
ਮੀਡੀਆ ਰਿਪੋਰਟ 'ਚ ਸਾਂਝੀ ਕੀਤੀ ਗਈ ਇਹ ਜਾਣਕਾਰੀ
ਮੈਲਬੌਰਨ - ਆਸਟ੍ਰੇਲੀਆ ਵਿੱਚ ਐੱਸ.ਟੀ.ਈ.ਐੱਮ. ਸੁਪਰਸਟਾਰ ਵਜੋਂ ਚੁਣੇ ਗਏ 60 ਵਿਗਿਆਨੀਆਂ, ਟੈਕਨਾਲੋਜਿਸਟ, ਇੰਜੀਨੀਅਰ ਅਤੇ ਗਣਿਤ ਵਿਗਿਆਨੀਆਂ ਵਿੱਚ ਤਿੰਨ ਭਾਰਤੀ ਮੂਲ ਦੀਆਂ ਔਰਤਾਂ ਸ਼ਾਮਲ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਮੀਡੀਆ ਰਿਪੋਰਟ 'ਚ ਦਿੱਤੀ ਗਈ।
ਐੱਸ.ਟੀ.ਈ.ਐੱਮ. ਇੱਕ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਵਿਗਿਆਨੀਆਂ ਬਾਰੇ ਸਮਾਜ ਦੀਆਂ ਲਿੰਗਕ ਧਾਰਨਾਵਾਂ ਨੂੰ ਤੋੜਨਾ, ਅਤੇ ਔਰਤਾਂ ਅਤੇ ਪੁਰਸ਼ਾਂ ਬਾਰੇ ਲੋਕਾਂ ਦੀ ਵਿਚਾਰਧਾਰਾ ਨੂੰ ਲਿੰਗਕ ਧਾਰਨਾਵਾਂ ਤੋਂ ਅੱਗੇ ਦੇਖਣ ਲਈ ਪ੍ਰੇਰਿਤ ਕਰਨਾ ਹੈ।
ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੇਸ਼ ਦੀ ਚੋਟੀ ਦੀ ਸੰਸਥਾ, 'ਸਾਇੰਸ ਐਂਡ ਟੈਕਨਾਲੋਜੀ ਆਸਟ੍ਰੇਲੀਆ' (STA) ਨੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM) ਵਿੱਚ ਕੰਮ ਕਰ ਰਹੇ 60 ਆਸਟ੍ਰੇਲੀਅਨ ਮਾਹਿਰਾਂ ਨੂੰ ਮੀਡੀਆ ਦੀਆਂ ਸੁਰਖੀਆਂ ਵਿੱਚ ਲਿਆਂਦਾ ਹੈ। STA 1,05,000 ਵਿਗਿਆਨੀਆਂ ਅਤੇ ਤਕਨਾਲੋਜੀ ਖੇਤਰ ਨਾਲ ਜੁੜੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
ਤਿੰਨ ਭਾਰਤੀ ਮੂਲ ਦੀਆਂ ਔਰਤਾਂ - ਨੀਲਿਮਾ ਕਡਿਆਲਾ, ਡਾ. ਅਨਾ ਬਾਬੂਰਾਮਣੀ ਅਤੇ ਡਾ. ਇੰਦਰਾਣੀ ਮੁਖਰਜੀ - ਇਸ ਸਾਲ STEM ਸੁਪਰਸਟਾਰ ਵਜੋਂ ਮਾਨਤਾ ਪ੍ਰਾਪਤ ਲੋਕਾਂ ਵਿੱਚ ਸ਼ਾਮਲ ਹਨ।
'ਚੈਲੇਂਜਰ ਲਿਮਿਟੇਡ' ਵਿਖੇ ਇੱਕ ਆਈ.ਟੀ. ਪ੍ਰੋਗਰਾਮ ਮੈਨੇਜਰ ਕਡਿਆਲਾ ਕੋਲ ਵਿੱਤੀ ਸੇਵਾਵਾਂ, ਸਰਕਾਰ, ਟੇਲਕੋ ਅਤੇ ਐਫ਼.ਐੱਮ.ਸੀ.ਜੀ. ਸਮੇਤ ਕਈ ਉਦਯੋਗਾਂ ਵਿੱਚ ਵੱਡੇ ਪੱਧਰ 'ਤੇ ਪਰਿਵਰਤਨਸ਼ੀਲ ਪ੍ਰੋਗਰਾਮ ਪ੍ਰਦਾਨ ਕਰਨ ਵਿੱਚ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ।
ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਉਹ 2003 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ‘ਮਾਸਟਰ ਆਫ਼ ਬਿਜ਼ਨਸ ਇਨ ਇਨਫਰਮੇਸ਼ਨ ਸਿਸਟਮ’ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਈ ਸੀ।
ਦੂਜੇ ਪਾਸੇ, ਬਾਬੂਰਮਾਣੀ, ਰੱਖਿਆ ਵਿਭਾਗ ਦੇ ਵਿਗਿਆਨ ਅਤੇ ਤਕਨਾਲੋਜੀ ਸਮੂਹ ਵਿੱਚ ਇੱਕ ਵਿਗਿਆਨਕ ਸਲਾਹਕਾਰ ਹੈ, ਅਤੇ ਦਿਮਾਗ ਕਿਵੇਂ ਵਧਦਾ ਹੈ, ਤੇ ਕੰਮ ਕਰਦਾ ਹੈ ਇਸ ਬਾਰੇ ਕੰਮ ਕਰਨ ਲਈ ਹਮੇਸ਼ਾ ਉਤਸੁਕ ਰਹਿੰਦੀ ਹੈ।
ਖਬਰਾਂ ਅਨੁਸਾਰ, "ਇੱਕ ਬਾਇਓਮੈਡੀਕਲ ਖੋਜਕਰਤਾ ਦੇ ਰੂਪ ਵਿੱਚ, ਉਹ ਦਿਮਾਗ ਦੇ ਵਿਕਾਸ ਦੀ ਗੁੰਝਲਦਾਰ ਪ੍ਰਕਿਰਿਆ, ਅਤੇ ਸਦਮੇ ਨਾਲ ਜੁੜੀਆਂ ਦਿਮਾਗ ਦੀਆਂ ਗਤੀਵਿਧੀਆਂ ਬਾਰੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀ ਹੈ।"
ਉਸ ਨੇ ਮੋਨਾਸ਼ ਯੂਨੀਵਰਸਿਟੀ ਤੋਂ ਡਾਕਟਰੇਟ ਪ੍ਰਾਪਤ ਕੀਤੀ, ਅਤੇ 10 ਸਾਲਾਂ ਲਈ ਯੂਰਪ ਵਿੱਚ ਇੱਕ ਖੋਜ ਵਿਦਵਾਨ ਵਜੋਂ ਕੰਮ ਕੀਤਾ।
ਇੰਦਰਾਣੀ ਮੁਖਰਜੀ ਤਸਮਾਨੀਆ ਯੂਨੀਵਰਸਿਟੀ ਵਿਚ 'ਡੀਪ ਟਾਈਮ' ਭੂ-ਵਿਗਿਆਨੀ ਹੈ, ਅਤੇ ਇਸ ਗੱਲ 'ਤੇ ਧਿਆਨ ਕੇਂਦਰਿਤ ਰੱਖਦੀ ਹੈ ਕਿ ਜੀਵ-ਵਿਗਿਆਨਕ ਤਬਦੀਲੀ ਨੂੰ ਕਿਸ ਚੀਜ਼ ਨੇ ਚਲਾਇਆ।
ਉਹ ਤਸਮਾਨੀਆ ਵਿੱਚ ਇੱਕ ਖੋਜਕਾਰ ਵਜੋਂ ਕੰਮ ਕਰ ਰਹੀ ਹੈ, ਨਾਲ ਹੀ ਲੋਕ ਸੰਪਰਕ, ਭੂ-ਵਿਗਿਆਨ ਸੰਚਾਰ ਅਤੇ ਵਿਭਿੰਨਤਾ ਪਹਿਲਕਦਮੀਆਂ ਦੇ ਖੇਤਰਾਂ ਵਿੱਚ ਕੰਮ ਕਰ ਰਹੀ ਹੈ।
ਭਾਰਤੀਆਂ ਤੋਂ ਇਲਾਵਾ ਸ਼੍ਰੀਲੰਕਾ ਦੀਆਂ ਮਹਿਲਾ ਵਿਗਿਆਨੀਆਂ ਨੂੰ ਵੀ ਇਸ ਲਈ ਚੁਣਿਆ ਗਿਆ ਹੈ।