
ਬ੍ਰਿਟਿਸ਼ ਭਾਰਤੀ ਫ਼ੌਜ ਦੇ 40 ਲੱਖ ਤੋਂ ਵੱਧ ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਦਿੱਤੀ ਜਾਵੇਗੀ ਮਾਨਤਾ
ਲੰਡਨ - ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇੱਕ ਨਵਾਂ ਬ੍ਰਿਟਿਸ਼ ਭਾਰਤੀ ਸੈਨਿਕ ਯਾਦਗਾਰੀ ਸਮਾਰਕ ਬਣਾਇਆ ਜਾਵੇਗਾ, ਅਤੇ ਸਥਾਨਕ ਕੌਂਸਲ ਵੱਲੋਂ ਇਸ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯਾਦਗਾਰ ਉਨ੍ਹਾਂ ਲੱਖਾਂ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਬਣਾਈ ਜਾਵੇਗੀ, ਜਿਨ੍ਹਾਂ ਨੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਬ੍ਰਿਟਿਸ਼ ਸੈਨਿਕਾਂ ਦੇ ਨਾਲ-ਨਾਲ ਜੰਗਾਂ ਲੜੀਆਂ ਸੀ।
'ਗਲਾਸਗੋ ਸਿਟੀ ਕੌਂਸਲ' ਨੇ ਹਾਲ ਹੀ ਵਿੱਚ ਇਸ ਯੋਜਨਾ ਨਾਲ ਸੰਬੰਧਿਤ ਅਰਜ਼ੀ ਨੂੰ ਸ਼ਰਤੀਆ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ 'ਕੇਲਵਿਨਗਰੋਵ ਆਰਟ ਗੈਲਰੀ ਐਂਡ ਮਿਊਜ਼ੀਅਮ' ਨੇੜੇ ਉਸਾਰੇ ਜਾਣ ਵਾਲੇ ਇਸ ਸਮਾਰਕ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦਾ ਰਾਹ ਸਾਫ਼ ਹੋ ਗਿਆ ਹੈ।
ਯਾਦਗਾਰ ਬਣਾਉਣ ਦਾ ਇਹ ਉਪਰਾਲਾ ‘ਕਲਰਫੁੱਲ ਹੈਰੀਟੇਜ ਮਲਟੀਮੀਡੀਆ ਪ੍ਰੋਜੈਕਟ’ ਵੱਲੋਂ ਕੀਤਾ ਜਾ ਰਿਹਾ ਹੈ। ਇਸ ਯਾਦਗਾਰ ਰਾਹੀਂ ਬ੍ਰਿਟਿਸ਼ ਭਾਰਤੀ ਫ਼ੌਜ ਦੇ 40 ਲੱਖ ਤੋਂ ਵੱਧ ਸੈਨਿਕਾਂ ਦੀ ਸੇਵਾ ਅਤੇ ਕੁਰਬਾਨੀ ਨੂੰ ਮਾਨਤਾ ਤੇ ਪਹਿਚਾਣ ਦਿੱਤੀ ਜਾਵੇਗੀ।
ਕਲਰਫੁੱਲ ਹੈਰੀਟੇਜ ਵੱਲੋਂ ਕਿਹਾ ਗਿਆ, "ਸਮਾਰਕ ਦੇ ਨਾਲ ਸਾਡਾ ਉਦੇਸ਼ ਇਹ ਹੈ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਅਤੇ ਗੋਰਖਿਆਂ ਸਮੇਤ ਲੋਕਾਂ ਦੀ ਵਿਭਿੰਨਤਾ ਨੂੰ ਦਰਸਾਈਏ ਜਿਨ੍ਹਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਬ੍ਰਿਟਿਸ਼ ਸੈਨਿਕਾਂ ਦੇ ਨਾਲ ਮਿਲ ਕੇ ਲੜੇ।"
ਇਹ ਵੀ ਕਿਹਾ ਗਿਆ ਕਿ ਇਸ ਦਾ ਉਦੇਸ਼ ਸਕਾਟਲੈਂਡ ਅਤੇ ਕੇ-6 ਬਲ ਵਿਚਕਾਰ ਵਿਸ਼ੇਸ਼ ਸੰਬੰਧਾਂ ਨੂੰ ਸਨਮਾਨ ਦੇਣ ਦੀ ਹੈ। ਕੇ-6 ਬਲ ਪੂਰੀ ਤਰ੍ਹਾਂ ਨਾਲ ਮੁਸਲਿਮ ਪੰਜਾਬੀ ਰੈਜੀਮੈਂਟ ਸੀ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਡੁਨਕਿਰਕ ਤੋਂ ਚੱਲ ਕੇ ਸਕਾਟਲੈਂਡ ਪਹੁੰਚੀ ਸੀ।