
ਪ੍ਰਦਰਸ਼ਨੀ ਮੁਕਾਬਲੇ 'ਚ ਬਾਬਾ ਬਿਧੀਚੰਦ ਗਤਕਾ ਅਖਾੜਾ ਰਿਹਾ ਜੇਤੂ
ਸ੍ਰੀ ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਸਰਹਿੰਦ ਫ਼ਤਿਹ ਦਿਵਸ ਮੌਕੇ ਸਥਾਨਕ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ 9ਵੇਂ ਅੰਤਰਰਾਸ਼ਟਰੀ ਗਤਕਾ ਮੁਕਾਬਲਿਆਂ ਦੌਰਾਨ ਫ਼ਾਈਟ ਮੁਕਾਬਲੇ ਵਿਚੋਂ ਸਿੰਘ ਵਾਰੀਅਰਜ਼ ਨੇ ਪਹਿਲਾ ਸਥਾਨ ਹਾਸਲ ਕਰ ਕੇ 31 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਫ਼ਾਈਟ ਵਿਚੋਂ ਦੂਸਰਾ ਸਥਾਨ ਖ਼ਾਲਸਾ ਵਾਰੀਅਰਜ਼ ਤੇ ਤੀਜਾ ਸਥਾਨ ਜੂਝਾਰ ਵਾਰੀਅਰਜ਼ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ 21 ਹਜ਼ਾਰ ਤੇ 11 ਹਜ਼ਾਰ ਰੁਪਏ ਦੇ ਇਨਾਮ ਦਿਤੇ ਗਏ।
9th International Gatka Competition
ਇਸੇ ਤਰ੍ਹਾਂ ਪ੍ਰਦਰਸ਼ਨੀ ਮੁਕਾਬਲੇ ਵਿਚ ਬਾਬਾ ਬਿਧੀ ਚੰਦ ਗਤਕਾ ਅਖਾੜਾ ਅੰਮ੍ਰਿਤਸਰ ਨੇ ਪਹਿਲਾ, ਨਿਰਵੈਰ ਖ਼ਾਲਸਾ ਗਤਕਾ ਅਖਾੜਾ ਰਾਜਪੁਰਾ ਨੇ ਦੂਜਾ ਅਤੇ ਜੈ ਤੇਗੰ ਗਤਕਾ ਅਖਾੜਾ ਅੰਮ੍ਰਿਤਸਰ ਤੇ ਤੀਸਰਾ ਸਥਾਨ ਹਾਸਲ ਕਰ ਕੇ ਕ੍ਰਮਵਾਰ 21 ਹਜ਼ਾਰ, 15 ਹਜ਼ਾਰ ਤੇ 11 ਹਜ਼ਾਰ ਰੁਪਏ ਦੇ ਇਨਾਮ ਪ੍ਰਾਪਤ ਕੀਤੇ। ਗਤਕਾ ਮੁਕਾਬਲਿਆਂ ਵਿਚੋਂ ਅਵੱਲ ਆਉਣ ਵਾਲੀਆਂ ਟੀਮਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰ ਇਕ ਟੀਮ ਨੂੰ ਵੀ ਸਨਮਾਨ ਦਿਤੇ ਗਏ।
Gatka
ਇਨ੍ਹਾਂ ਮੁਕਾਬਲਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਕਰਨੈਲ ਸਿੰਘ ਪੰਜੋਲੀ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਅਵਤਾਰ ਸਿੰਘ ਰਿਆ ਤੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਮੌਜੂਦ ਰਹਿ ਕੇ ਗਤਕਾ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਦਸਿਆ ਕਿ 16 ਟੀਮਾਂ ਨੇ ਹੀ ਬਿਹਤਰ ਪੇਸ਼ਕਾਰੀ ਕਰ ਕੇ ਜੰਗਜੂ ਕਲਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ਼੍ਰੋਮਣੀ ਗਤਕਾ ਫ਼ੈਡਰੇਸ਼ਨ ਆਫ਼ ਇੰਡੀਆ ਅਤੇ ਪੁੱਜੇ ਗਤਕਾ ਅਖਾੜਿਆਂ ਦਾ ਧਨਵਾਦ ਕੀਤਾ।