
ਅਸੀਂ ਪੰਜਾਬ ਵਿਚ ਬੈਠੇ ਸ਼ਾਇਦ ਪਿਆਜ਼ ਦੀ ਅਹਿਮੀਅਤ ਓਨੀ ਨਹੀਂ ਮਹਿਸੂਸ ਕਰ ਰਹੇ ਪਰ ਕੁੱਝ ਅਜਿਹੇ ਸੂਬੇ ਵੀ ਹਨ ਜਿੱਥੇ ਗ਼ਰੀਬ ਸਿਰਫ਼ ਪਿਆਜ਼, ਮਿਰਚ ਨਾਲ ਰੋਟੀ ਖ਼ਾ ਲੈਂਦੇ ਹਨ।
ਮਾਰੀਆ ਅਨਤੋਨੀਆ 1793 ਵਿਚ ਫ਼ਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਉਸ ਦੇਸ਼ ਦੀ ਆਖ਼ਰੀ ਮਹਾਰਾਣੀ ਸੀ। ਐਸ਼ੋ-ਆਰਾਮ ਵਿਚ ਪਲੀ ਉਹ ਹਕੀਕਤ ਤੋਂ ਇਸ ਕਦਰ ਪਰੇ ਸੀ ਕਿ ਜਦੋਂ ਉਸ ਨੂੰ ਪਤਾ ਲਗਿਆ ਕਿ ਉਸ ਦੀ ਪ੍ਰਜਾ ਨੂੰ ਖਾਣ ਲਈ ਬਰੈੱਡ (ਡਬਲ ਰੋਟੀ) ਨਹੀਂ ਮਿਲ ਰਹੀ ਤਾਂ ਉਸ ਨੇ ਜਵਾਬ ਵਿਚ ਕਹਿ ਦਿਤਾ, ''ਫਿਰ ਉਹ ਕੇਕ ਕਿਉਂ ਨਹੀਂ ਖਾ ਲੈਂਦੇ?''
Marie Antoinette
ਇਹ ਲਫ਼ਜ਼ ਸਦੀਆਂ ਤੋਂ ਇਤਿਹਾਸ ਵਿਚ ਨਾਸਮਝੀ, ਅਗਿਆਨਤਾ ਤੇ ਗ਼ਰੀਬਾਂ ਦੀ ਹਾਲਤ ਬਾਰੇ ਬੇਖ਼ਬਰ ਹੋਣ ਦੀ ਮਿਸਾਲ ਮੰਨੇ ਜਾਂਦੇ ਹਨ। ਜਦੋਂ ਨਿਰਮਲਾ ਸੀਤਾਰਮਨ ਨੇ ਪਿਆਜ਼ ਦੀ ਵਧਦੀ ਕੀਮਤ ਬਾਰੇ ਇਹ ਆਖ ਦਿਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਕਿਉਂਕਿ ਉਹ ਪਿਆਜ਼ ਨਹੀਂ ਖਾਂਦੇ ਤਾਂ ਉਨ੍ਹਾਂ ਨੇ ਮਹਾਰਾਣੀ ਦੇ ਕਥਨ ਨੂੰ, ਇਕ ਤਰ੍ਹਾਂ ਦੁਹਰਾ ਹੀ ਦਿਤਾ।
Onion
ਅਸੀਂ ਪੰਜਾਬ ਵਿਚ ਬੈਠੇ ਸ਼ਾਇਦ ਪਿਆਜ਼ ਦੀ ਅਹਿਮੀਅਤ ਓਨੀ ਨਹੀਂ ਮਹਿਸੂਸ ਕਰ ਰਹੇ ਪਰ ਕੁੱਝ ਅਜਿਹੇ ਗ਼ਰੀਬ ਸੂਬੇ ਵੀ ਹਨ ਜਿੱਥੇ ਗ਼ਰੀਬ ਸਿਰਫ਼ ਪਿਆਜ਼ ਅਤੇ ਮਿਰਚ ਨਾਲ ਰੋਟੀ ਅੰਦਰ ਲੰਘਾ ਲੈਂਦੇ ਹਨ। ਕਦੇ ਪਿਆਜ਼ ਇਕ ਅਤੇ ਕਦੇ 5 ਰੁਪਏ ਕਿੱਲੋ ਅਤੇ ਫਿਰ 20, 30 ਅਤੇ ਹੁਣ ਤਕਰੀਬਨ 100-120 ਰੁਪਏ ਕਿੱਲੋ ਵਿਚਕਾਰ ਮਿਲ ਰਿਹਾ ਹੈ।
Nirmala Sitharaman
ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਦੇ ਪਿਆਜ਼ ਅਤੇ ਮਿਰਚ/ਨਮਕ ਨਾਲ ਰੋਟੀ ਖਾਣ ਦੀ ਲੋੜ ਨਹੀਂ ਪਈ ਹੋਵੇਗੀ ਪਰ ਭਾਰਤ ਦੇ ਜ਼ਿਆਦਾਤਰ ਲੋਕ ਇਸ ਤੋਂ ਬਗ਼ੈਰ ਖਾਣਾ ਨਹੀਂ ਬਣਾ ਸਕਦੇ। ਨਿਰਮਲਾ ਸੀਤਾਰਮਨ ਕੇਵਲ ਅਪਣੀ ਹੀ ਰਸੋਈ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਨਹੀਂ ਬਲਕਿ ਉਹ ਤਾਂ ਭਾਰਤ ਦੀ ਵਿੱਤ ਮੰਤਰੀ ਹਨ। ਇਕ ਵਿੱਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਭਾਰਤੀ ਦੀ ਰਸੋਈ ਦੀ ਮੁਢਲੀ ਜ਼ਰੂਰਤ ਕੀ ਹੈ।
Onion
ਮਹਾਰਾਣੀ ਅਨਤੋਨੀਆ ਨੂੰ ਤਾਂ ਫ਼ਰਾਂਸ ਦੇ ਕ੍ਰਾਂਤੀਕਾਰੀਆਂ ਨੇ 9 ਮਹੀਨੇ ਕਾਲ ਕੋਠੜੀ ਵਿਚ ਰੱਖ ਕੇ ਸਰੇ ਬਾਜ਼ਾਰ ਉਸ ਦਾ ਸਿਰ ਕਲਮ ਕਰ ਦਿਤਾ। ਅੱਜ ਲੋਕਤੰਤਰ ਹੈ ਅਤੇ ਗ਼ਰੀਬੀ ਵਿਚ ਧਸਦੇ ਜਾ ਰਹੇ ਦੇਸ਼ਵਾਸੀ ਅਗਲੀ ਚੋਣ ਵਿਚ ਅਪਣੀ ਨਾਰਾਜ਼ਗੀ ਦਸ ਦੇਣਗੇ ਪਰ ਅਜੇ ਸਾਢੇ ਚਾਰ ਸਾਲ ਪਏ ਹਨ ਅਤੇ ਪੀ. ਚਿਦਾਂਬਰਮ ਨੇ ਜੇਲ ਤੋਂ ਬਾਹਰ ਆਉਂਦੇ ਸਾਰ ਭਾਰਤੀ ਅਰਥਚਾਰੇ ਦਾ ਹਾਲ ਬੜੀ ਸਫ਼ਾਈ ਨਾਲ ਪੇਸ਼ ਕੀਤਾ ਹੈ, ਅਰਥਾਤ ਜੋ 8, 7, 6.6, 5.8, 5, 4.5 ਪ੍ਰਤੀਸ਼ਤ ਦੇ ਹਿਸਾਬ ਨਾਲ ਹੇਠਾਂ ਡਿਗ ਰਿਹਾ ਹੈ, ਉਸ ਨੂੰ ਵੇਖ ਕੇ ਸਵਾਲ ਪੁਛਣਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਤੋਂ ਬਾਅਦ ਕਿਥੇ ਜਾਵਾਂਗੇ?
P Chidambaram
ਅਰਵਿੰਦ ਸੁਬਰਾਮਨੀਅਮ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਜੀ.ਡੀ.ਪੀ. ਦੇ ਅੰਕੜੇ ਤਿਆਰ ਕੀਤੇ ਜਾ ਰਹੇ ਹਨ, ਮੰਨ ਲਉ ਕਿ ਦੱਸੇ ਗਏ ਸਰਕਾਰੀ ਅੰਕੜਿਆਂ ਨਾਲੋਂ ਅਸਲੀਅਤ ਉਸ ਤੋਂ ਡੇਢ ਫ਼ੀ ਸਦੀ ਘੱਟ ਹੈ। ਯਾਨੀ ਕਿ ਅੱਜ ਦਾ ਵਿਕਾਸ ਦਾ ਅੰਕੜਾ ਸਾਢੇ ਚਾਰ ਪ੍ਰਤੀਸ਼ਤ ਨਹੀਂ, ਅਸਲ ਵਿਚ 3 ਫ਼ੀ ਸਦੀ ਹੋ ਸਕਦਾ ਹੈ। ਪਰ ਭਾਜਪਾ ਦੇ ਸੁਬਰਾਮਨੀਅਮ ਸਵਾਮੀ ਨੇ ਤਾਂ ਇਹ ਤਕ ਵੀ ਆਖ ਦਿਤਾ ਹੈ ਕਿ 4.5 ਦਾ ਇਹ ਅੰਕੜਾ 1.5 (ਡੇਢ) ਫ਼ੀ ਸਦੀ ਵੀ ਹੋ ਸਕਦਾ ਹੈ।
Arvind Subramanian
ਉਹ ਇਸ ਦਾ ਕਾਰਨ ਇਹ ਮੰਨਦੇ ਹਨ ਕਿ ਨਿਰਮਲਾ ਸੀਤਾਰਮਨ ਨੂੰ ਅਰਥ-ਵਿਗਿਆਨ ਨਹੀਂ ਆਉਂਦਾ। ਉਹ ਸਿਰਫ਼ ਇਸ ਕਰ ਕੇ ਵਿੱਤ ਮੰਤਰੀ ਹਨ ਕਿਉਂਕਿ ਉਹ ਵਾਪਸ ਜਵਾਬ ਨਹੀਂ ਦਿੰਦੇ ਅਤੇ ਪ੍ਰਧਾਨ ਮੰਤਰੀ ਨੂੰ ਦਸਦੇ ਹਨ ਕਿ ਸੱਭ ਕੁੱਝ ਠੀਕ ਠਾਕ ਹੈ। ਹੁਣ ਸਵਾਲ ਇਹ ਹੈ ਕਿ ਜੇ ਵਿਕਾਸ ਦਰ ਇਥੋਂ ਉਪਰ ਨਹੀਂ ਉਠਦੀ ਅਤੇ ਮਰੀਅਲ ਚਾਲ ਹੀ ਚਲਦੀ ਰਹਿੰਦੀ ਹੈ ਤਾਂ ਆਮ ਭਾਰਤੀ ਦਾ ਕੀ ਬਣੇਗਾ?
GDP
ਅੱਜ ਦੇਸ਼ ਵਿਚ ਨਾਗਰਿਕ ਬਿਲ ਵਿਚ ਸੋਧ ਵੀ ਪਾਸ ਹੋ ਗਈ ਹੈ ਅਤੇ ਹੁਣ ਧਰਮ 'ਤੇ ਆਧਾਰਤ ਨਾਗਰਿਕਤਾ ਦਾ ਦੌਰ ਡਰ ਦਾ ਮਾਹੌਲ ਹੀ ਪੈਦਾ ਕਰੇਗਾ। ਨਿਵੇਸ਼ ਆਵੇਗਾ ਨਹੀਂ ਕਿਉਂਕਿ ਇਸ ਮਾਹੌਲ ਵਿਚ ਇਹ ਮੁਮਕਿਨ ਹੀ ਨਹੀਂ। ਸਾਡਾ ਨਿਰਮਾਣ ਖੇਤਰ ਕਮਜ਼ੋਰ ਹੈ ਅਤੇ ਕੌਮਾਂਤਰੀ ਬਾਜ਼ਾਰ ਵਿਚ ਮੁਕਾਬਲਾ ਨਹੀਂ ਕਰ ਪਾ ਰਿਹਾ ਤੇ ਫਿਰ ਬਾਹਰਲੇ ਦੇਸ਼ਾਂ ਵਿਚ ਸਾਡਾ ਮਾਲ ਵਿਕਣਾ (ਨਿਰਯਾਤ) ਵੀ ਰੁਕ ਜਾਵੇਗਾ। ਇਨ੍ਹਾਂ ਹਾਲਾਤ ਵਿਚ ਭਾਰਤ ਪਿਆਜ਼ ਵੀ ਵਿਦੇਸ਼ ਤੋਂ ਮੰਗਵਾਉਣ ਤੇ ਆ ਗਿਆ ਹੈ ਤਾਕਿ ਸੰਕਟ ਵਧੇ ਨਾ।
Nirmala Sitaraman
ਜੇ ਵਿੱਤ ਮੰਤਰੀ ਦੇ ਕਹਿਣ ਅਨੁਸਾਰ, ਮੰਦੀ ਨਹੀਂ ਵੀ ਸ਼ੁਰੂ ਹੋਈ ਪਰ ਸੰਕਟ ਤਾਂ ਜ਼ਰੂਰ ਬਣਿਆ ਹੋਇਆ ਹੈ ਅਤੇ ਇਨ੍ਹਾਂ ਹਾਲਾਤ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਮੰਦੀ ਵੀ ਆ ਸਕਦੀ ਹੈ। ਸਰਕਾਰ ਨੂੰ ਅੱਜ ਅਪਣੀ ਅਸਮਰੱਥਾ ਕਬੂਲਦੇ ਹੋਏ ਮਦਦ ਲੈਣ ਦੀ ਜ਼ਰੂਰਤ ਹੈ ਕਿਉਂਕਿ ਆਮ ਭਾਰਤੀ ਸਾਢੇ ਚਾਰ ਸਾਲ ਇਸ ਤਰ੍ਹਾਂ ਦੀ ਹਾਲਤ ਬਰਦਾਸ਼ਤ ਨਹੀਂ ਕਰ ਸਕੇਗਾ। -ਨਿਮਰਤ ਕੌਰ