
ਤਿੰਨ ਪੰਜਾਬੀ ਨੌਜਵਾਨਾਂ 'ਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ।
ਟੋਰਾਂਟੋ: ਕੈਨੇਡਾ ਵਿਚ ਪੀਲ ਰੀਜਨਲ ਪੁਲਿਸ ਦੇ ਇਤਿਹਾਸ ਵਿਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਡਰੱਗ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਨੇ 25 ਮਿਲੀਅਨ ਡਾਲਰ ਦੇ ਨਸ਼ਿਆਂ ਸਣੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿਚੋਂ ਤਿੰਨ ਪੰਜਾਬੀ ਨੌਜਵਾਨਾਂ 'ਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ।
ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਪੰਜਾਬੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਗਾਖਲ (38), ਜਸਪ੍ਰੀਤ ਸਿੰਘ (28) ਅਤੇ ਰਜਿੰਦਰ ਸਿੰਘ ਬੋਪਾਰਾਏ (27) ਵਜੋਂ ਹੋਈ ਹੈ। ਇਹਨਾਂ ਤੋਂ ਇਲਾਵਾ ਜਿਨ੍ਹਾਂ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਵਿਚ ਪਾਕਿਸਤਾਨੀ ਮੂਲ ਦੇ ਖਲੀਲੁੱਲਾ ਅਮੀਨ ਅਤੇ ਚੀਨੀ ਮੂਲ ਦੇ ਨਾਗਰਿਕ ਰੇਅ ਆਈਪੀ ਸ਼ਾਮਲ ਹਨ।
ਪੀਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲੋਵਿਚ ਨੇ ਦੱਸਿਆ ਕਿ ਪੀਲ ਖੇਤਰ ਦੇ ਇਤਿਹਾਸ ਵਿਚ ਹੁਣ ਤੱਕ ਦੀ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਿਸ ਨੂੰ ਪੁਲਿਸ ਨੇ ਫੜਿਆ ਹੈ। ਉਹਨਾਂ ਦੱਸਿਆ ਕਿ ਟਰਾਂਸਪੋਰਟ ਰਾਹੀਂ ਇਹ ਧੰਦਾ ਚੱਲ ਰਿਹਾ ਸੀ। ਅਮਰੀਕੀ ਪੁਲਿਸ ਦੀ ਮਦਦ ਨਾਲ ਸਰਹੱਦੀ ਇਲਾਕੇ 'ਚ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀ ਇੰਨੀ ਵੱਡੀ ਖੇਪ ਸਮੇਤ ਫੜਿਆ ਗਿਆ ਹੈ।