
ਨਨਕਾਣਾ ਸਾਹਿਬ ਤਾਂ ਹੈ ਹੀ ਤੁਹਾਡਾ, ਇਜਾਜ਼ਤ ਲੈਣ ਵਾਲੀ ਕਿਹੜੀ ਗੱਲ ਐ, ਜਿੱਥੇ ਮਰਜੀ ਕਰਵਾਓ ਸੈਮੀਨਾਰ: ਪਾਕਿ ਪੰਜਾਬ ਗਵਰਨਰ
ਲਾਹੌਰ: ਲਹਿੰਦੇ ਪੰਜਾਬ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਈ ਜਾ ਰਹੀ ਹੈ, ਜਿਸ ਦੇ ਸਮਾਗਮ ਵਿਚ ਭਾਰਤ ਤੋਂ ਇਲਾਵਾ ਹੋਰਨਾਂ ਮੁਲਕਾਂ ਤੋਂ ਜੱਥਾ ਪਹੁੰਚਿਆ ਹੋਇਆ ਹੈ। ਇਸ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਚੌਧਰੀ ਸਰਵਰ ਨੇ ਭਾਰਤ ਤੇ ਹੋਰਨਾਂ ਮੁਲਕਾਂ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ‘ਜੀ ਆਇਆ ਨੂੰ’ ਆਖਿਆ।
On the occasion of the anniversary of Maharaja Ranjit Singh, several big announcements by the Governor
ਇਸ ਦੇ ਨਾਲ ਹੀ ਉਨ੍ਹਾਂ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਦਿਹਾੜੇ ਭਾਰਤ ਤੋਂ 3 ਹਜ਼ਾਰ ਦੀ ਜਗ੍ਹਾ 10 ਹਜ਼ਾਰ ਸ਼ਰਧਾਲੂਆਂ ਦਾ ਸਵਾਗਤ ਕੀਤੇ ਜਾਣ ਦੀ ਗੱਲ ਵੀ ਆਖੀ। ਸਮਾਗਮ ਸਿਆਲਕੋਟ ਵਿਚ ਪੈਂਦੇ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਕਰਵਾਇਆ ਗਿਆ। ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੋਂ ਗੁਰਦੁਆਰਾ ਸੁਧਾਰ ਲਹਿਰ 1920 ਵਿਚ ਸ਼ੁਰੂ ਹੋਈ ਸੀ, ਇਸ ਗੁਰਦੁਆਰਾ ਸਾਹਿਬ ਨੂੰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੋਲ੍ਹ ਦਿਤੇ ਜਾਣ ਲਈ ਗਵਰਨਰ ਵਲੋਂ ਅਪਣੀ ਰਜ਼ਾਮੰਦੀ ਦੇ ਦਿਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਹੁਕਮ ਦਿਤੇ ਹਨ ਕਿ ਜਲਦੀ ਤੋਂ ਜਲਦੀ ਇਸ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਾਰਜ ਸ਼ੁਰੂ ਕੀਤੇ ਜਾਣ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਉਤੇ ਗਵਰਨਰ ਨੇ ਕਿਹਾ ਕਿ ਸਾਰਾ ਨਨਕਾਣਾ ਸਾਹਿਬ ਤੁਹਾਡਾ ਹੈ, ਇਸ ਵਿਚ ਇਜਾਜ਼ਤ ਲੈਣ ਵਾਲੀ ਕਿਹੜੀ ਗੱਲ ਹੈ, ਤੁਸੀਂ ਜਿੱਥੇ ਚਾਹੋ ਸੈਮੀਨਾਰ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਦੀਆਂ 60 ਯੂਨੀਵਰਸਿਟੀਆਂ ਵਿਚ ਵੀ ਜੇਕਰ ਸੈਮੀਨਾਰ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ।
Anniversary of Maharaja Ranjit Singh
ਤੁਸੀਂ ਯੂਨੀਵਰਸਿਟੀਆਂ ਵਿਚ ਸੈਮੀਨਾਰ ਲਵਾਉਣ ਬਾਰੇ ਸਾਨੂੰ ਲਿਖ ਕੇ ਭੇਜੋ ਤਾਂ ਜੋ ਅਸੀਂ ਪਹਿਲਾਂ ਤੋਂ ਹੀ ਸਾਰੀਆਂ ਤਿਆਰੀਆਂ ਮੁਹੱਈਆ ਕਰਵਾ ਸਕੀਏ।ਕਰਤਾਰਪੁਰ ਲਾਂਘੇ ਬਾਰੇ ਗੱਲ ਕਰਦਿਆਂ ਗਵਰਨਰ ਨੇ ਕਿਹਾ ਕਿ ਲਾਂਘਾ ਖੁੱਲਣ ਨਾਲ ਦੋਵਾਂ ਮੁਲਕਾਂ ਦੇ ਵਿਚ ਤਣਾਅ ਖ਼ਤਮ ਹੋਵੇਗਾ ਤੇ ਪਿਆਰ ਅਤੇ ਆਪਸੀ ਭਾਈਚਾਰਕ ਸਾਂਝ ਵਧੇਗੀ। ਦੋਵਾਂ ਮੁਲਕਾਂ ਲਈ ਇਹ ਬਹੁਤ ਵਧੀਆ ਸ਼ੁਰੂਆਤ ਹੈ।
ਇਸ ਦੌਰਾਨ ਗਵਰਨਰ ਚੌਧਰੀ ਸਰਵਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਇਕ ਅਜਿਹੇ ਸਿੱਖ ਸ਼ਾਸਕ ਸਨ ਜੋ ਸਾਰੀਆਂ ਕੌਮਾਂ, ਧਰਮਾਂ ਨੂੰ ਨਾਲ ਲੈ ਕੇ ਚੱਲਦੇ ਸਨ, ਉਸੇ ਤਰ੍ਹਾਂ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਡਾ ਸਾਰਿਆਂ ਦੇ ਨਾਲ ਪਿਆਰ ਬਣਿਆ ਰਹੇ। ਇਸ ਮੌਕੇ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਵਲੋਂ ਗਏ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ‘ਸਪੋਕਸਮੈਨ’ ਦੇ ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਅਰੋੜਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
On the occasion of the anniversary of Maharaja Ranjit Singh, several big announcements by the Governor
ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਪਾਕਿ ਵਕਫ਼ ਬੋਰਡ ਦੇ ਸੈਕਟਰੀ ਸਰਾਇਨ ਇਮਰਾਨ ਖ਼ਾਨ ਗੋਂਡਲ, ਫ਼ਰਾਜ ਅੱਬਾਸ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਡੇਰਾ ਸਾਹਿਬ ਦੇ ਕੇਅਰ ਟੇਕਰ ਅਜਹਰ ਅੱਬਾਸ, ਪਾਕਿ ਪੰਜਾਬ ਕੈਬਨਿਟ ਦੇ ਸਕੱਤਰ ਮਹਿੰਦਰਪਾਲ ਸਿੰਘ ਹਾਜ਼ਰ ਸਨ, ਜਦਕਿ ਭਾਈ ਮਨਦੀਪ ਸਿੰਘ ਤੇ ਭਾਈ ਮਨਿੰਦਰ ਸਿੰਘ ਦੇ ਰਾਗੀ ਜੱਥੇ ਵਲੋਂ ਕੀਰਤਨ ਕੀਤਾ ਗਿਆ।