Editorial: ਇਰਾਨ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਜੇ ਇਜ਼ਰਾਈਲ ਨੇ ਕੋਈ ਜਵਾਬੀ ਕਾਰਵਾਈ ਕੀਤੀ ਤਾਂ ‘ਇੱਟ ਦਾ ਜਵਾਬ ਪੱਥਰ’ ਨਾਲ ਦਿਤਾ ਜਾਵੇਗਾ।
Editorial: ਇਰਾਨ ਵਲੋਂ ਇਜ਼ਰਾਈਲ ਉਪਰ ਕੀਤੇ ਗਏ ਮਿਸਾਈਲ ਹਮਲਿਆਂ ਤੋਂ ਬਾਅਦ ਮੱਧ-ਪੂਰਬ ਵਿਚ ਜੰਗ ਦਾ ਦਾਇਰਾ ਵਧਣ ਦੇ ਖ਼ਦਸ਼ੇ ਆਲਮੀ ਨੇਤਾਵਾਂ ਵਲੋਂ ਲਗਾਤਾਰ ਪ੍ਰਗਟਾਏ ਜਾ ਰਹੇ ਹਨ। ਨਾਲ ਹੀ ਇਜ਼ਰਾਈਲ ਨੂੰ ਕੁੱਝ ਤਹੱਮਲ ਵਰਤਣ ਦੇ ਮਸ਼ਵਰੇ ਵੀ ਮਿਲ ਰਹੇ ਹਨ। ਇਰਾਨ ਨੇ ਮੰਗਲਵਾਰ ਨੂੰ ਇਜ਼ਰਾਇਲੀ ਫ਼ੌਜੀ ਤੇ ਗ਼ੈਰ-ਫ਼ੌਜੀ ਠਿਕਾਣਿਆਂ ਵਲ 200 ਦੇ ਕਰੀਬ ਮਿਸਾਈਲ ਦਾਗ਼ੇ। ਇਨ੍ਹਾਂ ਨੂੰ ਦਾਗ਼ਣ ਲਈ ਇਰਾਕੀ ਭੂਮੀ ਦੀ ਵੀ ਵਰਤੋਂ ਕੀਤੀ ਗਈ ਅਤੇ ਸੀਰੀਆ ਦੀ ਧਰਤ ਦੀ ਵੀ।
ਇਜ਼ਰਾਇਲੀ ਫ਼ੌਜ ਦਾ ਦਾਅਵਾ ਹੈ ਕਿ 190 ਮਿਸਾਈਲ, ਇਜ਼ਰਾਇਲੀ ਆਕਾਸ਼ ਵਿਚ ਹੀ ਬੇਅਸਰ ਬਣਾ ਦਿਤੇ ਗਏ ਤੇ ਕੁੱਝ ਫੋਕੇ ਨਿਕਲੇ। ਸਿਰਫ਼ ਇਕ ਮਿਸਾਈਲ ਫ਼ਲਸਤੀਨੀ ਆਬਾਦੀ ਵਾਲੇ ਖਿੱਤੇ-ਪਛਮੀ ਕੰਢੇ ਵਿਚ ਡਿੱਗਿਆ ਅਤੇ ਇਸ ਕਾਰਨ ਇਕ ਫ਼ਲਸਤੀਨੀ ਨਾਗਰਿਕ ਦੀ ਮੌਤ ਹੋ ਗਈ। ਇਜ਼ਰਾਈਲ ਸਰਕਾਰ ਨੇ ਇਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਧਮਕੀ ਦਿਤੀ ਹੈ।
ਦੂਜੇ ਪਾਸੇ ਇਰਾਨ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਜੇ ਇਜ਼ਰਾਈਲ ਨੇ ਕੋਈ ਜਵਾਬੀ ਕਾਰਵਾਈ ਕੀਤੀ ਤਾਂ ‘ਇੱਟ ਦਾ ਜਵਾਬ ਪੱਥਰ’ ਨਾਲ ਦਿਤਾ ਜਾਵੇਗਾ। ਅਜਿਹੇ ਜੰਗਬਾਜ਼ਾਨਾ ਮਾਹੌਲ ਦੌਰਾਨ ਕਈ ਰਸੂਖ਼ਵਾਨ ਆਲਮੀ ਲੀਡਰ ਕੋਸ਼ਿਸ਼ ਕਰ ਰਹੇ ਹਨ ਕਿ ਇਰਾਨ ਤੇ ਇਜ਼ਰਾਈਲ ਦਰਮਿਆਨ ਜੰਗੀ ਅਖਾੜਾ ਹੋਰ ਨਾ ਭਖੇ।
ਜਰਮਨੀ, ਫਰਾਂਸ ਤੇ ਬ੍ਰਿਟੇਨ ਦੇ ਸਰਬਰਾਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਸਫ਼ਾਰਤੀ ਸਰੋਤਾਂ ਰਾਹੀਂ ਸਲਾਹ ਦਿਤੀ ਹੈ ਕਿ ਉਹ ਇਰਾਨ ਖ਼ਿਲਾਫ਼ ਜ਼ਿਆਦਾ ਤੱਤੀ ਸ਼ਬਦਾਵਲੀ ਵਰਤਣ ਤੋਂ ਪਰਹੇਜ਼ ਕਰਨ ਅਤੇ ਅਮਰੀਕੀ ਜਲ ਸੈਨਾ ਦੇ ਸਤਵੇਂ ਬੇੜੇ ਨੂੰ ਖਾੜੀ ਅਰਬ ਵਿਚ ਇਰਾਨੀ ਬੰਦਰਗਾਹ ਬਸਰਾ ਦੇ ਨੇੜੇ ਨਾ ਭੇਜਣ ਤਾਂ ਜੋ ਇਰਾਨ ਇਹ ਸ਼ਿਕਵਾ ਨਾ ਕਰ ਸਕੇ ਕਿ ਉਸ ਦੇ ਸਮੁੰਦਰੀ ਲਾਂਘਿਆਂ ਦੇ ਅੱਗੇ ਅਮਰੀਕਾ ਨੇ ਫ਼ੌਜੀ ਨਾਕਾਬੰਦੀ ਕਰ ਰੱਖੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇਰਾਨ ਨਾਲ ਸਿੱਧੀ ਦੁਸ਼ਮਣੀ ਹੈ। ਹੋਰਨਾਂ ਕਾਰਨਾਂ ਤੋਂ ਇਲਾਵਾ ਇਸ ਦੁਸ਼ਮਣੀ ਕਰ ਕੇ ਵੀ ਉਹ, ਇਜ਼ਰਾਈਲ ਦਾ ਹਮੇਸ਼ਾਂ ਸਾਥ ਦਿੰਦਾ ਆਇਆ ਹੈ। ਅਮਰੀਕੀ ਰਾਸ਼ਟਰਪਤੀ ਦੇ ਤਰਜਮਾਨ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਇਰਾਨੀ ਤੇ ਹਾਊਦੀ ਮਿਸਾਈਲਾਂ ਨੂੰ ਬੇਅਸਰ ਬਣਾਉਣ ਵਿਚ ਅਮਰੀਕੀ ਜੰਗੀ ਬੇੜੇ ਨੇ ਇਜ਼ਰਾਇਲੀ ਫ਼ੌਜ ਦਾ ਸਾਥ ਦਿਤਾ ਸੀ ਅਤੇ ਭਵਿੱਖ ਵਿਚ ਵੀ ਅਮਰੀਕਾ, ਇਜ਼ਰਾਈਲ ਦੀ ਹਿਫ਼ਾਜ਼ਤ ਵਿਚ ਸਹਿਯੋਗ ਦਿੰਦਾ ਰਹੇਗਾ।
ਕੌਮਾਂਤਰੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਇਹੋ ਰੁਖ਼, ਜਿਥੇ ਇਜ਼ਰਾਈਲ ਵਾਸਤੇ ਹੱਲਾਸ਼ੇਰੀ ਸਾਬਤ ਹੋ ਰਿਹਾ ਹੈ, ਉਥੇ ਮੱਧ-ਪੂਰਬ ਦੇ ਜੰਗੀ ਪਿੜ ਵਿਚ ਅਮਰੀਕਾ ਦੇ ਵੀ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵਧਾ ਰਿਹਾ ਹੈ।
ਇਜ਼ਰਾਈਲ ਤੇ ਇਰਾਨ ਦਰਮਿਆਨ ਸਿੱਧੀ ਜ਼ਮੀਨੀ ਜੰਗ ਭੂਗੋਲਿਕ ਤੌਰ ’ਤੇ ਸੰਭਵ ਨਹੀਂ। ਦੋਵਾਂ ਦਰਮਿਆਨ ਇਰਾਕ ਤੇ ਸੀਰੀਆ ਆ ਜਾਂਦੇ ਹਨ। ਇਸੇ ਲਈ ਇਰਾਨ, ਇਜ਼ਰਾਈਲ ਨੂੰ ਘੇਰਨ ਅਤੇ ਮੱਧ-ਪੂਰਬ ਵਿਚ ਇਸਲਾਮੀ ਜਗਤ ਦੇ ਸਭ ਤੋਂ ਵੱਡੇ ਰਾਖੇ ਵਜੋਂ ਉਭਰਨ ਵਾਸਤੇ ਹਮਾਸ, ਹਿਜ਼ਬੁੱਲਾ ਤੇ (ਯਮਨ ਦੇ) ਹਾਊਦੀਆਂ ਨੂੰ ਮੋਹਰਿਆਂ ਵਾਂਗ ਵਰਤਦਾ ਆਇਆ ਹੈ। ਉਂਜ, ਜਿਸ ਸਫ਼ਾਈ ਨਾਲ ਇਜ਼ਰਾਇਲੀ ਖ਼ੁਫ਼ੀਆ ਏਜੰਸੀ ‘ਮੌਸੇਦ’ ਨੇ ਇਰਾਨੀ ਰਾਜਧਾਨੀ ਤਹਿਰਾਨ ਵਿਚ ਜੁਲਾਈ ਮਹੀਨੇ ਦੌਰਾਨ ‘ਹਮਾਸ’ ਦੇ ਉੱਚ ਆਗੂ ਇਸਮਾਈਲ ਹਾਨੀਆ ਦੀ ਜਾਨ ਲਈ, ਉਸ ਤੋਂ ਇਰਾਨੀ ਲੀਡਰਸ਼ਿਪ ਨੂੰ ਕੰਨ ਹੋ ਚੁੱਕੇ ਹਨ ਕਿ ਇਰਾਨ ਦਾ ਕੋਈ ਵੀ ਕੋਨਾ ਇਜ਼ਰਾਈਲ ਦੀ ਮਾਰੂ ਸ਼ਕਤੀ ਤੋਂ ਬਚਿਆ ਹੋਇਆ ਨਹੀਂ।
ਹੁਣ ਵੀ ਇਰਾਨੀ ਮਿਸਾਈਲ ਹਮਲਿਆਂ ਵਿਚ ਇਜ਼ਰਾਇਲੀਆਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਣਾ ਮੌਸੇੇਦ ਵਲੋਂ ਸਮੇਂ ਸਿਰ ਦਿਤੀ ਗਈ ਇਸ ਖ਼ੁਫ਼ੀਆ ਇਤਲਾਹ ਦਾ ਸਿੱਟਾ ਸੀ ਕਿ ਇਰਾਨ ਕੁੱਝ ਘੰਟਿਆਂ ਦੇ ਅੰਦਰ ਹਮਲੇ ਕਰਨ ਵਾਲਾ ਹੈ। ਇਹ ਗੁਪਤ ਸੂਚਨਾ ਮਿਲਦਿਆਂ ਹੀ ਇਜ਼ਰਾਇਲੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਜ਼ਮੀਨਦੋਜ਼ ਪਨਾਹਗਾਹਾਂ ਜਾਂ ਮੁੱਖ ਸੜਕਾਂ ਕਿਨਾਰੇ ਬਣੀਆਂ ਖਾਈਆਂ-ਖੰਦਕਾਂ ਵਿਚ ਪਨਾਹ ਲੈਣ ਦਾ ਹੁਕਮ ਦੇ ਦਿਤਾ।
ਕਈ ਯੂਰੋਪੀਅਨ ਤੇ ਅਰਬ ਵਿਸ਼ਲੇਸ਼ਣਕਾਰਾਂ ਦਾ ਮੱਤ ਹੈ ਕਿ ਇਰਾਨ ਦੀ ਜੰਗੀ ਸਮਰਥਾ ਏਨੀ ਵਿਆਪਕ ਨਹੀਂ ਕਿ ਉਹ ਇਜ਼ਰਾਈਲ ਨਾਲ ਲੰਮੀ ਲੜਾਈ ਲੜ ਸਕੇ। ਮਿਸਾਈਲ ਹਮਲਿਆਂ ਵਿਚ ਇਜ਼ਰਾਈਲ ਦਾ ਜਾਨੀ-ਮਾਲੀ ਨੁਕਸਾਨ ਨਾ ਹੋਣ ਤੋਂ ਉਸ ਨੂੰ ਇਹ ਫ਼ਾਇਦਾ ਹੋ ਸਕਦਾ ਹੈ ਕਿ ਇਜ਼ਰਾਈਲ ਵੀ ਇਕ ਹੋਰ ਜੰਗੀ ਮੁਹਾਜ਼ ਖੋਲ੍ਹਣ ਅਤੇ ਕਰਾਰਾ ਜਵਾਬ ਦੇਣ ਤੋਂ ਗੁਰੇਜ਼ ਕਰੇ।
ਇਜ਼ਰਾਈਲ ਦੋ ਮੁਹਾਜ਼ਾਂ - ਹਮਾਸ ਤੇ ਹਿਜ਼ਬੁੱਲ੍ਹਾ ਖ਼ਿਲਾਫ਼ ਪਹਿਲਾਂ ਹੀ ਲੜ ਰਿਹਾ ਹੈ। ਦੋਵੇਂ ਮੁਹਾਜ਼ ਬਹੁਤ ਖ਼ੂਨੀ ਸਾਬਤ ਹੋਏ ਹਨ। ਹਜ਼ਾਰਾਂ ਜਾਨਾਂ ਜਾਣ, ਲੱਖ ਤੋਂ ਵੱਧ ਲੋਕ ਜ਼ਖ਼ਮੀ ਹੋਣ ਅਤੇ ਖ਼ਰਬਾਂ ਦੇ ਆਰਥਿਕ ਨੁਕਸਾਨ ਨੇ ਇਨਸਾਨੀਅਤ ਨੂੰ ਬਦਹਾਲ ਕੀਤਾ ਹੋਇਆ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਜੰਗਬਾਜ਼ਾਨਾ ਤੇਵਰ ਭਾਵੇਂ ਨਿੱਤ ਦਿਨ ਤਿਖੇਰੇ ਹੁੰਦੇ ਜਾ ਰਹੇ ਹਨ, ਪਰ ਮੁਲਕ ਦੇ ਲੋਕਾਂ ਵਿਚ ਇਹ ਸੋਚ ਜ਼ੋਰ ਫੜਦੀ ਜਾ ਰਹੀ ਹੈ ਕਿ ਹਮਾਸ ਜਾਂ ਹਿਜ਼ਬੁਲ੍ਹਾ ਨੂੰ ਪੂਰੀ ਤਰ੍ਹਾਂ ਪਸਤ ਕਰਨ ਦੇ ਬਾਵਜੂਦ ਇਜ਼ਰਾਇਲੀ ਨਾਗਰਿਕ ਦਹਿਸ਼ਤੀ ਹਮਲਿਆਂ ਤੋਂ ਬਚ ਨਹੀਂ ਸਕਣਗੇ। ਅਮਨ-ਚੈਨ ਨਾਲ ਜਿਊਣ ਦੀ ਲਾਲਸਾ ਇਜ਼ਰਾਇਲੀ ਸਮਾਜ ਵਿਚ ਪ੍ਰਬਲ ਹੁੰਦੀ ਜਾ ਰਹੀ ਹੈ। ਇਹੋ ਲਾਲਸਾ ਹੀ ਕਿਸੇ ਮੱਧ-ਮਾਰਗੀ ਹੱਲ ਦੀ ਉਮੀਦ ਦਾ ਰਾਹ ਬਣ ਸਕਦੀ ਹੈ।