
ਪਾਕਿਸਤਾਨ ਕਾਰ ਸੇਵਾ ਕਮੇਟੀ ਯੂਕੇ ਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣੇ ਗੁਰਦਵਾਰਾ ਬਾਲ ਲੀਲਾ ਦੀ ਸ਼ਾਨਦਾਰ ਇਮਾਰਤ ਪਾਕਿ ਪ੍ਰਬੰਧਕ ਕਮੇਟੀ ਤੇ ਔਕਾਫ਼ ਬੋਰਡ.........
ਨਨਕਾਣਾ ਸਾਹਿਬ (ਪਾਕਿਸਤਾਨ) : ਪਾਕਿਸਤਾਨ ਕਾਰ ਸੇਵਾ ਕਮੇਟੀ ਯੂਕੇ ਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣੇ ਗੁਰਦਵਾਰਾ ਬਾਲ ਲੀਲਾ ਦੀ ਸ਼ਾਨਦਾਰ ਇਮਾਰਤ ਪਾਕਿ ਪ੍ਰਬੰਧਕ ਕਮੇਟੀ ਤੇ ਔਕਾਫ਼ ਬੋਰਡ ਦੇ ਸਪੁਰਦ ਕਰ ਦਿਤੀ ਗਈ। ਪਹਿਲੀ ਪਾਤਿਸਾਹ ਗੁਰੂ ਨਾਨਕ ਦੇਵ ਜੀ ਦੇ 549ਵੇਂ ਗੁਰਪੁਰਬ ਨੂੰ ਸਮਰਪਿਤ ਤੇ ਗੁਰਦਵਾਰਾ ਬਾਲ ਲੀਲਾ ਸਾਹਿਬ ਵਿਖੇ ਸਮਾਗਮ ਕਰਵਾਏ ਗਏ। ਇਸ ਮੌਕੇ ਪਾਕਿਸਤਾਨ ਕਾਰ ਸੇਵਾ ਕਮੇਟੀ ਮੁਖੀ ਭਾਈ ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਭਾਈ ਜੋਗਾ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਲੱਖਾ ਸਿੰਘ ਗੁਰੂ ਕੇ ਬਾਗ਼ ਵਾਲਿਆਂ ਨੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਵੱਡੇ ਇਕੱਠ ਮੌਕੇ ਕੀਤਾ ਗਿਆ
ਤੇ ਸਮੁੱਚੇ ਪ੍ਰਬੰਧ ਦੀ ਹਾਜ਼ਰੀ ਦੌਰਾਨ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੀਆਂ ਚਾਬੀਆਂ ਮਹਿਕਮਾ ਔਕਾਫ਼ ਬੋਰਡ ਤੇ ਸੈਕਟਰੀ ਤਾਰੀਖ਼ ਵਜ਼ੀਰ ਨੂੰ ਸੌਂਪੇ ਜਾਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਗੁਰਦਵਾਰਾ ਜਨਮ ਅਸਥਾਨ ਦੇ ਹੈੱਡ ਗ੍ਰੰਥੀ ਭਾਈ ਦਿਆ ਸਿੰਘ ਵੀ ਹਾਜ਼ਰ ਸਨ। ਗੁਰੂ ਨਾਨਕ ਪਾਤਿਸਾਹ ਦੇ ਬਾਲ ਲੀਲਾ ਨਾਲ ਸਬੰਧਤ ਗੁਰਦਵਾਰਾ ਬਾਲ ਲੀਲਾ ਦੀ 1947 ਤੋਂ ਪਹਿਲਾ ਦੀ ਖ਼ਸਤਾ ਹਾਲਤ ਇਮਾਰਤ ਦੀ ਕਾਰ ਸੇਵਾ ਸੰਨ 2009 ਵਿਚ ਸ਼ੁਰੂ ਹੋਈ ਜਿਸ 'ਤੇ ਵਿਦੇਸ਼ੀ ਸੰਗਤਾਂ ਵਲੋਂ ਲੱਖਾਂ ਪੌਂਡਾਂ ਡਾਲਰਾਂ ਦੇ ਖ਼ਰਚ ਤੋਂ ਬਾਅਦ ਅੱਜ ਸੰਗਤਾਂ ਨੂੰ ਅਰਪਿਤ ਕੀਤੀ ਗਈ।
ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਸ-ਭਿੰਨਾ ਕੀਰਤਨ ਕੀਤਾ ਗਿਆ। ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਦੀ ਆਮਦ ਨੂੰ ਵੱਧ ਤੋਂ ਵੱਧ ਵਿਛੜੇ ਗੁਰੂਧਾਮਾਂ ਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ । ਇਸ ਮੌਕੇ ਪ੍ਰੋ. ਕਲਿਆਣ ਸਿੰਘ, ਭਾਈ ਬਲਵਿੰਦਰ ਸਿੰਘ ਨੰਨੂ, ਸਤਨਾਮ ਸਿੰਘ ਸਾਊਥਾਲ, ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਟੇਜ ਸਕੱਤਰ ਸ. ਜਸਵੰਤ ਸਿੰਘ ਰੰਧਾਵਾ, ਬਲਜੀਤ ਸਿੰਘ ਸਾਊਥਾਲ,ਸ. ਜਤਿੰਦਰ ਸਿੰਘ, ਸ. ਸਤਨਾਮ ਸਿੰਘ ਗਰੈਵਜੈਡ,ਬਾਬਾ ਪ੍ਰੇਮ ਸਿੰਘ, ਸਰਬਜੀਤ ਸਿੰਘ ਬਨੂੜ ਨੂੰ ਵਿਸ਼ੇਸ਼ ਸਨਮਾਨਤ ਕੀਤਾ ਗਿਆ। (ਪੀ.ਟੀ.ਆਈ)