
ਅੱਜ ਵੀ ਇਹ ਨਸੀਹਤ ਦਿਤੀ ਜਾ ਰਹੀ ਹੈ ਕਿ ਔਰਤਾਂ ਕੀ ਕਰਨ ਤੇ ਕੀ ਨਾ ਕਰਨ ਤਾਕਿ ਉਹ ਸੁਰੱਖਿਅਤ ਰਹਿ ਸਕਣ।
ਹੈਦਰਾਬਾਦ ਵਿਚ ਇਕ ਡਾਕਟਰ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਸਾਰੇ ਭਾਰਤ ਵਿਚ ਗੁੱਸੇ ਦੀ ਜਿਹੜੀ ਲਹਿਰ ਚਲ ਰਹੀ ਹੈ, ਉਸ ਨੂੰ ਵੇਖ ਕੇ ਹੈਰਾਨੀ ਹੋ ਰਹੀ ਹੈ। ਇੰਜ ਜਾਪਦਾ ਹੈ ਜਿਵੇਂ ਨਿਰਭੈ ਤੋਂ ਬਾਅਦ ਕਠੂਆ 'ਚ ਬੱਚੀ ਦਾ ਅਤੇ ਹੁਣ ਇਸ ਡਾਕਟਰ ਦਾ ਬਲਾਤਕਾਰ ਹੀ ਹੋਇਆ ਹੈ ਅਤੇ ਭਾਰਤ ਵਿਚ ਬਾਕੀ ਸਾਰਾ ਸਮਾਂ ਔਰਤਾਂ ਨਾਲ ਮਾੜਾ ਕੁੱਝ ਹੋਇਆ ਹੀ ਨਹੀਂ ਤੇ ਜਿਸ ਤਰ੍ਹਾਂ ਸੀਤਾ ਮਾਤਾ ਦੀ ਪੂਜਾ ਹੁੰਦੀ ਹੈ, ਉਸੇ ਤਰ੍ਹਾਂ ਰੋਜ਼ ਹਰ ਭਾਰਤੀ ਨਾਰੀ ਦਾ ਸਤਿਕਾਰ ਹੀ ਕੀਤਾ ਜਾਂਦਾ ਹੈ।
ਜਿਥੇ ਹਰ ਰੋਜ਼ ਔਰਤ ਨੂੰ ਮਰਦ ਦੇ ਮਰਦਊਪੁਣੇ ਦਾ ਸ਼ਿਕਾਰ ਹੋਣਾ ਪੈਂਦਾ ਹੋਵੇ ਤੇ ਸਾਰਾ ਸਮਾਜ, ਸੱਭ ਕੁੱਝ ਵੇਖ ਕੇ ਵੀ ਚੁਪ ਰਹਿਣ ਦਾ ਆਦੀ ਬਣ ਗਿਆ ਹੋਵੇ, ਉਥੇ ਕਦੇ ਕਿਸੇ ਇਕ ਮਾਮਲੇ ਨੂੰ ਲੈ ਕੇ ਸਾਰਾ ਸਮਾਜ ਉਬਲਣ ਕਿਵੇਂ ਲੱਗ ਪੈਂਦਾ ਹੈ, ਕੁੱਝ ਸਮਝ ਨਹੀਂ ਆਉਂਦੀ। ਜੇ ਇਕ ਭਾਰਤੀ ਨਾਰੀ ਦੀ ਅਸਲੀਅਤ ਦੱਸਾਂ ਤਾਂ 50 ਫ਼ੀ ਸਦੀ ਤੋਂ ਵੱਧ ਔਰਤਾਂ ਨੂੰ, ਆਸਪਾਸ ਦੇ ਮਰਦ ਅਪਣੀਆਂ ਗੋਪੀਆਂ ਦੇ ਰੂਪ ਵਿਚ ਹੀ ਵੇਖਣਾ ਚਾਹੁੰਦੇ ਹਨ ਤੇ ਅਪਣੇ ਆਪ ਨੂੰ ਜ਼ਾਲਮ ਰਾਵਣ ਦੇ ਰੂਪ ਵਿਚ। ਜਦ ਵੀ ਕੋਈ ਇਕੱਲੀ ਔਰਤ ਉਸ ਦੇ ਕਾਬੂ ਹੇਠ ਆਉਂਦੀ ਹੈ ਤਾਂ ਭਾਰਤੀ ਮਰਦ ਰਾਵਣ ਰੂਪ ਹੀ ਬਣ ਸਾਹਮਣੇ ਆਉਣਾ ਚਾਹੁੰਦਾ ਹੈ।
ਇਕ ਭਾਰਤੀ ਨਾਰੀ ਨੂੰ ਮਰਦਾਂ ਵਿਚ ਦੁਰਯੋਧਨ ਦੇ ਪੁੱਤਰ ਅਤੇ ਸ਼ਕੁਨੀ ਮਾਮਾ ਹੀ ਨਜ਼ਰ ਆਉਂਦੇ ਹਨ। ਬਾਕੀ ਦੇ ਮਰਦ ਪਾਂਡਵਾਂ ਅਤੇ ਰਾਮ ਵਰਗੇ ਹੀ ਹੁੰਦੇ ਹਨ ਜੋ ਲੋੜ ਪੈਣ 'ਤੇ ਪਿੱਛੇ ਹਟ ਜਾਂਦੇ ਹਨ ਤੇ ਅਪਣੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਉਸੇ ਨੂੰ ਦੋਸ਼ੀ ਮੰਨ ਕੇ ਘਰੋਂ ਬਾਹਰ ਕੱਢ ਦੇਂਦੇ ਹਨ। ਪਹਿਲਾਂ ਤਾਂ ਔਰਤਾਂ ਨੂੰ ਤੁਸੀ ਵਾਰ ਵਾਰ ਇਹ ਅਹਿਸਾਸ ਕਰਵਾਉਂਦੇ ਹੋ ਕਿ ਤੁਸੀ ਅਬਲਾ ਹੋ, ਕਮਜ਼ੋਰ ਹੋ, ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਹੈ, ਤੁਹਾਨੂੰ ਕਪੜੇ ਠੀਕ ਪਾਉਣੇ ਚਾਹੀਦੇ ਹਨ, ਤੁਸੀ ਦੇਰ ਰਾਤ ਬਾਹਰ ਨਹੀਂ ਜਾਣਾ ਅਤੇ ਤੁਸੀ ਸਾਡੇ ਉਤੇ ਵਿਸ਼ਵਾਸ ਕਰੋ, ਅਸੀਂ ਤੁਹਾਡੀ ਰਾਖੀ ਕਰਾਂਗੇ।
ਰਾਖੀ ਦੀ ਡੋਰ, ਮੰਗਲਸੂਤਰ ਦੀ ਬੇੜੀ, ਘਰ ਦੀ ਦਹਿਲੀਜ਼ ਤੇ ਪ੍ਰਵਾਰ ਦੀ ਮਰਿਆਦਾ ਦੇ ਨਾਂ 'ਤੇ ਔਰਤ ਨੂੰ ਸਮਾਜ ਅਰਧਾਂਗਣੀ ਬਣਾਉਂਦਾ ਹੈ ਅਤੇ ਫਿਰ ਜਦ ਔਰਤ ਇਸ ਸਮਾਜ ਨੂੰ ਅਪਣਾ ਵਿਸ਼ਵਾਸ ਦਿੰਦੀ ਹੈ ਤਾਂ ਸਮਾਜ ਉਸ ਦਾ ਵਾਰ ਵਾਰ ਵਿਸ਼ਵਾਸ ਤੋੜਦਾ ਹੈ। ਜੋ ਲੋਕ ਅੱਜ ਹੈਦਰਾਬਾਦ ਦੇ ਬਲਾਤਕਾਰ 'ਤੇ ਗੁੱਸੇ ਵਿਚ ਆਏ ਹੋਏ ਹਨ, ਉਹ ਜਾਣ ਲੈਣ ਕਿ ਭਾਰਤ ਵਿਚ ਹਰ ਰੋਜ਼ 100 ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਔਰਤਾਂ ਵਾਸਤੇ ਸੱਭ ਤੋਂ ਅਸੁਰੱਖਿਅਤ ਦੇਸ਼ ਦਾ ਖ਼ਿਤਾਬ ਭਾਰਤ ਨੂੰ ਮਿਲ ਚੁੱਕਾ ਹੈ। ਭਾਰਤ ਦੀ ਹਰ ਪਰੰਪਰਾ 'ਚ ਔਰਤਾਂ ਨੂੰ ਨੀਵਾਂ ਵਿਖਾਉਣ ਦੀ ਸੋਚ ਹਾਵੀ ਹੋ ਜਾਂਦੀ ਹੈ।
ਸਿਆਸਤਦਾਨ ਅਪਣੀ ਸੱਤਾ ਦੀ ਤਾਕਤ ਦੇ ਸਹਾਰੇ ਬਲਾਤਕਾਰ ਵੀ ਕਰਦੇ ਹਨ ਤੇ ਉਪਰੋਂ ਪੀੜਤ ਉਤੇ ਹੀ ਪਰਚਾ ਵੀ ਦਰਜ ਕਰਵਾ ਦੇਂਦੇ ਹਨ ਜਿਵੇਂ ਪਿੱਛੇ ਜਿਹੇ ਉੱਤਰ ਪ੍ਰਦੇਸ਼ ਵਿਚ ਹੋਇਆ। ਵਿਆਹ ਦੇ ਨਾਂ 'ਤੇ ਵਪਾਰ ਕਰਦਾ ਹੈ ਇਹ ਦੇਸ਼। ਲੈਣ ਦੇਣ ਵਿਚ ਪ੍ਰਵਾਰ ਅਤੇ ਰਿਸ਼ਤੇਦਾਰ ਭੁੱਖੇ ਹੋ ਜਾਂਦੇ ਹਨ। ਕੋਈ ਇਹ ਨਹੀਂ ਸੋਚਦਾ ਕਿ ਨਵੇਂ ਜੋੜੇ ਨੂੰ ਸਫ਼ਲਤਾ ਪੂਰਵਕ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਕਿਵੇਂ ਕੀਤਾ ਜਾਏ। ਬੇਟੀ ਬਚਾਉ, ਬੇਟੀ ਪੜ੍ਹਾਉ ਵਿਚ ਸਿਰਫ਼ ਮੋਦੀ ਜੀ ਦੀ ਫ਼ੋਟੋ ਵਾਲੇ ਇਸ਼ਤਿਹਾਰਾਂ ਉਤੇ ਹੀ ਸਾਰਾ ਖ਼ਰਚਾ ਹੋਇਆ। ਨਿਰਭੈ ਫ਼ੰਡ ਦਾ ਪਹਿਲਾ ਪੈਸਾ ਖ਼ਰਚਣ ਦੀ ਤਕਲੀਫ਼ ਵੀ ਨਹੀਂ ਕੀਤੀ ਗਈ ਤਾਂ ਨਵਾਂ ਪੈਸਾ ਕਿਥੋਂ ਆਉਣਾ ਸੀ?
ਅੱਜ ਸੜਕ 'ਤੇ ਡਾਕਟਰ ਲੜਕੀ ਮਾਰੀ ਗਈ ਹੈ ਤਾਂ ਸੜਕਾਂ ਦੀ ਸੁਰੱਖਿਆ ਦਾ ਖ਼ਿਆਲ ਆ ਗਿਆ ਪਰ ਸੱਭ ਤੋਂ ਵੱਧ ਔਰਤਾਂ ਅਪਣੇ ਘਰਾਂ 'ਚ ਮਰਦੀਆਂ ਹਨ। ਜਿਸਮਾਨੀ, ਮਾਨਸਕ ਅਤਿਆਚਾਰ ਘਰਾਂ ਵਿਚ ਹੁੰਦਾ ਹੈ ਅਤੇ ਪਤੀ ਵਲੋਂ ਕੀਤੇ ਜਾਂਦੇ ਬਲਾਤਕਾਰ ਨੂੰ ਭਾਰਤੀ ਸਮਾਜ ਮੰਨਣ ਨੂੰ ਹੀ ਤਿਆਰ ਨਹੀਂ। ਭਾਰਤ ਵਿਚ ਔਰਤਾਂ ਉਤੇ ਜਿਸ ਤਰ੍ਹਾਂ ਖ਼ਤਰਾ ਮੰਡਰਾ ਰਿਹਾ ਹੈ, ਉਸ ਮੁਤਾਬਕ ਤਾਂ ਅੱਜ ਇਥੇ ਐਮਰਜੈਂਸੀ ਐਲਾਨੀ ਜਾਣੀ ਚਾਹੀਦੀ ਹੈ। ਪਰ ਸਾਡੀ ਸੰਸਦ ਵਿਚ ਇਕ ਵਾਰੀ ਵੀ ਇਸ ਤੇ ਚਰਚਾ ਕਰਵਾਉਣ ਦੀ ਲੋੜ ਨਹੀਂ ਮਹਿਸੂਸ ਕੀਤੀ ਗਈ।
ਅੱਜ ਵੀ ਇਹ ਨਸੀਹਤ ਦਿਤੀ ਜਾ ਰਹੀ ਹੈ ਕਿ ਔਰਤਾਂ ਕੀ ਕਰਨ ਤੇ ਕੀ ਨਾ ਕਰਨ ਤਾਕਿ ਉਹ ਸੁਰੱਖਿਅਤ ਰਹਿ ਸਕਣ। ਕਪੜੇ ਕਿਸ ਤਰ੍ਹਾਂ ਦੇ ਪਾਉਣ, ਕਿਸ ਤਰ੍ਹਾਂ ਘਰੋਂ ਬਾਹਰ ਨਿਕਲਣ, ਵਗ਼ੈਰਾ ਵਗ਼ੈਰਾ। ਅਜਿਹੀਆਂ ਪਾਬੰਦੀਆਂ ਕੇਵਲ ਔਰਤਾਂ ਉਤੇ ਲਾਉਣ ਦੀ ਸਲਾਹ ਦੇਣ ਵਾਲਿਆਂ ਨੂੰ ਇਕ ਪਲ ਵਾਸਤੇ ਕਿਸੇ ਗਲੀ ਦੇ ਕੁੱਤੇ ਵਲ ਧਿਆਨ ਦੇਣ ਦੀ ਸਲਾਹ ਦਿਤੀ ਜਾਣੀ ਚਾਹੀਦੀ ਹੈ।
ਇਕ ਕੁੱਤੇ ਨੂੰ ਵੀ ਕੁੱਤੀ ਦੀ ਨਾਂਹ ਸਮਝ ਆਉਂਦੀ ਹੈ ਅਤੇ ਉਹ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰਦਾ। ਸਾਡੇ ਮੁੰਡਿਆਂ ਦੀ ਸੋਚ ਪਾਲਤੂ ਕੁੱਤਿਆਂ ਤੋਂ ਵੀ ਬਦਤਰ ਹੈ। ਮੁੱਦਾ ਸਿਰਫ਼ ਅਤੇ ਸਿਰਫ਼ ਸਮਾਜ ਦੀ, ਔਰਤ ਅਤੇ ਮਰਦ ਪ੍ਰਤੀ ਸੋਚ ਹੈ। ਕੀ ਉਸ ਸਮੱਸਿਆ ਵਲ ਧਿਆਨ ਦੇਣ ਦਾ ਜਿਗਰਾ ਸਾਡੇ ਸਮਾਜ ਵਿਚ ਹੈ ਜਾਂ ਸਿਰਫ਼ ਬਿਆਨਬਾਜ਼ੀ ਕਰ ਕੇ ਹੀ ਔਰਤ ਦੀ ਸੁਰੱਖਿਆ ਦਾ ਮਾਮਲਾ ਖੂਹ ਖਾਤੇ ਵਿਚ ਪਾ ਦੇਣਾ ਚਾਹੁੰਦੇ ਹੋ? -ਨਿਮਰਤ ਕੌਰ