
ਇਟਲੀ ਦੇ ਇਸਚੀਆ ਟਾਪੂ 'ਤੇ 4.0 ਤੀਬਰਤਾ ਦਾ ਭੂਚਾਲ ਆਉਣ ਕਾਰਨ ਮਚੀ ਤਬਾਹੀ 'ਚ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ 39 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਰੋਮ, 22 ਅਗੱਸਤ : ਇਟਲੀ ਦੇ ਇਸਚੀਆ ਟਾਪੂ 'ਤੇ 4.0 ਤੀਬਰਤਾ ਦਾ ਭੂਚਾਲ ਆਉਣ ਕਾਰਨ ਮਚੀ ਤਬਾਹੀ 'ਚ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ 39 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਭੂਚਾਲ ਕਾਰਨ ਕਈ ਮਕਾਨ ਡਿੱਗ ਗਏ, ਜਿਸ ਕਾਰਨ ਮਲਬੇ 'ਚ ਦਰਜਨਾਂ ਲੋਕ ਦਬ ਗਏ। ਪੀੜਤਾਂ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਮੰਗਲਵਾਰ ਤੜਕੇ 4 ਵਜੇ ਆਪਾਤ ਸੇਵਾ ਮੁਲਾਜ਼ਮਾਂ ਨੇ ਕਈ ਘੰਟੇ ਦੀ ਮਸ਼ੱਕਤ ਤੋਂ ਬਾਅਦ 7 ਮਹੀਨੇ ਦੇ ਬੱਚੇ ਨੂੰ ਬਚਾਅ ਲਿਆ। ਉਸ ਦੇ ਦੋ ਭਰਾ ਮਲਬੇ ਹੇਠ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਡੀਆ ਰੀਪੋਰਟ ਮੁਤਾਬਕ ਭੂਚਾਲ ਸੋਮਵਾਰ ਰਾਤ 9 ਵਜੇ ਆਇਆ ਸੀ ਅਤੇ ਜ਼ਿਆਦਾਤਰ ਲੋਕ ਉਸ ਸਮੇਂ ਖਾਣਾ ਖਾ ਰਹੇ ਸਨ। ਟਾਪੂ ਦੇ ਉੱਤਰ 'ਚ ਸਥਿਤ ਕੈਸਾਮਿਸੀਓਲਾ ਇਲਾਕਾ ਭੂਚਾਲ ਕਾਰਨ ਸੱਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇਥੇ ਕਈ ਮਕਾਨ ਢਹਿ ਗਏ। ਭੂਚਾਲ ਦਾ ਕੇਂਦਰ ਇਸਚੀਆ ਦੇ ਤਟੀ ਹਿੱਸੇ ਤੋਂ 10 ਕਿਲੋਮੀਟਰ ਦੀ ਡੁੰਘਾਈ 'ਚ ਦਸਿਆ ਹੈ। ਇਕ ਹੋਟਲ ਅਤੇ ਹਸਪਤਾਲ ਦੇ ਕੁੱਝ ਹਿੱਸਿਆਂ ਨੂੰ ਖ਼ਾਲੀ ਕਰਵਾ ਦਿਤਾ ਗਿਆ ਹੈ। ਰਿਜੋਲੀ ਹਸਪਤਾਲ ਦੇ ਇਕ ਡਾਕਟਰ ਰਾਬਟਰੇ ਕੇਲੋਕਾ ਨੇ ਸਮਾਚਾਰ ਚੈਨਲ 'ਸਕਾਈ ਟੀਜੀ24' ਨੂੰ ਦਸਿਆ ਕਿ ਹਸਪਤਾਲ ਦੇ ਮੈਦਾਨ 'ਚ ਬਣਾਏ ਗਏ ਅਸਥਾਈ ਆਪਾਤਕਾਲੀਨ ਕਮਰੇ 'ਚ ਮਾਮੂਲੀ ਰੂਪ ਨਾਲ ਜ਼ਖ਼ਮੀ ਲਗਭਗ 20 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਹਾਲਾਤ ਕਾਬੂ 'ਚ ਹਨ। ਮਲਬੇ ਹੇਠ ਦੱਬ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਵਿਅਕਤੀਆਂ ਨੂੰ ਮਲਬੇ ਹੇਠੋਂ ਕਢਿਆ ਗਿਆ।
ਜ਼ਿਕਰਯੋਗ ਹੈ ਕਿ ਇਸਚੀਆ ਟਾਪੂ ਨੂੰ ਇਟਲੀ ਦਾ 'ਹੋਲੀਡੇਅ ਆਈਲੈਂਡ' ਕਿਹਾ ਜਾਂਦਾ ਹੈ, ਜਿਥੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਮੱਧ ਇਟਲੀ ਦੇ ਐਮਾਟ੍ਰਿਸ 'ਚ 6.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ ਲਗਭਗ 300 ਲੋਕਾਂ ਦੀ ਮੌਤ ਹੋ ਗਈ ਸੀ। ਅਕਤੂਬਰ 2016 ਤੇ ਜਨਵਰੀ 2017 'ਚ ਉਸੇ ਖੇਤਰ 'ਚ ਤਿੰਨ ਹੋਰ ਭੂਚਾਲ ਆਏ ਸਨ। (ਪੀਟੀਆਈ)