
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਾਊਂਟ ਫ਼ੂਜੀ ਦੇ ਕੋਲ ਇਕ ਖ਼ੂਬਸੂਰਤ ਰਿਜ਼ਾਰਟ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗ਼ੈਰਰਸਮੀ ਗੱਲਬਾਤ ਕੀਤੀ.......
ਯਾਮਾਨਸ਼ੀ (ਜਾਪਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਾਊਂਟ ਫ਼ੂਜੀ ਦੇ ਕੋਲ ਇਕ ਖ਼ੂਬਸੂਰਤ ਰਿਜ਼ਾਰਟ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗ਼ੈਰਰਸਮੀ ਗੱਲਬਾਤ ਕੀਤੀ। ਇਸ ਤੋਂ ਬਾਅਦ ਮੋਦੀ ਅਤੇ ਆਬੇ ਉਦਯੋਗਿਕ ਰੋਬੋਟ ਬਣਾਉਣ ਵਾਲੀ ਕੰਪਨੀ 'ਫ਼ਾਨੁਕ ਕਾਰਪੋਰੇਸ਼ਨ' ਦੇ ਕਾਰਖ਼ਾਨੇ ਗਏ। ਮੋਦੀ 13ਵੇਂ ਭਾਰਤ-ਜਾਪਾਨ ਸਾਲਾਨਾ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਸਨਿਚਰਵਾਰ ਦੀ ਸ਼ਾਮ ਨੂੰ ਇੱਥੇ ਪੁੱਜੇ ਸਨ। ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਹਿੱਸੇਦਾਰੀ ਬੁਨਿਆਦੀ ਰੂਪ 'ਚ ਬਦਲੀ ਹੈ ਅਤੇ ਹੁਣ ਇਹ ਇਕ 'ਵਿਸ਼ੇਸ਼ ਰਣਨੀਤਕ ਅਤੇ ਕੌਮਾਂਤਰੀ ਹਿੱਸੇਦਾਰੀ ਦੇ ਰੂਪ 'ਚ ਮਜ਼ਬੂਤ ਹੋਈ ਹੈ।
ਐਤਵਾਰ ਨੂੰ ਸ਼ੁਰੂ ਹੋਣ ਵਾਲੇ ਦਿਨ ਦੇ ਸੰਮੇਲਨ 'ਚ ਆਪਸੀ ਰਿਸ਼ਤਿਆਂ 'ਚ ਹੋਈ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਦੁਵੱਲੇ ਰਿਸ਼ਤਿਆਂ ਦੇ ਰਣਨੀਤਕ ਦਿਸਹੱਦਿਆਂ ਨੂੰ ਹੋਰ ਡੂੰਘਾ ਕਰਨ ਬਾਰੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਦਿਨ ਵੇਲੇ ਮੋਦੀ ਦੇ ਹੋਟਲ ਮਾਊਂਟ ਫ਼ੂਜੀ ਪੁੱਜਣ 'ਤੇ ਆਬੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਨੇ ਟਵੀਟ ਕੀਤਾ, ''ਆਬੇ ਨਾਲ ਮਿਲ ਕੇ ਕਾਫ਼ੀ ਖ਼ੁਸ਼ੀ ਹੋਈ।'' ਦੋਵੇਂ ਆਗੂਆਂ ਨੇ ਬਾਗ਼ 'ਚ ਇਕੱਠਿਆਂ ਸੈਰ ਕੀਤੀ। ਮੋਦੀ ਨੇ ਆਬੇ ਨੂੰ ਕਲਾਤਮਕ ਦਰੀਆਂ ਅਤੇ ਪੱਥਰ ਦੇ ਦੋ ਸਜੇ ਹੋਏ ਕਟੋਰੇ ਅਤੇ ਕੁੱਝ ਹੋਰ ਤੋਹਫ਼ੇ ਭੇਂਟ ਕੀਤੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਆਧੁਨਿਕ ਤਕਨੀਕ 'ਚ ਸਾਡੇ ਵਿਚਕਾਰ ਸਹਿਯੋਗ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਫ਼ਾਨੁਕ ਕਾਰਪੋਰੇਸ਼ਨ ਦੇ ਕਾਰਖ਼ਾਨੇ ਗਏ। ਇਹ ਦੁਨੀਆਂ 'ਚ ਉਦਯੋਗਿਕ ਰੋਬੋਟ ਦੀ ਸੱਭ ਤੋਂ ਵੱਡੀ ਕੰਪਨੀ ਹੈ।'' ਦੋਵੇਂ ਆਗੂਆਂ ਨੇ ਉਦਯੋਗਿਕ ਰੋਬੋਟ ਦੇ ਕੰਮ ਕਰਨ ਦੇ ਤਰੀਕਿਆਂ ਉਤੇ ਕਈ ਤਸਵੀਰਾਂ ਨੂੰ ਵੇਖਿਆ। ਅਧਿਕਾਰੀਆਂ ਨੇ ਕਿਹਾ ਕਿ ਮੋਟਰ ਅਸੈਂਬਲਿੰਗ ਕਾਰਖ਼ਾਨੇ 'ਚ ਦੋਵੇਂ ਆਗੂਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਇਕ ਰੋਬੋਟ ਨੇ ਸਿਰਫ਼ 40 ਸਕਿੰਟਾਂ 'ਚ ਮੋਟਰ ਨੂੰ ਅਸੈਂਬਲ ਕਰ ਦਿਤਾ।
ਫ਼ਾਨੁਕ ਜਾਪਾਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ 'ਚ ਆਟੋਮੈਟਿਕ ਅਤੇ ਮੁਹਾਰਤ ਨਾਲ ਨਿਰਮਾਣ ਦੇ ਕੰਮਾਂ 'ਚ ਯੋਗਦਾਨ ਦਿੰਦੀ ਹੈ। ਬਾਅਦ 'ਚ ਸ਼ਾਮ ਨੂੰ ਆਬੇ ਨੇ ਯਾਮਾਨਸ਼ੀ 'ਚ ਕਾਵਾਗੁਚੀ ਝੀਲ ਕੋਲ ਅਪਣੇ ਨਿਜੀ ਘਰ 'ਚ ਮੋਦੀ ਲਈ ਰਾਤਰੀ ਭੋਜਨ ਦਿਤਾ। ਇਹ ਪਹਿਲਾ ਮੌਕਾ ਹੈ ਜਦੋਂ ਆਬੇ ਨੇ ਕਿਸੇ ਵਿਦੇਸ਼ੀ ਆਗੂ ਨੂੰ ਯਾਮਾਨਸ਼ੀ ਖੇਤਰ 'ਚ ਨਾਰਾਵਾ ਪਿੰਡ 'ਚ ਅਪਣੇ ਛੁਟੀਆਂ ਦੀ ਰਿਹਾਇਸ਼ 'ਚ ਸਦਿਆ ਹੈ।
ਮੋਦੀ ਨੇ ਟਵੀਟ ਕੀਤਾ, ''ਅਪਣੇ ਘਰ 'ਚ ਗਰਮਜੋਸ਼ੀ ਨਾਲ ਸਵਾਗਤ ਲਈ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਧਨਵਾਦ। ਮੈਂ ਇਸ ਨਾਲ ਕਾਫ਼ੀ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਚਾਪਸਟਿਕ ਨਾਲ ਜਾਪਾਨੀ ਤਰੀਕੇ ਨਾਲ ਖਾਣਾ ਵੀ ਸਿਖਾਇਆ।'' (ਪੀਟੀਆਈ)
ਪਿਛਲੇ ਸਾਲ ਸਤੰਬਰ 'ਚ ਮੋਦੀ ਨੇ ਅਪਣੇ ਜੱਦੀ ਸੂਬੇ ਗੁਜਰਾਤ 'ਚ ਆਬੇ ਦੀ ਮੇਜ਼ਬਾਨੀ ਕੀਤੀ ਸੀ। ਰਾਤਰੀ ਭੋਜਨ ਮਗਰੋਂ ਦੋਵੇਂ ਆਗੂ ਰੇਲਗੱਡੀ ਰਾਹੀਂ ਟੋਕੀਉ ਲਈ ਰਵਾਨਾ ਹੋ ਗਏ। ਯਾਮਾਨਸ਼ੀ ਟੋਕੀਉ ਤੋਂ ਲਗਭਗ 110 ਕਿਲੋਮੀਟਰ ਦੂਰ ਹੈ। ਸੋਮਵਾਰ ਨੂੰ ਦੋਵੇਂ ਆਗੂ ਟੋਕੀਉ 'ਚ ਹੀ ਰਸਮੀ ਸ਼ਿਖਰ ਬੈਠਕ ਕਰਨਗੇ। ਇਸ ਬੈਠਕ ਦਾ ਏਜੰਡਾ ਦੁਵੱਲੀ ਸੁਰੱਖਿਆ ਅਤੇ ਆਰਥਕ ਸਹਿਯੋਗ ਮਜ਼ਬੂਤ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਸ਼ਿਖਰ ਬੈਠਕ ਦੌਰਾਨ ਮੋਦੀ ਅਤੇ ਆਬੇ ਵਿਚਕਾਰ ਰਖਿਆ ਅਤੇ ਖੇਤਰੀ ਸੁਰੱਖਿਆ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਮੋਦੀ ਦੀ ਇਸ ਯਾਤਰਾ ਨਾਲ ਵੱਖੋ-ਵੱਖ ਖੇਤਰਾਂ 'ਚ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ।