
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਦੁਨੀਆ ਦੇ ਸਭ ਤੋਂ ਵੱਡੇ ਦੀਪ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਇੱਛਾ ਜ਼ਾਹਰ ਕਰ ਦਿੱਤੀ।
ਵਾਸ਼ਿੰਗਟਨ: ਅਮਰੀਕਾ ਦੀਆਂ ਹਰਕਤਾਂ ਤੋਂ ਲਗਭਗ ਸਾਰੇ ਦੇਸ਼ ਜਾਣੂ ਹਨ ਕਿ ਕਿਵੇਂ ਉਹ ਆਨੀ ਬਹਾਨੀ ਛੋਟੇ ਦੇਸ਼ਾਂ ਨੂੰ ਮਦਦ ਦੇਣ ਦੇ ਭਰੋਸੇ ਦੀ ਆੜ ਵਿਚ ਉਥੋਂ ਦੇ ਕੀਮਤੀ ਖ਼ਜ਼ਾਨਿਆਂ ਦੀ ਲੁੱਟ ਖਸੁੱਟ ਕਰਦਾ ਹੈ। ਇਰਾਕ ਸਮੇਤ ਬਹੁਤ ਸਾਰੇ ਦੇਸ਼ਾਂ ਨਾਲ ਅਜਿਹਾ ਹੋ ਚੁੱਕਿਆ ਹੈ। ਹੁਣ ਫਿਰ ਅਮਰੀਕੀ ਰਾਸ਼ਟਰਪਤੀ ਨੇ ਇਕ ਅਜਿਹੀ ਹਰਕਤ ਦਿਖਾ ਦਿੱਤੀ ਹੈ, ਜਿਸ ਨੂੰ ਦੇਖ ਕੇ ਵਿਸ਼ਵ ਦੇ ਕਈ ਦੇਸ਼ ਹੈਰਾਨ ਹਨ।
Greenland
ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਦੁਨੀਆ ਦੇ ਸਭ ਤੋਂ ਵੱਡੇ ਦੀਪ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਇੱਛਾ ਜ਼ਾਹਰ ਕਰ ਦਿੱਤੀ। ਟਰੰਪ ਦੇ ਇਸ ਬਿਆਨ 'ਤੇ ਜਿੱਥੇ ਕਈ ਲੋਕਾਂ ਵੱਲੋਂ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ, ਉਥੇ ਹੀ ਬਹੁਤ ਸਾਰਿਆਂ ਵੱਲੋਂ 'ਤਾਕਤ ਦਾ ਨਸ਼ਾ' ਕਹਿ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਧਰ ਗ੍ਰੀਨਲੈਂਡ ਦੇ ਅਧਿਕਾਰੀਆਂ ਨੇ ਟਰੰਪ ਦੇ ਬਿਆਨ ਦਾ ਕਰਾਰਾ ਜਵਾਬ ਦਿੰਦਿਆਂ ਆਖਿਆ ਹੈ ਕਿ ''ਅਸੀਂ ਵਪਾਰ ਲਈ ਖੁੱਲ੍ਹੇ ਤੌਰ 'ਤੇ ਤਿਆਰ ਹਾਂ ਪਰ ਤੁਹਾਨੂੰ ਦੱਸ ਦਈਏ ਕਿ ਅਸੀਂ ਵਿਕਾਊ ਨਹੀਂ।''
Donald Trump
ਖ਼ਾਸ ਗੱਲ ਇਹ ਹੈ ਕਿ ਅਮਰੀਕਾ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਇੱਛਾ ਪਹਿਲੀ ਵਾਰ ਨਹੀਂ ਜਤਾਈ ਇਸ ਤੋਂ ਪਹਿਲਾਂ 1860 ਵਿਚ ਵੀ ਇਸ ਨੂੰ ਲੈ ਕੇ ਚਰਚਾ ਹੋਈ ਸੀ। ਉਸ ਸਮੇਂ ਐਂਡ੍ਰਿਯੂ ਜਾਨਸਨ ਅਮਰੀਕਾ ਦੇ ਰਾਸ਼ਟਰਪਤੀ ਸਨ ਫਿਰ 1867 ਵਿਚ ਵੀ ਅਮਰੀਕੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਵਿਚ ਗ੍ਰੀਨਲੈਂਡ ਦਾ ਜ਼ਿਕਰ ਕਰਦਿਆਂ ਇਸ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੱਸਿਆ ਗਿਆ ਸੀ। ਇਸ ਦੇ ਕਈ ਸਾਲਾਂ ਬਾਅਦ ਸਾਬਕਾ ਰਾਸ਼ਟਰਪਤੀ ਹੈਰੀ ਐਸ ਹਿਊਟਮੈਨ ਨੇ ਵੀ ਡੈਨਮਾਰਕ ਨੂੰ ਖ਼ਰੀਦਣ ਲਈ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਸੀ। ਉਦੋਂ ਅਮਰੀਕੀ ਰਾਸ਼ਟਰਪਤੀ ਵੱਲੋਂ ਗ੍ਰੀਨਲੈਂਡ ਦੇ ਬਦਲੇ ਅਲਾਸਕਾ ਦਾ ਕੁੱਝ ਹਿੱਸਾ ਦੇਣ 'ਤੇ ਵੀ ਵਿਚਾਰ ਕੀਤਾ ਗਿਆ ਸੀ।
Denmark is a very special country with incredible people, but based on Prime Minister Mette Frederiksen’s comments, that she would have no interest in discussing the purchase of Greenland, I will be postponing our meeting scheduled in two weeks for another time....
— Donald J. Trump (@realDonaldTrump) August 20, 2019
ਹੁਣ ਆਓ ਤੁਹਾਨੂੰ ਦਸਦੇ ਆਂ ਕਿ ਆਖ਼ਰਕਾਰ ਅਮਰੀਕਾ ਲਈ ਕਿਉਂ ਇੰਨਾ ਅਹਿਮ ਹੈ ਗ੍ਰੀਨਲੈਂਡ
ਅਮਰੀਕਾ ਦੇ ਸਮੁੰਦਰ ਤੱਟ ਤੋਂ ਕਾਫ਼ੀ ਦੂਰ ਉਤਰ ਵਿਚ ਮੌਜੂਦ ਅਮਰੀਕੀ ਫ਼ੌਜ ਦਾ ਟੂਲੀ ਹਵਾਈ ਅੱਡਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਮਰੀਕਾ ਲਈ ਅੱਜ ਵੀ ਗ੍ਰੀਨਲੈਂਡ ਕਾਫ਼ੀ ਅਹਿਮ ਹੈ। ਉਂਝ ਬਹੁਤ ਸਾਰੇ ਅਮਰੀਕੀ ਲੋਕ ਟਰੰਪ ਦੇ ਬਿਆਨ ਦਾ ਇਸ ਲਈ ਸਮਰਥਨ ਕਰਦੇ ਨੇ ਕਿਉਂਕਿ ਇਸ ਟਾਪੂ 'ਤੇ ਚੀਨ ਦੀ ਵੀ ਨਜ਼ਰ ਹੈ। ਆਰਕਟਿਕ ਸਰਕਲ ਤੋਂ ਬੀਜਿੰਗ ਦੀ ਦੂਰੀ 3 ਹਜ਼ਾਰ ਕਿਲੋਮੀਟਰ ਐ ਪਰ ਚੀਨ ਉਥੇ ਨਿਵੇਸ਼ ਦੇ ਨਵੇਂ ਮੌਕੇ ਲੱਭ ਰਿਹਾ ਹੈ।
Greenland
ਚੀਨ ਨੇ ਸਮਾਨ ਦੀ ਆਵਾਜਾਈ ਦੇ ਰਸਤੇ ਬਣਾਉਣ ਲਈ ਬਰਫ਼ 'ਤੇ ਚੱਲਣ ਵਾਲੇ ਜਹਾਜ਼ ਵੀ ਖ਼ਰੀਦ ਲਏ ਹਨ, ਜਿਨ੍ਹਾਂ ਵਿਚ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਆਈਸਬ੍ਰੇਕਰਜ਼ ਵੀ ਸ਼ਾਮਲ ਹਨ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਚੀਨ ਦੀ ਨਜ਼ਰ ਗ੍ਰੀਨਲੈਂਡ 'ਤੇ ਟਿਕੀ ਹੋਈ ਹੈ ਪਰ ਅਮਰੀਕਾ ਨਹੀਂ ਚਾਹੁੰਦਾ ਕਿ ਉਥੇ ਚੀਨ ਦਾ ਕੋਈ ਦਖ਼ਲ ਹੋਵੇ। ਇਸ ਤੋਂ ਉਸ ਨੇ ਇਸ ਦੇਸ਼ ਨੂੰ ਖ਼ਰੀਦਣ ਦਾ ਹੀ ਪ੍ਰਸਤਾਵ ਰੱਖ ਦਿੱਤਾ। ਗ੍ਰੀਨਲੈਂਡ ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜ਼ਮੀਨੀ ਭਾਗ ਅਤੇ ਦੁਨੀਆ ਦਾ ਸਭ ਤੋਂ ਵੱਡਾ ਦੀਪ ਹੈ। ਇਸ ਦਾ ਖੇਤਰਫ਼ਲ ਇੰਗਲੈਂਡ ਤੋਂ ਕਰੀਬ 10 ਗੁਣਾ ਵੱਡਾ ਹੈ। 20 ਲੱਖ ਵਰਗ ਕਿਲੋਮੀਟਰ ਦਾ ਇਹ ਇਲਾਕਾ ਪੱਥਰਾਂ ਨਾਲ ਭਰਿਆ ਹੋਇਆ ਹੈ ਅਤੇ ਬਰਫ਼ ਦੀ ਚਾਦਰ ਨਾਲ ਢਕਿਆ ਰਹਿੰਦਾ ਹੈ। ਇੰਨਾ ਵੱਡਾ ਖੇਤਰਫ਼ਲ ਹੋਣ ਦੇ ਬਾਵਜੂਦ ਇੱਥੇ ਮਹਿਜ਼ 57 ਹਜ਼ਾਰ ਲੋਕ ਰਹਿੰਦੇ ਹਨ।
Greenland
ਗ੍ਰੀਨਲੈਂਡ ਇਕ ਸਵੈ ਸਾਸ਼ਤ ਦੇਸ਼ ਹੈ। ਉਸ ਦੀ ਅਪਣੀ ਵੱਖਰੀ ਸਰਕਾਰ ਹੈ, ਜਿਸ 'ਤੇ ਡੈਨਮਾਰਕ ਦਾ ਕੰਟਰੋਲ ਹੈ। ਗ੍ਰੀਨਲੈਂਡ ਦੇ ਬਜਟ ਦਾ ਦੋ ਤਿਹਾਈ ਹਿੱਸਾ ਡੈਨਮਾਰਕ ਹੀ ਦਿੰਦਾ ਹੈ। ਬਾਕੀ ਦੀ ਆਮਦਨ ਦਾ ਮੂਲ ਸਰੋਤ ਮੱਛੀ ਉਦਯੋਗ ਹੈ। ਗ੍ਰੀਨਲੈਂਡ ਵਿਚ ਕੋਲਾ, ਤਾਂਬਾ, ਜਿਸਤ ਅਤੇ ਲੋਹ ਪਦਾਰਥਾਂ ਦੇ ਬਹੁਤ ਸਾਰੇ ਕੁਦਰਤੀ ਸਰੋਤ ਹਨ, ਜਿਸ ਕਾਰਨ ਕਈ ਕੰਪਨੀਆਂ ਇਸ ਇਲਾਕੇ ਵਿਚ ਦਿਲਚਸਪੀ ਦਿਖਾਉਂਦੀਆਂ ਹਨ।
Donald Trump
ਫਿਲਹਾਲ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਪੀਐਮ ਸਮੇਤ ਉਥੋਂ ਦੇ ਲੋਕਾਂ ਨੇ ਡੋਨਾਲਡ ਟਰੰਪ ਨੂੰ ਕਰਾਰਾ ਜਵਾਬ ਦੇ ਕੇ ਦੁਨੀਆ ਨੂੰ ਦਿਖਾ ਦਿੱਤੈ ਕਿ ਅਮਰੀਕਾ ਹਰ ਜਗ੍ਹਾ ਅਪਣੀ ਮਰਜ਼ੀ ਨਹੀਂ ਚਲਾ ਸਕਦਾ। ਬੇਸ਼ੱਕ ਅਮਰੀਕਾ ਤਾਕਤਵਰ ਦੇਸ਼ ਹੈ ਪਰ ਅਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਉਸ ਨੂੰ ਕੋਈ ਅਧਿਕਾਰ ਨਹੀਂ। ਕੁੱਝ ਲੋਕ ਤਾਂ ਇਹ ਵੀ ਕਹਿ ਰਹੇ ਕਿ ਟਰੰਪ ਬੇਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ ਪਰ ਉਹ ਅਜੇ ਵੀ ਪੂਰੀ ਤਰ੍ਹਾਂ ਲੋਕ ਨੇਤਾ ਨਹੀਂ ਬਣ ਸਕੇ, ਉਨ੍ਹਾਂ ਦੀ ਸੋਚ ਅਜੇ ਵੀ ਇਕ ਵਪਾਰੀ ਵਾਲੀ ਹੀ ਹੈ ਜੋ ਹਰ ਚੀਜ਼ ਨੂੰ ਅਪਣੇ ਫ਼ਾਇਦੇ ਲਈ ਖ਼ਰੀਦਣ ਦੀ ਸੋਚਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।