
ਸਮੈਦਿਕ 'ਚ ਰਾਹ ਜਾਂਦੀ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖਿੱਚਣ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਚੋਰ ਨੂੰ ਦੋ ਸਾਲ, ...
ਲੰਡਨ, 25 ਅਗੱਸਤ (ਹਰਜੀਤ ਸਿੰਘ ਵਿਰਕ) : ਸਮੈਦਿਕ 'ਚ ਰਾਹ ਜਾਂਦੀ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖਿੱਚਣ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਚੋਰ ਨੂੰ ਦੋ ਸਾਲ, ਦੱਸ ਮਹੀਨੇ ਲਈ ਜੇਲ ਦੀ ਕਾਲਕੋਠੜੀ 'ਚ ਬੰਦ ਕਰ ਦਿਤਾ ਗਿਆ ਹੈ। ਵੂਲਵਰਹੈਪਟਨ ਕਰਾਊਨ ਕੋਰਟ 'ਚ ਪੇਸ਼ ਕੀਤੇ ਗਏ ਮੁਕੱਦਮੇ ਦੌਰਾਨ ਦਸਿਆ ਗਿਆ ਕਿ ਇੰਦਰਜੀਤ ਸਿੰਘ ਧਾਲੀਵਾਲ (40) ਬੀਅਰਵੁੱਡ ਵਾਸੀ ਨੇ ਇਕ ਔਰਤ ਦਾ ਪਿੱਛਾ ਕੀਤਾ।
ਇਹ ਔਰਤ ਆਪਣੀ ਕਿਸੇ ਸਹੇਲੀ ਨਾਲ ਬੱਸ ਚੋਂ ਉਤਰ ਕੇ ਚਰਚਹਿੱਲ ਸਟਰੀਟ ਵਲ ਜਾ ਰਹੀ ਸੀ। ਇੰਦਰਜੀਤ ਉਸ ਦੇ ਪਿੱਛੇ ਗਿਆ ਅਤੇ ਉਸ ਦੇ ਕੰਨਾਂ 'ਚੋਂ ਬੜੀ ਬੇਰਹਿਮੀ ਨਾਲ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਸਨ।
ਔਰਤ ਨੇ ਹਿੰਮਤ ਨਹੀਂ ਛੱਡੀ ਅਤੇ ਚੋਰ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੇ ਚੋਰ ਨੂੰ ਦਬੋਚ ਲੈਣਾ ਸੀ ਕਿ ਉਹ ਪੀੜਤ ਔਰਤ ਨੂੰ ਧੱਕਾ ਦੇ ਕੇ ਦੂਸਰੀ ਬੱਸ 'ਚ ਚੜ੍ਹ ਗਿਆ। ਪੁਲਿਸ ਨੇ ਜਦੋਂ ਉੱਥੇ ਲੱਗੇ ਗੁਪਤ ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰ ਦੀ ਸਨਾਖਤ ਹੋ ਗਈ। ਜੁਲਾਈ ਮਹੀਨੇ 'ਚ ਚੋਰ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ 'ਚ ਇੰਦਰਜੀਤ ਸਿੰਘ ਨੇ ਲੁੱਟਖੋਹ ਅਤੇ ਹਮਲਾ ਕਰਨ ਦੇ ਦੋਸ਼ ਮਨ ਲਏ। ਅਦਾਲਤ ਵਲੋਂ ਉਸ ਨੂੰ ਦੋ ਸਾਲ, ਦੱਸ ਮਹੀਨੇ ਦੀ ਸਖ਼ਤ ਸਜ਼ਾ ਸੁਣਾਈ ਗਈ।