
ਡਾ. ਸਿੰਘ ਨੇ ਰਾਜਨੇਤਾ ਵਜੋਂ ਅਪਣੇ ਜੀਵਨ-ਕਾਲ ਦੌਰਾਨ ਜਨਤਕ ਤੇ ਨਿੱਜੀ ਜ਼ਿੰਦਗੀ ਦਰਮਿਆਨ ਫ਼ਾਸਲਾ ਨਿਰੰਤਰ ਬਰਕਰਾਰ ਰੱਖਿਆ ਸੀ।
Editorial: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਚਲਾਣੇ ਮਗਰੋਂ ਉਨ੍ਹਾਂ ਦੇ ਸਸਕਾਰ ਦੀ ਥਾਂ, ਸਸਕਾਰ ਦੇ ਪ੍ਰਬੰਧਾਂ, ਉਨ੍ਹਾਂ ਦੀ ਯਾਦਗਾਰ ਲਈ ਥਾਂ ਦੀ ਤਲਾਸ਼ ਅਤੇ ਇਸ ਚਲਾਣੇ ਨਾਲ ਜੁੜੀਆਂ ਹੋਰਨਾਂ ਰਹੁਰੀਤਾਂ ਨੂੰ ਲੈ ਕੇ ਜਿਸ ਕਿਸਮ ਦਾ ਵਾਦ-ਵਿਵਾਦ ਪਿਛਲੇ ਪੰਜ ਦਿਨਾਂ ਦੌਰਾਨ ਦੇਖਣ-ਸੁਣਨ ਨੂੰ ਮਿਲਿਆ ਹੈ, ਉਹ ਅਫ਼ਸੋਸਨਾਕ ਹੈ। ਇਕ ਗ਼ਮਜ਼ਦਾ ਪਰਿਵਾਰ ਦਾ ਦੁੱਖ-ਦਰਦ ਵੰਡਾਉਣ ਦੀ ਥਾਂ ਦੇਸ਼ ਦੀਆਂ ਦੋਵੇਂ ਪ੍ਰਮੁੱਖ ਰਾਜਸੀ ਪਾਰਟੀਆਂ ਨੀਵੇਂ ਪੱਧਰ ਦੀ ਰਾਜਨੀਤੀ ਵਿਚ ਉਲਝੀਆਂ ਹੋਈਆਂ ਹਨ।
ਜਿਸ ਕਿਸਮ ਦੀ ਤੋਹਮਤਬਾਜ਼ੀ ਦੋਵਾਂ ਵਲੋਂ ਕੀਤੀ ਜਾ ਰਹੀ ਹੈ, ਉਹ ਰਾਸ਼ਟਰ ਨੂੰ ਸ਼ਰਮਸਾਰ ਕਰਨ ਵਾਲੀ ਹੈ। ਤੋਹਮਤਾਂ ਦਾ ਦੌਰ ਡਾ. ਮਨਮੋਹਨ ਸਿੰਘ ਦੇ ਚਲਾਣੇ ਤੋਂ ਅਗਲੇ ਹੀ ਦਿਨ ਸ਼ੁਰੂ ਹੋ ਗਿਆ ਜਦੋਂ ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਦੇ ਸਸਕਾਰ ਤੇ ਸਮਾਰਕ ਲਈ ਥਾਂ ਦੇਣ ਵਾਸਤੇ ਤਿਆਰ ਨਹੀਂ।
ਤੀਜੇ ਦਿਨ ਸਸਕਾਰ ਵਾਸਤੇ ਥਾਂ (ਨਿਗਮ ਬੋਧ ਘਾਟ) ਦੀ ਚੋਣ ਅਤੇ ਸਸਕਾਰ ਸਮੇਂ ਸੁਚੱਜੇ ਪ੍ਰਬੰਧਾਂ ਦੀ ਘਾਟ ਦੇ ਦੋਸ਼ ਲਾਏ ਗਏ। ਫਿਰ ਇਹ ਸ਼ਿਕਵੇ ਕੀਤੇ ਗਏ ਕਿ ਸਸਕਾਰ ਸਮੇਂ ਦੂਰਦਰਸ਼ਨ ਦੇ ਕੈਮਰਿਆਂ ਦਾ ਫੋਕਸ ਪ੍ਰਧਾਨ ਮੰਤਰੀ ’ਤੇ ਰਿਹਾ, ਮ੍ਰਿਤਕ ਨੇਤਾ ਦੇ ਪਰਿਵਾਰ ਜਾਂ ਕਾਂਗਰਸੀ ਆਗੂਆਂ ਨੂੰ ਢੁਕਵੀਂ ਕਵਰੇਜ ਨਹੀਂ ਦਿਤੀ ਗਈ। ਅਗਲੇ ਦਿਨ ਇਹ ਦੋਸ਼ ਦੁਹਰਾਏ ਗਏ ਕਿ ਸਰਕਾਰ, ਡਾ. ਸਿੰਘ ਦੇ ਸਮਾਰਕ ਲਈ ਥਾਂ ਦੀ ਚੋਣ ਵਿਚ ਜਾਣ-ਬੁੱਝ ਕੇ ਦੇਰੀ ਕਰ ਰਹੀ ਹੈ। ਫਿਰ ਸਾਬਕਾ ਪ੍ਰਧਾਨ ਮੰਤਰੀ ਲਈ ‘ਭਾਰਤ ਰਤਨ’ ਦੇ ਐਲਾਨ ਦੀ ਮੰਗ ਉਭਾਰੀ ਗਈ।
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਦਾ ਰੁਖ਼ ਵੀ ਸੰਜਮੀ ਨਹੀਂ ਰਿਹਾ। ਉਸ ਨੇ ਸਾਲ 2013 ਵਿਚ ਡਾ. ਸਿੰਘ ਦੀ ਕੈਬਨਿਟ ਵਲੋਂ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿਤਾ ਕਿ ਜਿਸ ਰਾਹੀਂ ਰਾਸ਼ਟਰੀ ਸਮ੍ਰਿਤੀ ਸਥਲ (ਰਾਜਘਾਟ ਅਤੇ ਹੋਰ ਰਾਜਨੇਤਾਵਾਂ ਦੇ ਸਮਾਰਕਾਂ ਵਾਲੀ ਥਾਂ) ਵਿਚ ਕੋਈ ਨਵੀਂ ਯਾਦਗਾਰ ਸਥਾਪਿਤ ਕਰਨ ’ਤੇ ਰੋਕ ਲਾ ਦਿਤੀ ਗਈ ਸੀ। ਪਾਰਟੀ ਨੇ ਦਾਅਵਾ ਕੀਤਾ ਕਿ ਉਪਰੋਕਤ ਮਤੇ ਦੇ ਬਾਵਜੂਦ ਸਰਕਾਰ ਉਸ ਖੇਤਰ ਵਿਚ ਡਾ. ਸਿੰਘ ਦੀ ਯਾਦਗਾਰ ਲਈ ਥਾਂ ਤਲਾਸ਼ ਰਹੀ ਹੈ ਅਤੇ ਇਸ ਸਬੰਧੀ ਕਾਂਗਰਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ।
ਪਾਰਟੀ ਨੇ ਸਸਕਾਰ ਲਈ ਨਿਗਮ ਬੋਧ ਘਾਟ ਦੀ ਚੋਣ ਨੂੰ ਵੀ ਜਾਇਜ਼ ਕਰਾਰ ਦਿਤਾ ਅਤੇ ਸਸਕਾਰ ਸਮੇਂ ਦੀਆਂ ਰਸਮਾਂ ਨੂੰ ਸਰਕਾਰੀ ਪ੍ਰੋਟੋਕੋਲ ਦੇ ਮੂਜਬ ਦਸਿਆ। ਇਸ ਨੇ ਡਾ. ਸਿੰਘ ਦਾ ਅੰਗੀਠਾ ਸਮੇਟਣ ਤੇ ਇਸ ਦੇ ਜਲ-ਪ੍ਰਵਾਹ ਸਮੇਂ ਕਾਂਗਰਸੀ ਨੇਤਾਵਾਂ ਦੀ ਮੁਕੰਮਲ ਗ਼ੈਰਹਾਜ਼ਰੀ ਉੱਤੇ ਸਵਾਲ ਉਠਾਏ ਅਤੇ ਫਿਰ ਰਾਹੁਲ ਗਾਂਧੀ ਦੇ ਵੀਅਤਨਾਮ ਚਲੇ ਜਾਣ ਉੱਤੇ ਇਹ ਕਹਿੰਦਿਆਂ ਇਤਰਾਜ਼ ਕੀਤਾ ਕਿ ਸਰਕਾਰ ਵਲੋਂ ਐਲਾਨੇ ਸੱਤ ਦਿਨਾਂ ਦੇ ਸਰਕਾਰੀ ਸੋਗ ਦੇ ਬਾਵਜੂਦ ਵਿਰੋਧੀ ਧਿਰ ਦਾ ਨੇਤਾ ਨਵੇਂ ਵਰ੍ਹੇ ਦੇ ਜਸ਼ਨ ਮਨਾਉਣ ਲਈ ਵਿਦੇਸ਼ ਚਲਾ ਗਿਆ ਹੈ।
ਦੋਵਾਂ ਧਿਰਾਂ ਵਲੋਂ ਉਪਰੋਕਤ ਸਾਰੇ ਵਿਵਾਦ ਦੌਰਾਨ ਜਿਸ ਕਿਸਮ ਦੀ ਬੋਲ-ਬਾਣੀ ਦਾ ਸਹਾਰਾ ਲਿਆ ਗਿਆ, ਉਹ ਸਹੀ ਮਾਅਨਿਆਂ ਵਿਚ ਹਲਕੀ ਕਿਸਮ ਦੀ ਸੀ। ਦਰਅਸਲ, ਜਿਸ ਢੰਗ ਨਾਲ ਇਹ ਕਾਵਾਂ-ਰੌਲੀ ਚਲਦੀ ਆ ਰਹੀ ਹੈ, ਉਸ ਤੋਂ ਮਨ ਵਿਚ ਇਕੋ ਸਵਾਲ ਉੱਠਦਾ ਹੈ ਕਿ ਤਹਿਜ਼ੀਬਯਾਫ਼ਤਾ ਰਾਜਸੀ ਸਹਿਚਾਰ ਕਿੱਥੇ ਗਾਇਬ ਹੋ ਗਿਆ ਹੈ?
ਇਸ ਸਾਰੀ ਸਥਿਤੀ ਤੋਂ ਉਲਟ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਜਿਸ ਤਹੱਮਲ ਤੇ ਸੁਹਜ ਦਾ ਮੁਜ਼ਾਹਰਾ ਕੀਤਾ, ਉਹ ਸਚਮੁੱਚ ਹੀ ਸਰਾਹਨਾਯੋਗ ਹੈ। ਡਾ. ਸਿੰਘ ਨੇ ਰਾਜਨੇਤਾ ਵਜੋਂ ਅਪਣੇ ਜੀਵਨ-ਕਾਲ ਦੌਰਾਨ ਜਨਤਕ ਤੇ ਨਿੱਜੀ ਜ਼ਿੰਦਗੀ ਦਰਮਿਆਨ ਫ਼ਾਸਲਾ ਨਿਰੰਤਰ ਬਰਕਰਾਰ ਰੱਖਿਆ ਸੀ। ਇਹੋ ਜ਼ਹਾਨਤ ਉਨ੍ਹਾਂ ਦੀਆਂ ਬੇਟੀਆਂ ਦੀ ਜੀਵਨ-ਜਾਚ ਰਹੀ ਹੈ। ਡਾ. ਸਿੰਘ ਦੇ ਇੰਤਕਾਲ ਮਗਰੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਰਸਮਾਂ ਵਾਲੇ ਪ੍ਰੋਟੋਕੋਲ ਨੇ ਪਰਿਵਾਰ ਦੀ ਨਿੱਜਤਾ ਵਿਚ ਜੋ ਖ਼ਲਲ ਪਾਇਆ, ਉਹ ਪਰਿਵਾਰ ਦੇ ਜੀਆਂ ਦੇ ਚਿਹਰਿਆਂ ਤੋਂ ਸਪਸ਼ੱਟ ਸੀ। ਉਪਰੋਂ ਦੋਵਾਂ ਪ੍ਰਮੁੱਖ ਰਾਜਸੀ ਧਿਰਾਂ ਦੀ ਬੇਲੋੜੀ ਮਾਅਰਕੇਬਾਜ਼ੀ ਤੇ ਕੜਵਾਹਟ। ਚੰਗੀ ਗੱਲ ਇਹ ਰਹੀ ਕਿ ਹੋਰਨਾਂ ਰਾਜਸੀ ਧਿਰਾਂ ਨੇ ਇਸ ਪੇਤਲੀ ਰਾਜਨੀਤੀ ਤੋਂ ਪਰਹੇਜ਼ ਕੀਤਾ।
ਸ਼ਾਇਦ ਇਸੇ ਕਿਸਮ ਦੀ ਰਾਜਨੀਤੀ ਤੋਂ ਬਚਣ ਲਈ ਡਾ. ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਫੁੱਲ ਚੁੱਗਣ ਤੇ ਜਲ ਪ੍ਰਵਾਹ ਕੀਤੇ ਜਾਣ ਸਮੇਂ ਸਿਰਫ਼ ਪਰਿਵਾਰਕ ਜੀਆਂ ਦੀ ਹਾਜ਼ਰੀ ’ਤੇ ਜ਼ੋਰ ਦਿਤਾ। ਨਵੇਂ ਵਰ੍ਹੇ ਦੀ ਆਮਦ ਵਾਲੇ ਦਿਨ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਡਾ. ਸਿੰਘ ਦੇ ਪਰਿਵਾਰ ਦੇ ਰੁਖ਼ ਤੋਂ ਰਾਜਸੀ ਧਿਰਾਂ ਕੁੱਝ ਸਬਕ ਸਿੱਖਣਗੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਂਅ ’ਤੇ ਆਡੰਬਰਬਾਜ਼ੀ ਤੋਂ ਗੁਰੇਜ਼ ਕਰਨਗੀਆਂ।