ਅਮੀਰ ਮੁਲਕਾਂ ਨੂੰ ਵੀ ਭੁਖਮਰੀ ਦੀ ਸਮੱਸਿਆ ਨਾਲ ਹੋਣਾ ਪੈ ਰਿਹੈ ਦੋ-ਚਾਰ
ੌਟੋਰਾਂਟੋ : ਆਮ ਤੌਰ 'ਤੇ ਅਮੀਰ ਦੇਸ਼ਾਂ ਵਿਚਲੀ ਖੁਸ਼ਹਾਲੀ ਦੇ ਕਿੱਸੇ ਹੀ ਪੜ੍ਹਣ-ਸੁਣਨ ਨੂੰ ਜ਼ਿਆਦਾ ਮਿਲਦੇ ਹਨ। ਇਹੀ ਕਾਰਨ ਹੈ ਕਿ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਵਾਸੀ ਪੱਛਮੀ ਦੇਸ਼ਾਂ ਵੱਲ ਖੁਸ਼ਹਾਲ ਜੀਵਨ ਦੇ ਸੁਪਨੇ ਸਮੋਈ ਵਹੀਰਾ ਘੱਤੀ ਜਾ ਰਹੇ ਹਨ। ਪਰ ਹਕੀਕਤ 'ਚ ਰੋਟੀ ਦਾ ਮਸਲਾ ਹਰ ਥਾਂ ਮੌਜੂਦ ਹਨ। ਇਸ ਦਾ ਖ਼ੁਲਾਸਾ ਹੁਣੇ-ਹੁਣੇ ਸਾਹਮਣੇ ਆਈ ਇਕ ਰਿਪੋਰਟ ਤੋਂ ਵੀ ਹੁੰਦਾ ਹੈ।
ਰੀਪੋਰਟ ਮੁਤਾਬਕ ਕੈਨੇਡਾ ਵਿਚ 5 ਲੱਖ ਤੋਂ ਵਧੇਰੇ ਬਾਲਗਾਂ 'ਤੇ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ 'ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਅਧਿਐਨ ਮੁਤਾਬਕ ਕੈਂਸਰ ਨੂੰ ਛੱਡ ਕੈਨੇਡਾ ਅੰਦਰ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਪਿੱਛੇ ਵੱਡਾ ਕਾਰਨ ਭੁੱਖ ਨਾਲ ਸਬੰਧਤ ਸੀ। ਰੀਪੋਰਟ ਮੁਤਾਬਕ ਅਮੀਰ ਮੁਲਕਾਂ ਅੰਦਰ ਜਿਹੜੇ ਲੋਕਾਂ ਨੂੰ ਨਿਯਮਤ ਭੋਜਨ ਨਹੀਂ ਮਿਲਦਾ, ਉਨ੍ਹਾਂ ਦੇ ਜਲਦੀ ਮਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ।
ਕੈਨੇਡਾ ਦੇ ਮੈਡੀਕਲ ਐਸੋਸੀਏਸ਼ਨ ਪੱਤਰਿਕਾ 'ਚ ਛਪੇ ਇਸ ਅਧਿਐਨ ਮੁਤਾਬਕ ਅਮੀਰ ਦੇਸ਼ ਵੀ ਭੁੱਖਮਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇੱਥੇ ਵੀ ਲੋਕ ਭੁੱਖਮਰੀ ਕਾਰਨ ਮਰ ਰਹੇ ਹਨ। ਰੀਪੋਰਟ ਦਸਦੀ ਹੈ ਕਿ ਛੂਤ ਦੀਆਂ ਬਿਮਾਰੀਆਂ, ਅਚਾਨਕ ਲੱਗੀ ਸੱਟ ਜਾਂ ਖ਼ੁਦਕੁਸ਼ੀ ਵਰਗੇ ਕਾਰਨਾਂ ਦੀ ਬਜਾਏ ਕੈਨੇਡਾ ਵਿਚ ਭੁੱਖਮਰੀ ਕਾਰਨ ਜ਼ਿਆਦਾ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।
ਰੀਪੋਰਟ ਦੇ ਲੇਖਕ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਫੇਈ ਮੇਨ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਆਮ ਤੌਰ 'ਤੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਪਾਏ ਜਾਂਦੇ ਹਨ। ਅੰਕੜਿਆਂ ਮੁਤਾਬਕ ਕੈਨੇਡਾ ਵਰਗੇ ਅਮੀਰ ਦੇਸ਼ ਅੰਦਰ ਵੀ 40 ਲੱਖ ਤੋਂ ਵਧੇਰੇ ਲੋਕਾਂ ਨੂੰ ਲੋੜੀਂਦੇ ਭੋਜਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਵਿਚ ਮਜ਼ਬੂਰੀ ਵੱਸ ਇਕ ਵਕਤ ਦਾ ਭੋਜਨ ਛੱਡਣਾ ਜਾਂ ਭੋਜਨ ਦੀ ਮਾਤਰਾ ਤੇ ਗੁਣਵੱਤਾ ਨਾਲ ਸਮਝੌਤਾ ਕਰਨਾ ਵੀ ਸ਼ਾਮਲ ਹੈ।
ਅਧਿਐਨ ਮੁਤਾਬਕ ਕੈਨੇਡਾ 'ਚ 5 ਲੱਖ ਬਾਲਗਾਂ ਵਿਚੋਂ 25,000 ਤੋਂ ਵਧੇਰੇ ਲੋਕ ਔਸਤ 82 ਸਾਲ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਚਲੇ ਜਾਂਦੇ ਹਨ। ਅਧਿਐਨ ਮੁਤਾਬਕ ਦੁਨੀਆਂ ਦੇ ਹਰ ਉਮਰ ਵਰਗ ਦੇ ਲੋਕਾਂ ਵਿਚੋਂ 80 ਕਰੋੜ ਲੋਕ ਲਗਾਤਾਰ ਭੁੱਖ ਦਾ ਸਾਹਮਣਾ ਕਰ ਰਹੇ ਹਨ ਜਦਕਿ 2 ਕਰੋੜ ਲੋੜ ਤੋਂ ਵਧੇਰੇ ਭੋਜਨ ਦੀ ਵਰਤੋਂ ਕਰ ਰਹੇ ਹਨ।
ੰੋਸੰਯੁਕਤ ਰਾਸ਼ਟਰ ਅਨੁਸਾਰ ਵੀ ਦੁਨੀਆ ਭਰ ਵਿਚ 2 ਅਰਬ ਲੋਕ ਲੋੜੀਂਦੇ ਪੋਸ਼ਟਿਕ ਅਹਾਰ ਤੋਂ ਵਾਂਝੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਹਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ ਹੀ ਇਕ ਅਧਿਐਨ 2019 ਵਿਚ ਅਮਰੀਕਾ ਵਿਖੇ ਵੀ ਹੋਇਆ ਸੀ, ਜਿਸ ਵਿਚ ਲੋੜੀਂਦੇ ਭੋਜਨ ਦੀ ਅਣਹੋਦ ਨੂੰ ਵੀ ਮੌਤ ਲਈ ਜ਼ਿੰਮੇਵਾਰ ਦਸਿਆ ਗਿਆ ਸੀ।