
ਸੜਕ ਤੋਂ ਫਿਸਲ ਕੇ ਦਰੱਖ਼ਤ ਨਾਲ ਟਕਰਾਈ ਬੱਸ, 17 ਲੋਕਾਂ ਦੀ ਮੌਤ
ਬੈਂਕਾਕ : ਪੂਰਬੀ ਉਤਰੀ ਥਾਈਲੈਂਡ ਵਿਚ ਇਕ ਬੱਸ ਹਾਦਸਾ ਵਾਪਰਿਆ ਹੈ, ਜਿਸ ਵਿਚ 17 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਬੱਸ ਸੜਕ ਤੋਂ ਫਿਸਲ ਕੇ ਇਕ ਦਰਖਤ ਨਾਲ ਟਕਰਾ ਗਈ, ਜਿਸ ਵਿਚ ਘੱਟ ਤੋਂ ਘੱਟ 17 ਲੋਕ ਮਾਰੇ ਗਏ, ਜਦੋਂ ਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੱਲ੍ਹ ਸ਼ਾਮ ਭਾਵ ਬੁੱਧਵਾਰ ਨੂੰ ਥਾਈਲੈਂਡ ਦੇ ਨਖੋਨ ਰਤਚਾਸੀਮਾ ਸੂਬੇ ਵਿਚ ਹੋਇਆ।
bangkok bus accident 17 dead
ਇਸ ਡਬਲ ਡੈਕਰ ਬੱਸ ਰਾਹੀਂ ਕਰੀਬ 50 ਯਾਤਰੀ ਛੁੱਟੀਆਂ ਤੋਂ ਬਾਅਦ ਘਰ ਪਰਤ ਰਹੇ ਸਨ। ਸੂਬੇ ਦੀ ਐਮਰਜੈਂਸੀ ਮੈਡੀਕਲ ਸੇਵਾ ਦੇ ਇਕ ਅਧਿਕਾਰੀ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਹਾਦਸੇ ਵਿਚ ਫਿਲਹਾਲ 17 ਲੋਕਾਂ ਦੇ ਮਾਰੇ ਗਏ ਹਨ, ਜਦੋਂ ਕਿ 33 ਹੋਰ ਲੋਕ ਜ਼ਖ਼ਮੀ ਹੋਏ ਹਨ।
bangkok bus accident 17 dead
ਸਥਾਨਕ ਮੀਡੀਆ ਵਿਚ ਆਈਆਂ ਹਾਦਸੇ ਦੀਆਂ ਤਸਵੀਰਾਂ ਵਿਚ ਬੱਸ ਦਾ ਇਕ ਹਿੱਸਾ ਉਥੇ ਹੀ ਪਿਆ ਹੋਇਆ ਦਿਸ ਰਿਹਾ ਹੈ ਅਤੇ ਅਧਿਕਾਰੀ ਉਥੇ ਹੀ ਲਾਸ਼ਾਂ ਕੋਲ ਖੜ੍ਹੇ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਕਰੀਬ 10 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਨੇੜੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਸੂਬੇ ਦੇ ਐਮਰਜੈਂਸੀ ਜਾਂਚ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਹੇਠਾਂ ਵੱਲ ਉਤਰ ਰਹੀ ਬੱਸ 'ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ। ਇਸ ਨਾਲ ਬੱਸ ਫਿਸਲਦੀ ਹੋਈ ਇਕ ਦਰੱਖ਼ਤ ਨਾਲ ਜਾ ਟਕਰਾਈ। ਉਨ੍ਹਾਂ ਕਿਹਾ ਕਿ ਬੱਸ 2 ਹਿੱਸਿਆਂ ਵਿਚ ਵੰਡੀ ਗਈ ਸੀ। ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ ਸੀ।