
ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ
ਮਾਸਕੋ: ਯੂਕਰੇਨ ਨਾਲ ਲਗਦੀ ਸਰਹੱਦ ਨੇੜੇ ਬੇਲਗੋਰੋਡ ਖੇਤਰ ’ਚ ਬੁਧਵਾਰ ਨੂੰ ਰੂਸ ਦਾ ਇਕ ਫੌਜੀ ਆਵਾਜਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਯੂਕਰੇਨ ਦੇ 65 ਜੰਗੀ ਫੌਜੀ, ਚਾਲਕ ਦਲ ਦੇ 6 ਮੈਂਬਰ ਅਤੇ 3 ਹੋਰ ਸਵਾਰ ਸਨ। ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਰੂਸ ਗਵਰਨਰ ਨੇ ਕਿਹਾ ਹੈ ਕਿ ਜਹਾਜ਼ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਾਦਸਾਗ੍ਰਸਤ ਹੋਇਆ।
ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ 'ਤੇ ਇਸ ਫੌਜੀ ਕਾਰਗੋ ਜਹਾਜ਼ ਨੂੰ ਮਾਰ ਸੁੱਟਣ ਦਾ ਦੋਸ਼ ਲਾਇਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਜੰਗੀ ਕੈਦੀਆਂ ਨੂੰ ਕੈਦੀਆਂ ਦੇ ਆਦਾਨ-ਪ੍ਰਦਾਨ ਲਈ ਬੇਲਗੋਰੋਡ ਖੇਤਰ ਲਿਜਾਇਆ ਜਾ ਰਿਹਾ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਕ ਵਿਸ਼ੇਸ਼ ਫੌਜੀ ਕਮਿਸ਼ਨ ਮੌਕੇ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਬੁਧਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਰੂਸ ਦੇ ਇਕ ਵੱਡੇ ਮਿਜ਼ਾਈਲ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 130 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਹਮਲਾ ਯੂਕਰੇਨ ਦੀ ਹਵਾਈ ਰੱਖਿਆ ਨੂੰ ਪ੍ਰਭਾਵਤ ਕਰਨ ਲਈ ਕੀਤਾ ਗਿਆ ਸੀ।
ਯੂਕਰੇਨ ’ਤੇ ਰੂਸ ਦੇ ਹਮਲੇ ਨੂੰ 700 ਦਿਨ ਹੋ ਗਏ ਹਨ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤਾ, ‘‘ਮੰਗਲਵਾਰ ਤੜਕੇ 40 ਤੋਂ ਵੱਧ ਬੈਲਿਸਟਿਕ ਕਰੂਜ਼ ਐਂਟੀ-ਏਅਰਕ੍ਰਾਫਟ ਅਤੇ ਗਾਈਡੇਡ ਮਿਜ਼ਾਈਲਾਂ ਨੇ ਯੂਕਰੇਨ ਦੇ ਤਿੰਨ ਸ਼ਹਿਰਾਂ ’ਚ 130 ਰਿਹਾਇਸ਼ੀ ਇਮਾਰਤਾਂ ’ਤੇ ਹਮਲਾ ਕੀਤਾ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਸ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਰਕਿਵ ’ਚ ਹਮਲਾ ਤੇਜ਼ ਕਰ ਦਿਤਾ ਹੈ। ਇਸ ਕਾਰਨ ਜ਼ੇਲੈਂਸਕੀ ਨੂੰ ਅਪਣੇ ਪਛਮੀ ਸਹਿਯੋਗੀਆਂ ਨੂੰ ਵਧੇਰੇ ਫੌਜੀ ਮਦਦ ਦੀ ਅਪੀਲ ਕਰਨੀ ਪਈ।
ਜ਼ੇਲੈਂਸਕੀ ਨੇ ਮੰਗਲਵਾਰ ਦੇਰ ਰਾਤ ‘ਐਕਸ’ ’ਤੇ ਪੋਸਟ ਕੀਤਾ, ‘‘ਇਸ ਸਾਲ ਮੁੱਖ ਤਰਜੀਹ ਸਾਡੇ ਸ਼ਹਿਰਾਂ ਅਤੇ ਕਸਬਿਆਂ ਦੀ ਰਖਿਆ ਲਈ ਹਵਾਈ ਰਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਫਰੰਟਲਾਈਨ ਨੂੰ ਮਜ਼ਬੂਤ ਕਰਨਾ ਹੈ।’’