
ਭਾਰਤ ਅਤੇ ਇੰਡੋਨੇਸ਼ੀਆ ਅਪਣੇ ਦੁਵੱਲੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਨਵੇਂ ਉੱਚ ਪੱਧਰ 'ਤੇ ਲਿਜਾਣ ਲਈ ਸਹਿਮਤ ਹੋਏ ਹਨ। ਦੋਹਾਂ ਦੇਸ਼ਾਂ ਨੇ ਹਿੰਦ ...
ਜਕਾਰਤਾ, 30 ਮਈ : ਭਾਰਤ ਅਤੇ ਇੰਡੋਨੇਸ਼ੀਆ ਅਪਣੇ ਦੁਵੱਲੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਨਵੇਂ ਉੱਚ ਪੱਧਰ 'ਤੇ ਲਿਜਾਣ ਲਈ ਸਹਿਮਤ ਹੋਏ ਹਨ। ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਆਜ਼ਾਦ ਜਲ ਆਵਾਜਾਈ ਦਾ ਤਹਈਆ ਕੀਤਾ ਅਤੇ ਰੱਖਿਆ ਸਹਿਯੋਗ ਸਮੇਤ ਕੁਲ 15 ਸਮਝੌਤਿਆਂ ਦੇ ਹਸਤਾਖਰ ਕੀਤੇ। ਪ੍ਰਤੀਨਿਧ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਕੋ ਵਿਦੋਦੋ ਵਿਚਕਾਰ ਇਕਾਂਤ ਵਿਚ ਗੱਲਬਾਤ ਹੋਈ। ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੋਕੋ ਵਿਦੋਦੋ ਨਾਲ ਗੱਲਬਾਤ ਲਾਹੇਵੰਦ ਰਹੀ।
ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਵਿਚ ਤਿੰਨ ਚਰਚਾਂ 'ਤੇ ਹਾਲ ਹੀ ਵਿਚ ਹੋਹੇ ਅਤਿਵਾਦੀਆਂ ਹਮਲਿਆਂ ਦੀ ਅੱਜ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਰਤ ਅਤਿਵਾਦ ਵਿਰੁਧ ਲੜਾਈ ਵਿਚ ਜਕਾਰਤਾ ਨਾਲ ਖੜਾ ਹੈ। ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਵਿਚ ਇਸ ਮਹੀਨੇ ਦੀ ਸ਼ੁਰਆਤ ਵਿਚ ਛੇ ਆਤਮਘਾਤੀ ਹਮਲਾਵਰਾਂ ਨੇ ਤਿੰਨ ਚਰਚਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿਚ ਸੱਤ ਜਣੇ ਮਾਰੇ ਗਏ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ।
ਪਿਛਲੇ 18 ਸਾਲਾਂ ਵਿਚ ਚਰਚਾਂ 'ਤੇ ਇਹ ਸੱਭ ਤੋਂ ਵੱਡਾ ਹਮਲਾ ਸੀ। ਮੋਦੀ ਨੇ ਕਿਹਾ, 'ਅਜਿਹੀਆਂ ਦੁਖਦ ਘਟਨਾਵਾਂ ਸੁਨੇਹਾ ਦਿੰਦੀਆਂ ਹਨ ਕਿ ਇਹ ਸਮੇਂ ਦੀ ਲੋੜ ਹੈ ਕਿ ਅਤਿਵਾਦ ਵਿਰੁਧ ਲੜਾਈ ਵਿਚ ਵਿਸ਼ਵ ਪੱਧਰ 'ਤੇ ਯਤਨ ਤੇਜ਼ ਕੀਤੇ ਜਾਣ।' ਦੁਨੀਆਂ ਵਿਚ ਸੱਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਇੰਡੋਨੇਸ਼ੀਆ ਪਿਛਲੇ ਦੋ ਦਹਾਕਿਆਂ ਵਿਚ ਇਸਲਾਮਿਕ ਅਤਿਵਾਦ ਅਤੇ ਈਸਾਈ ਘੱਟਗਿਣਤੀਆਂ ਵਿਰੁਧ ਹਿੰਸਾ ਨਾਲ ਸੰਘਰਸ਼ ਕਰ ਰਿਹਾ ਹੈ।
ਭਾਰਤ ਅਤੇ ਇੰਡੋਨੇਸ਼ੀਆ ਵਪਾਰ, ਸੈਰ-ਸਪਾਟਾ ਅਤੇ ਲੋਕਾਂ ਵਿਚਕਾਰ ਤਾਲਮੇਲ ਵਧਾਉਣ ਲਈ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਸੁਮਾਤਰਾ ਦੀਪ ਦੇ ਪ੍ਰਾਂਤਾ ਵਿਚਕਾਰ ਸੰਪਰਕ ਬਿਹਤਰ ਕਰਨਲਈ ਕਾਰਜਬਲ ਦਾ ਗਠਨ ਕਰਨ ਲਈ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਵਿਚਕਾਰ ਇਥੇ ਗੱਲਬਾਤ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਇਸ ਫ਼ੈਸਲੇ ਦਾ ਐਲਾਨ ਕੀਤਾ ਗਿਆ।
ਬਿਆਨ ਵਿਚ ਕਿਹਾ ਗਿਆ ਕਿ ਸਮੁੰਦਰੀ ਗੁਆਂਢੀ ਦੇਸ਼ਾਂ ਦੇ ਤੌਰ 'ਤੇ ਭਾਰਤ ਅਤੇ ਇੰਡੋਨੇਸ਼ੀਆ ਨੇ ਆਰਥਕ ਸਹਿਯੋਗ ਅਤੇ ਲੋਕਾਂ ਵਿਚਕਾਰ ਸੰਪਰਕ ਵਿਚ ਮਦਦ ਲਈ ਖ਼ਾਸਕਰ ਸਮੁੰਦਰ ਸਬੰਧੀ ਸੰਪਰਕਾਂ ਨੂੰ ਅਹਿਮੀਅਤ ਦਿਤੀ ਹੈ। (ਏਜੰਸੀ)