
1986 ਵਿਚ ਵੀ ਨਕੋਦਰ ਵਿਚ ਇਸੇ ਤਰ੍ਹਾਂ ਹੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ ਤੇ ਫਿਰ ਗੋਲੀਆਂ ਚਲਾ ਕੇ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਬੰਦ ਕਰ ਦਿਤੀ ਗਈ।
‘‘ਹੱਥ ਕੰਗਣ ਨੂੰ ਆਰਸੀ ਕੀ’’ ਪਰ ਕਈ ਵਾਰ ਆਰਸੀ (ਸ਼ੀਸ਼ੇ) ਦੀ ਲੋੜ ਨਹੀਂ ਹੁੰਦੀ, ਵੇਖਣ ਵਾਲੇ ਦੀ ਨਜ਼ਰ ਹੀ ਤਹਿ ਕਰਦੀ ਹੈ ਕਿ ਉਹ ਕੀ ਵੇਖਣਾ ਚਾਹੁੰਦੀ ਹੈ। ਇਹੀ ਹਾਲ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਤੇ ਬਰਗਾੜੀ ਬੇਅਦਬੀ ਦੀ ਜਾਂਚ ਵਿਚ ਹੋ ਰਿਹਾ ਹੈ। ਆਮ ਨਜ਼ਰ ਨਾਲ ਵੇਖਿਆਂ ਵੀ ਸਾਫ਼ ਪਤਾ ਲੱਗ ਜਾਂਦਾ ਸੀ ਕਿ ਇਹ ਸਾਰਾ ਸਾਕਾ ਕਿਸ ਨੇ ਤੇ ਕਿਉਂ ਰਚਾਇਆ।
1986 ਵਿਚ ਵੀ ਨਕੋਦਰ ਵਿਚ ਇਸੇ ਤਰ੍ਹਾਂ ਹੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ ਤੇ ਫਿਰ ਗੋਲੀਆਂ ਚਲਾ ਕੇ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਬੰਦ ਕਰ ਦਿਤੀ ਗਈ। ਉਸ ਵਕਤ ਵੀ ਸਿੱਖ ਸ਼ਾਂਤਮਈ ਵਿਰੋਧ ਕਰ ਰਹੇ ਸਨ ਤੇ ਪੰਜਾਬ ਪੁਲਿਸ ਨੇ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਾਈਆਂ ਤੇ ਇਹੀ 2015 ਵਿਚ ਹੋਇਆ। 2015 ਵਿਚ ਵੀ ਤੇ 1986 ਵਿਚ ਵੀ, ਅਕਾਲੀ ਦਲ ਦੀ ਹੀ ਸਰਕਾਰ ਸੀ।
2015 ਵਿਚ ਤਣਾਅ ਬਣਿਆ, ਚੁਨੌਤੀ ਦੇ ਪੋਸਟਰ ਲਗਾਏ ਗਏ ਪਰ ਫਿਰ ਵੀ ਨਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਿਆ ਗਿਆ ਤੇ ਨਾ ਹੀ ਪੰਜਾਬ ਪੁਲਿਸ ਦੀ ਲਗਾਮ ਖਿੱਚੀ ਗਈ। ਇਹ ਅਪਣੇ ਆਪ ’ਚ ਹੀ ਬੜਾ ਦਰਦਨਾਕ ਤੱਥ ਹੈ ਕਿ ਸਿੱਖਾਂ ਨੂੰ ਮਾਰ, ਪੰਥਕ ਸਰਕਾਰ ਵੇਲੇ ਵੀ ਘੱਟ ਨਹੀਂ ਪੈਂਦੀ। ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਨਸ਼ਾ ਕਿਥੋਂ ਆਉਂਦਾ ਰਿਹਾ, ਬੇਅਦਬੀਆਂ ਕਿਸ ਨੇ ਕਰਵਾਈਆਂ, ਸੈਣੀ ਨੂੰ ਡੀਜੀਪੀ ਕਿਸ ਨੇ ਲਗਾਇਆ, ਆਈਜੀ ਪਰਮਰਾਜ ਨੂੰ ਕੋਟਕਪੂਰਾ ਕਿਉਂ ਭੇਜਿਆ, ਕਿਸ ਨਾਲ ਉਨ੍ਹਾਂ ਦੀ ਲਗਾਤਾਰ 40 ਮਿੰਟ ਫ਼ੋਨਕਾਲ ਹੁੰਦੀ ਰਹੀ ਤੇ ਇਹ ਕਿਉਂ ਕਰਵਾਇਆ ਗਿਆ?
ਪਰ ਅੱਜ ਸਾਲਾਂ ਬਾਅਦ ਵੀ ਛੇਵੀਂ S9“ ਜੋ ਕਿ ਆਈਜੀ ਯਾਦਵ ਦੇ ਅਧੀਨ ਹੈ, ਨਵੇਂ ਖੁਲਾਸੇ ਕਰ ਰਹੀ ਹੈ। ਇਹ ਉਹੀ ਗੱਲਾਂ ਦਸ ਰਹੀ ਹੈ ਜੋ ਕਿ ਪਹਿਲਾਂ ਹੀ ਸੱਥਾਂ ਵਿਚ ਫੁਸਫਸਾਈਆਂ ਜਾ ਰਹੀਆਂ ਸਨ। ਜਿਹੜਾ ਵੀਡੀਉ ਪਹਿਲੇ ਦਿਨ ਤੋਂ ਸਾਹਮਣੇ ਸੀ, ਉਨ੍ਹਾਂ ਨੂੰ ਹੀ ਖੰਘਾਲ ਕੇ ਨਵੀਂ ਸਪਲੀਮੈਂਟਰੀ ਰੀਪੋਰਟ ਪੇਸ਼ ਕਰਨ ਦੀ ਤਿਆਰੀ ਵਿਚ ਹੈ ਜਿਸ ਅਨੁਸਾਰ ਇਕ ਸ਼ਖ਼ਸ ਪੁਲਿਸ ਨਾਲ ਖੜਾ ਵਿਖਾਈ ਦੇ ਰਿਹਾ ਹੈ।
ਉਸ ਦੇ ਹੱਥ ਵਿਚ ਹਥਿਆਰ ਸੀ ਜਿਸ ਨਾਲ ਉਸ ਨੇ ਪੁਲਿਸ ’ਤੇ ਵਾਰ ਵੀ ਕੀਤਾ ਜਦ ਮਹਿਜ਼ 15 ਮਿੰਟ ਪਾਠ ਦੇ ਬਾਕੀ ਸਨ ਪਰ ਸਥਿਤੀ ਨੂੰ ਜੰਗੀ ਹਾਲਤ ਵਿਚ ਬਦਲ ਦਿਤਾ ਪਰ ਅੱਜ ਤਕ ਕਿਸੇ ਨੇ ਇਸ ਬਾਰੇ ਜਾਂਚ ਹੀ ਨਾ ਕੀਤੀ। ਕਿਉਂ? ਜਿਹੜੇ ਪੁਰਾਣੇ ਸਬੂਤਾਂ ਚੋਂ ਨਵੇਂ ਸਬੂਤ ਕੱਢੇ ਗਏ ਹਨ, ਉਹ ਇਹੀ ਦਰਸਾਉਂਦੇ ਹਨ ਕਿ ਨਾ ਸਿਰਫ਼ ਅਕਾਲੀ ਸਰਕਾਰ ਦੇ ਵਕਤ ਦੀ ਐਸ.ਆਈ.ਟੀ. ਦੀ ਜਾਂਚ ਅਧੂਰੀ ਸੀ ਬਲਕਿ ਕੰਵਰ ਵਿਜੇ ਪ੍ਰਤਾਪ ਨੂੰ ਵੀ ਇਹ ਸ਼ਖ਼ਸ ਨਜ਼ਰ ਨਾ ਆਇਆ। ਜਿਵੇਂ ਅੱਜ ਤਕ ਦਿੱਲੀ ਨਸਲਕੁਸ਼ੀ ਤੋਂ ਬਾਅਦ ਦੇ ਸਾਲਾਂ ਵਿਚ ਸੱਚ ਸਾਹਮਣੇ ਨਹੀਂ ਆਉਣ ਦਿਤਾ ਗਿਆ, ਪੰਜਾਬ ਦੇ ਇਸ ਦਰਦਨਾਕ ਹਾਦਸੇ ਦਾ ਸੱਚ ਛੁਪਾਣ ਵਿਚ ਵੀ ਅਕਾਲੀ ਤੇ ਕਾਂਗਰਸ ਸਰਕਾਰਾਂ ਸ਼ਾਮਲ ਸਨ।
ਅਜੇ ਨਵੀਂ ਐਸ.ਆਈ.ਟੀ ਦੇ ਇਹ ਦਾਅਵੇ ਸਾਬਤ ਨਹੀਂ ਹੋਏ ਪਰ ਆਰਸੀ ਸੱਭ ਕੁੱਝ ਸਾਫ਼ ਵਿਖਾ ਰਹੀ ਹੈ। ਜਨਤਾ ਵੀ ਸੱਚ ਜਾਣਦੀ ਹੈ ਕਿਉਂਕਿ ਚੋਣਾਂ ਦੇ ਨਤੀਜਿਆਂ ਨੇ ਕੁੱਝ ਸਜ਼ਾ ਸੁਣਾ ਦਿਤੀ ਹੈ ਤੇ ਬਾਕੀ ਆਉਣ ਵਾਲੀਆਂ ਚੋਣਾਂ ਵਿਚ ਪੂਰੀ ਕਰ ਦੇਵੇਗੀ। ਪਰ ਕੀ ਕੋਟਕਪੂਰੇ ਮਾਮਲੇ ਵਿਚ ਨਿਆਂ ਮਿਲੇਗਾ ਜਾਂ ਹਮੇਸ਼ਾਂ ਵਾਂਗ ਸਿੱਖਾਂ ਦੇ ਜ਼ਖ਼ਮ ਸੁਲਗਦੇ ਹੀ ਰੱਖੇ ਜਾਣਗੇ?
- ਨਿਮਰਤ ਕੌਰ