
ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਮੰਗਲਵਾਰ ਨੂੰ ਦੋ ਦਿਨਾਂ ਦੌਰੇ 'ਤੇ ਬੀਜਿੰਗ ਪੁੱਜੇ। ਉਹ ਇਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ .....
ਬੀਜਿੰਗ : ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਮੰਗਲਵਾਰ ਨੂੰ ਦੋ ਦਿਨਾਂ ਦੌਰੇ 'ਤੇ ਬੀਜਿੰਗ ਪੁੱਜੇ। ਉਹ ਇਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ ਕਈ ਕੌਮਾਂਤਰੀ ਮੁੱਦਿਆਂ 'ਤੇ ਗੱਲਬਾਤ ਕਰਨ ਤੋਂ ਇਲਾਵਾ ਕੁੱਝ ਸਮਝੌਤੇ ਵੀ ਕਰ ਸਕਦੇ ਹਨ। ਸਾਲ 2011 'ਚ ਸੱਤਾ ਸੰਭਾਲਣ ਤੋਂ ਬਾਅਦ ਕਿਮ ਤੀਜੀ ਵਾਰ ਚੀਨ ਪਹੁੰਚੇ ਹਨ। ਉਨ੍ਹਾਂ ਦੇ ਤਿੰਨ ਦੌਰੇ ਪਿਛਲੇ ਚਾਰ ਮਹੀਨਿਆਂ 'ਚ ਹੋਏ ਹਨ। ਬੀਤੀ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕਿਮ ਜੋਂਗ ਦੀ ਕਿਸੇ ਰਾਸ਼ਟਰਪਤੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਕਿਮ ਜੋਂਗ ਅਮਰੀਕੀ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਬਾਰੇ ਜਿਨਪਿੰਗ ਨੂੰ ਜਾਣਕਾਰੀ ਦੇਣਗੇ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ 'ਸਿੰਹੁਆ' ਨੇ ਕਿਮ ਦੇ ਦੌਰੇ ਦੀ ਜਾਣਕਾਰੀ ਦਿਤੀ ਹੈ। ਕਿਮ ਪਹਿਲੀ ਵਾਰ ਮਾਰਚ ਵਿਚ ਟਰੇਨ ਤੋਂ ਚੀਨ ਪਹੁੰਚੇ ਸਨ। ਉਨ੍ਹਾਂ ਨੇ ਦੂਜਾ ਦੌਰਾ ਮਈ ਦੀ ਸ਼ੁਰੂਆਤ 'ਚ ਕੀਤਾ ਸੀ। ਜਦੋਂ ਮਾਰਚ 'ਚ ਉਨ੍ਹਾਂ ਦੌਰਾ ਕੀਤਾ ਸੀ ਤਾਂ ਉਹ ਕਾਫ਼ੀ ਗੁਪਤ ਰਖਿਆ ਗਿਆ ਸੀ। ਇਥੇ ਤਕ ਕਿ ਬੀਜਿੰਗ ਤੋਂ ਉਨ੍ਹਾਂ ਦੇ ਰਵਾਨਾ ਹੋਣ ਤਕ ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਲਗਾਤਾਰ ਪ੍ਰਮਾਣੂ ਪ੍ਰੀਖਣ ਕਾਰਨ ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ 'ਤੇ ਪਾਬੰਦੀ ਲਗਾ ਦਿਤੀ ਸੀ। ਇਸ ਮਗਰੋਂ ਅਮਰੀਕਾ ਦੇ ਦਬਾਅ 'ਚ ਚੀਨ ਨੇ ਵੀ ਉੱਤਰ ਕੋਰੀਆ ਨੂੰ ਕੋਲੇ ਅਤੇ ਤੇਲ ਦੀ ਸਪਲਾਈ ਰੋਕ ਦਿਤੀ ਸੀ। ਕਿਮ ਦੇ ਇਸ ਦੌਰੇ ਤੋਂ ਬਾਅਦ ਇਹ ਰੋਕ ਹਟਾਏ ਜਾਣ ਦੀ ਉਮੀਦ ਹੈ। 'ਸਾਊਥ ਚਾਈਨਾ ਮੋਰਨਿੰਗ ਪੋਸਟ' ਅਖ਼ਬਾਰ ਮੁਤਾਬਕ ਮੁਲਾਕਾਤ ਦੌਰਾਨ ਕਿਮ ਅਤੇ ਜਿਨਪਿੰਗ ਅੱਗੇ ਦੀ ਰਣਨੀਤੀ 'ਤੇ ਵੀ ਚਰਚਾ ਕਰਨਗੇ। ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕਿਮ ਨੇ ਐਲਾਨ ਕੀਤਾ ਸੀ ਕਿ ਉੱਤਰ ਕੋਰੀਆ ਪ੍ਰਮਾਣੂ ਹਥਿਆਰ ਖ਼ਤਮ ਕਰਨ ਲਈ ਤਿਆਰ ਹੋ ਗਿਆ ਹੈ। (ਪੀਟੀਆਈ)