
ਫਰਾਂਸ 'ਚ ਆਮ ਲੋਕ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ।
ਪੈਰਿਸ: ਇਸ ਸਮੇਂ ਯੂਰਪ ਮਹਿੰਗਾਈ ਨਾਲ ਜੂਝ ਰਿਹਾ ਹੈ। ਇੱਥੇ ਮਹਿੰਗਾਈ ਦਰ ਪਿਛਲੇ 11 ਸਾਲਾਂ ਵਿਚ 8.9% ਦੇ ਰਿਕਾਰਡ ਪੱਧਰ 'ਤੇ ਹੈ। ਫਰਾਂਸ ਮਹਿੰਗਾਈ ਨਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਫਰਾਂਸ 'ਚ ਆਮ ਲੋਕ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਇੰਨੀ ਤੇਜ਼ ਹੈ ਕਿ ਆਮ ਤਨਖਾਹ 'ਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ।
ਇਸ ਤੋਂ ਪਹਿਲਾਂ ਫਰਾਂਸ ਵਿਚ ਤੇਲ ਕੰਪਨੀਆਂ ਦੇ ਕਰਮਚਾਰੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਤਨਖਾਹ ਵਿਚ ਵਾਧੇ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਆਮ ਲੋਕ ਵੀ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਆ ਗਏ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਰਾਂਸ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਭ ਤੋਂ ਤੇਜ਼ ਪ੍ਰਦਰਸ਼ਨ ਪੈਰਿਸ ਵਿਚ ਦੇਖਣ ਨੂੰ ਮਿਲਿਆ। ਫਰਾਂਸ ਦੇ ਲਗਭਗ 30% ਗੈਸ ਸਟੇਸ਼ਨਾਂ ਵਿਚ ਪੈਟਰੋਲ ਦੀ ਕਮੀ ਹੈ। ਪੈਰਿਸ ਅਤੇ ਉੱਤਰੀ ਫਰਾਂਸ ਪੈਟਰੋਲ ਦੀ ਕਮੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਪੈਰਿਸ ਵਿਚ ਪ੍ਰਦਰਸ਼ਨ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਬੈਂਕ ਦੀ ਖਿੜਕੀ ਤੋੜ ਦਿੱਤੀ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਪੈਰਿਸ 'ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ। 8 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਕਲੇਮੈਂਟ ਬੌਇਨ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਾਰਨ ਅੱਧੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਥਾਵਾਂ 'ਤੇ ਬੱਸ ਸੇਵਾਵਾਂ ਨੂੰ ਵੀ ਬੰਦ ਕਰਨਾ ਪਿਆ। ਫਰਾਂਸ ਤੋਂ ਇਲਾਵਾ ਯੂਰੋਜ਼ੋਨ ਵਿਚ ਸ਼ਾਮਲ 19 ਦੇਸ਼ਾਂ ਵਿਚ ਵੀ ਇਹੀ ਸਥਿਤੀ ਹੈ।