿਚ 4.79 ਕਰੋੜ, ਬਲੂਚਿਸਤਾਨ ਵਿਚ 1.23 ਕਰੋੜ, ਇਸਲਾਮਾਬਾਦ ਵਿਚ 20 ਲੱਖ ਜਦੋਂ ਕਿ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡੇ ਸੂਬੇ ਪੰਜਾਬ ਵਿਚ 11 ਕਰੋੜ ਲੋਕ ਰਹਿੰਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਦੇਸ਼ ਦੀ ਜਨਗਣਨਾ ਸਮੇਂ ਨਾਲ ਪੂਰੀ ਕਰਨ ਨੂੰ ਲੈ ਕੇ ਕਾਨੂੰਨ ਪਰਿਵਰਤਨ ਏਜੰਸੀਆਂ ਦੀ ਸਰਾਹਨਾ ਕੀਤੀ। (ਪੀਟੀਆਈ)