
ਬਿਜਲੀ ਬਚਾਉਣ ਅਤੇ ਸਟ੍ਰੀਟ ਲਾਈਟਾਂ 'ਸਮਾਰਟ' ਬਣਾਉਣ ਦੇ ਪ੍ਰਾਜੈਕਟ ਲਈ ਕੀਤਾ ਸਨਮਾਨਿਤ
ਦੁਬਈ : ਦੁਬਈ ਵਿਚ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਵੱਕਾਰੀ ਕੌਮਾਂਤਰੀ ਵਿਗਿਆਨ ਮੇਲਾ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਉਸ ਨੇ 100 ਖੇਤਰੀ ਪ੍ਰਤੀਯੋਗੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਰਤੀ ਨੌਜਵਾਨ ਨੂੰ ਉਸ ਦੇ ਬਿਜਲੀ ਦੀ ਬਰਬਾਦੀ 'ਤੇ ਲਗਾਮ ਲਗਾਉਣ ਅਤੇ ਸਟ੍ਰੀਟ ਲਾਈਟਾਂ 'ਸਮਾਰਟ' ਬਣਾਉਣ ਦੇ ਪ੍ਰਾਜੈਕਟ ਲਈ ਪਹਿਲਾ ਸਥਾਨ ਮਿਲਿਆ। ਇਕ ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ।
Google Science Fair global contest
ਇਕ ਅੰਗਰੇਜ਼ੀ ਅਖਬਾਰ ਨੇ ਸਨਿਚਰਵਾਰ ਨੂੰ ਅਪਣੀ ਰੀਪੋਰਟ ਵਿਚ ਕਿਹਾ ਕਿ ਦੁਬਈ ਦੇ ਇੰਡੀਅਨ ਹਾਈ ਸਕੂਲ ਵਿਚ 11ਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਕਰੀਮ ਨੂੰ 'ਗੂਗਲ ਸਾਇੰਸ ਫੇਅਰ ਗਲੋਬਲ ਕੌਨਟੈਸਟ' ਲਈ ਚੁਣਿਆ ਗਿਆ। ਇਸ ਮੁਕਾਬਲੇ ਲਈ ਆਈਆਂ ਹਜ਼ਾਰਾਂ ਐਂਟਰੀਆਂ ਵਿਚੋਂ ਸ਼ਾਮਿਲ ਦੀ ਚੋਣ ਕੀਤੀ ਗਈ। ਰੀਪੋਰਟ ਮੁਤਾਬਕ ਸ਼ਾਮਿਲ ਨੇ ਅਪਣੇ ਪ੍ਰਾਜੈਕਟ ਜ਼ਰੀਏ ਦਸਿਆ ਕਿ ਜੇਕਰ ਕੋਈ ਕਾਰ ਜਾਂ ਵਿਅਕਤੀ ਕਿਸੇ ਰਸਤੇ ਤੋਂ ਲੰਘ ਰਿਹਾ ਹੈ ਤਾਂ ਉਸ ਦੇ ਅੱਗੇ ਦੇ ਰਸਤੇ 'ਤੇ ਰੋਸ਼ਨੀ ਖੁਦ ਹੀ ਤੇਜ਼ ਹੋ ਜਾਂਦੀ ਹੈ ਅਤੇ ਉਸ ਦੇ ਪਿੱਛੇ ਦੀ ਰੋਸ਼ਨੀ ਖੁਦ ਹੀ ਮੱਧਮ ਪੈ ਜਾਂਦੀ ਹੈ, ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ।
Shaamil Karim
ਮੂਲ ਰੂਪ ਨਾਲ ਚੇਨਈ ਦੇ ਰਹਿਣ ਵਾਲੇ 15 ਸਾਲ ਦੇ ਸ਼ਾਮਿਲ ਨੇ ਮਹਿੰਗੇ ਇਨਫਰਾਰੈੱਡ ਆਧਾਰਿਤ ਮੋਸ਼ਨ ਡਿਟੈਕਟਰਾਂ ਦੀ ਵਰਤੋਂ ਕਰਨ ਦੀ ਬਜਾਏ ਫੋਟੋ-ਰੈਜਿਸਟਰਾਂ ਦੀ ਵਰਤੋਂ ਕੀਤੀ ਤਾਂ ਜੋ ਲੰਘਦੀਆਂ ਹੋਈਆਂ ਕਾਰਾਂ ਜਾਂ ਲੋਕਾਂ ਦੇ ਪਰਛਾਵੇਂ ਦਾ ਪਤਾ ਚੱਲ ਸਕੇ। ਪ੍ਰਾਜੈਕਟ ਮੁਤਾਬਕ ਜਦੋਂ ਕਈ ਪਰਛਾਵਾਂ ਨਜ਼ਰ ਆਵੇਗਾ ਤਾਂ ਅੱਗੇ ਦੇ ਰਸਤੇ ਵਿਚ ਰੋਸ਼ਨੀ ਤੇਜ਼ ਹੋ ਜਾਵੇਗੀ ਜਦਕਿ ਪਿਛਲੇ ਰਸਤੇ ਦੀ ਰੋਸ਼ਨੀ ਮੱਧਮ ਪੈ ਜਾਵੇਗੀ। ਅਖਬਾਰ ਨੇ ਸ਼ਾਮਿਲ ਦੇ ਹਵਾਲੇ ਨਾਲ ਦਸਿਆ,''ਸੁਰੱਖਿਆ ਕਾਰਨਾਂ ਕਾਰਨ ਤੁਸੀਂ ਸੜਕਾਂ 'ਤੇ ਲੱਗੀਆਂ ਲਾਈਟਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਅਤੇ ਫਿਰ ਅਚਾਨਕ ਜਗਾ ਨਹੀਂ ਸਕਦੇ। ਲਿਹਾਜਾ ਹੱਲ ਇਹ ਹੈ ਕਿ ਤੁਸੀਂ ਰਸਤੇ ਦੇ ਜਿਹੜੇ ਹਿੱਸੇ 'ਤੇ ਚੱਲੋ ਉੱਥੇ ਰੋਸ਼ਨੀ ਤੇਜ਼ ਹੋ ਜਾਵੇ ਅਤੇ ਤੁਹਾਡੇ ਲੰਘ ਜਾਣ ਮਗਰੋਂ ਰੋਸ਼ਨੀ ਮੱਧਮ ਪੈ ਜਾਵੇ।''
Shaamil Karim
ਪਿਤਾ ਤੋਂ ਮਿਲੀ ਪ੍ਰੇਰਣਾ :
ਸ਼ਾਮਿਲ ਨੇ ਦਸਿਆ ਕਿ ਉਹ ਅਪਣੇ ਪਿਤਾ ਤੋਂ ਮਿਲੀ ਪ੍ਰੇਰਣਾ ਕਾਰਨ ਬਿਜਲੀ ਦੀ ਬਰਬਾਦੀ 'ਤੇ ਲਗਾਮ ਲਗਾਉਣ ਦਾ ਹੱਲ ਲਿਆ ਸਕਿਆ। ਉਨ੍ਹਾਂ ਨੇ ਅੱਗੇ ਕਿਹਾ,''ਅਸੀਂ ਦੇਰ ਰਾਤ ਇਕ ਪਾਰਕ ਵਿਚ ਸੀ, ਜਿੱਥੇ ਸਾਰੀਆਂ ਲਾਈਟਾਂ ਬਲ ਰਹੀਆਂ ਸਨ। ਮੇਰੇ ਪਿਤਾ ਜੀ ਨੇ ਕਿਹਾ ਕੀ ਅਸੀਂ ਇਸ ਦਾ ਕੁਝ ਨਹੀਂ ਕਰ ਸਕਦੇ? ਉਦੋਂ ਮੈਂ ਫ਼ੈਸਲਾ ਲਿਆ ਕਿ ਮੇਰਾ ਪ੍ਰਾਜੈਕਟ ਸਟ੍ਰੀਟ ਲਾਈਟਾਂ ਨੂੰ ਸਮਾਰਟ ਬਣਾਉਣ 'ਤੇ ਆਧਾਰਿਤ ਹੋਵੇਗਾ।'' ਜਾਣਕਾਰੀ ਮੁਤਾਬਕ ਆਖਰੀ ਸੂਚੀ ਵਿਚ ਦੁਨੀਆ ਭਰ ਤੋਂ ਚੁਣੇ 20 ਪ੍ਰਤੀਯੋਗੀਆਂ ਦੇ ਨਾਵਾਂ ਦਾ ਐਲਾਨ ਇਸੇ ਮਹੀਨੇ ਕੀਤਾ ਜਾਵੇਗਾ।