
ਚੀਨ ਦੀ ਇਕ ਫੈਕਟਰੀ 'ਚ ਐਤਵਾਰ ਨੂੰ ਅੱਗ ਲੱਗਣ ਕਾਰਨ...
ਬੀਜਿੰਗ: ਚੀਨ ਦੀ ਇਕ ਫੈਕਟਰੀ 'ਚ ਐਤਵਾਰ ਨੂੰ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਹੋ ਗਿਆ। ਚੀਨ ਦੇ ਫੁਜ਼ਿਆਨ ਸੂਬੇ 'ਚ ਐਤਵਾਰ ਨੂੰ ਇਕ ਕਾਰਖ਼ਾਨੇ 'ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਅਨੁਸਾਰ ਸੈਨੇਟਰੀ ਪਲਾਂਟ 'ਚ ਅੱਗ ਲੱਗਣ ਬਾਰੇ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਨੂੰ ਰਾਤ 2.30 ਵਜੇ ਫੋਨ ਆਇਆ।
ਸਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਤੇ ਲੋਕਾਂ ਨੂੰ ਬਚਾਉਣ ਲਈ ਸਾਈਟ 'ਤੇ ਭੇਜਿਆ ਗਿਆ। ਅੱਗ ਚਾਰ ਵਜੇ ਤਕ ਬੁਝਾ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ 'ਚ ਚਾਰ ਲੋਕ ਮਾਰੇ ਗਏ ਜਦਕਿ ਤਿੰਨ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਫੈਕਟਰੀ ਸੱਤ ਮੰਜ਼ਿਲਾਂ ਇਮਰਾਤ ਦੀ ਪੰਜਵੀਂ ਮੰਜ਼ਿਲ 'ਚ ਸਥਿਤ ਸੀ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਚੀਨ ਦੀ ਇਕ ਫੈਕਟਰੀ 'ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਇਆ ਸੀ। ਚੀਨ ਦੇ ਪੂਰਬੀ ਇਲਾਕੇ 'ਚ ਇਕ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ ਸੀ।