
ਮਨੋਵਿਗਿਆਨ ਦੀ ਐਮ.ਏ. ਕਰਨ ਤੋਂ ਬਾਅਦ ਜਦ ਸਮਾਜ ਭਲਾਈ ਦਾ ਕੰਮ ਸ਼ੁਰੂ ਕੀਤਾ ਤਾਂ ਨਿਸ਼ਕਾਮ, ਜੋਤੀ ਸਰੂਪ ਵਿਚ 80ਵਿਆਂ ਦੇ ਦੌਰ 'ਚ ਅਨਾਥ ਹੋਏ ਬੱਚਿਆਂ ਨੂੰ ਮਾਨਸਿਕ
ਮਨੋਵਿਗਿਆਨ ਦੀ ਐਮ.ਏ. ਕਰਨ ਤੋਂ ਬਾਅਦ ਜਦ ਸਮਾਜ ਭਲਾਈ ਦਾ ਕੰਮ ਸ਼ੁਰੂ ਕੀਤਾ ਤਾਂ ਨਿਸ਼ਕਾਮ, ਜੋਤੀ ਸਰੂਪ ਵਿਚ 80ਵਿਆਂ ਦੇ ਦੌਰ 'ਚ ਅਨਾਥ ਹੋਏ ਬੱਚਿਆਂ ਨੂੰ ਮਾਨਸਿਕ ਇਲਾਜ ਅਤੇ ਸਹਾਰਾ ਦੇਣ ਵਾਲੀ ਸੰਸਥਾ 'ਫ਼ਤਿਹ ਕਰਤਾ ਕੇਅਰ' ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਉਣਾ-ਜਾਣਾ ਸ਼ੁਰੂ ਹੋਇਆ। ਮਾਨਸਿਕ ਇਲਾਜ ਦਾ ਹਿੱਸਾ ਸੀ ਕਿ ਅਸੀਂ ਮਨੋਵਿਗਿਆਨਕ, ਉਨ੍ਹਾਂ ਅਨਾਥ ਬੱਚਿਆਂ ਦੇ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਨਾਲ ਰਾਬਤਾ ਬਣਾਉਂਦੇ ਸੀ।
Education
ਜਦੋਂ ਖਰੜ ਦੇ ਸਰਕਾਰੀ ਸਕੂਲਾਂ ਦੀ ਹਾਲਤ ਵੇਖੀ ਤਾਂ ਬੜੀ ਹੈਰਾਨੀ ਹੋਈ। ਬੱਚਿਆਂ ਨੂੰ ਨਕਲ ਕਰਵਾ ਕੇ ਅਧਿਆਪਕ ਇਕ ਜਮਾਤ ਤੋਂ ਦੂਜੀ ਜਮਾਤ ਵਿਚ ਭੇਜ ਦੇਂਦੇ ਪਰ ਕਈ ਬੱਚਿਆਂ ਨੂੰ ਇਕ ਲਫ਼ਜ਼ ਵੀ ਪੜ੍ਹਨਾ ਜਾਂ ਲਿਖਣਾ ਨਹੀਂ ਸੀ ਆਉਂਦਾ। ਬਸ ਨਕਲ ਹੀ ਆਉਂਦੀ ਸੀ। ਇਹ ਬੱਚੇ ਪੰਜਾਬੀ ਵੀ ਨਹੀਂ ਸਨ ਜਾਣਦੇ, ਅੰਗਰੇਜ਼ੀ ਜਾਂ ਗਣਿਤ ਤਾਂ ਦੂਰ ਦੀ ਗੱਲ ਸੀ। ਕਈਆਂ ਵਾਸਤੇ ਅਸੀਂ ਅਧਿਆਪਕਾਂ ਦਾ ਕੰਮ ਵੀ ਕੀਤਾ।
File Photo
ਫਿਰ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜਦੋਂ ਮੈਂ ਅਤੇ ਮੇਰੀਆਂ ਦੋ ਸਹੇਲੀਆਂ ਨੇ ਇਕ ਗ਼ੈਰ-ਸਰਕਾਰੀ ਸੰਗਠਨ ਸ਼ੁਰੂ ਕੀਤਾ, ਜਿਸ ਵਿਚ ਘਰਾਂ ਅੰਦਰ ਕੰਮ ਕਰਨ ਵਾਲੇ ਬੱਚਿਆਂ ਨੂੰ ਕੰਮ ਤੋਂ ਹਟਾ ਕੇ ਅਸੀ ਸਕੂਲਾਂ ਵਿਚ ਦਾਖ਼ਲ ਕਰਾਉਣ ਦੀ ਠਾਣੀ ਤਾਂ ਪੈਸੇ ਦੀ ਬੱਚਤ ਦਾ ਧਿਆਨ ਰਖਦੇ ਹੋਏ ਇਹ ਸੋਚਿਆ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨਾਲ ਮੇਲ-ਮਿਲਾਪ ਬਣਾਉਣ ਵਿਚ ਥੋੜੀ ਸੌਖ ਹੋਵੇਗੀ।
Education
ਅਸੀ ਇਕ ਸਰਕਾਰੀ ਸਕੂਲ ਵਿਚ ਦਾਖ਼ਲਾ ਦਿਵਾਉਣ ਗਏ। ਮੁਹਾਲੀ ਦੇ ਇਕ ਸਰਕਾਰੀ ਸਕੂਲ ਦਾ ਪਹਿਲਾ ਨਜ਼ਾਰਾ ਅਜੇ ਤਕ ਯਾਦ ਹੈ। ਜਮਾਤਾਂ ਵਿਚ ਅਧਿਆਪਕ ਕੋਈ ਨਹੀਂ, ਹਰ ਪਾਸੇ ਗੰਦਗੀ ਹੀ ਗੰਦਗੀ। ਪੌੜੀਆਂ ਉਤੇ ਵੀ ਗੰਦ ਪਿਆ ਸੀ। ਅਸੀ ਫੈਸਲਾ ਕੀਤਾ ਕਿ ਘੱਟ ਬੱਚਿਆਂ ਨਾਲ ਸ਼ੁਰੂ ਕਰਦੇ ਹਾਂ ਅਤੇ ਨਿਜੀ ਸਕੂਲਾਂ ਵਿਚ ਹੀ ਜਾਂਦੇ ਹਾਂ। ਸੋ ਅਸੀ ਸਿਰਫ਼ ਪੰਜ ਬੱਚਿਆਂ ਨਾਲ ਹੀ ਕੰਮ ਸ਼ੁਰੂ ਕੀਤਾ।
File Photo
ਅੱਜ ਤਕਰੀਬਨ 120 ਬੱਚੇ ਹਰ ਸਾਲ ਸਾਡੇ ਕੋਲ ਪੜ੍ਹਦੇ ਹਨ ਅਤੇ ਕਈ ਵਾਰੀ ਵਧਦੇ ਖ਼ਰਚਿਆਂ ਕਰ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣਾ ਚਾਹਿਆ ਵੀ ਪਰ ਹਰ ਵਾਰ ਸਕੂਲਾਂ ਵਿਚ ਜਾ ਕੇ ਨਿਰਾਸ਼ਾ ਹੀ ਪੱਲੇ ਪਈ। ਮੁਫ਼ਤ ਕਿਤਾਬਾਂ ਮਿਲੀਆਂ, ਵਰਦੀ ਮਿਲੀ, ਪਰ ਸਿਖਿਆ ਦੇ ਮਿਆਰ 'ਚ ਸੁਧਾਰ ਨਜ਼ਰ ਨਾ ਆਇਆ। ਸੋ ਪੰਜਵੀਂ ਤੋਂ ਬਾਅਦ ਵੀ ਅਸੀ ਬੱਚਿਆਂ ਨੂੰ ਵੱਡਾ ਖ਼ਰਚਾ ਕਰ ਕੇ ਨਿਜੀ ਸਕੂਲਾਂ ਵਿਚ ਹੀ ਭੇਜਿਆ।
File Photo
ਜਦੋਂ ਹੁਣ ਸਮਾਰਟ ਸਕੂਲਾਂ ਦੀ ਚਰਚਾ ਸ਼ੁਰੂ ਹੋਈ, ਧਿਆਨ ਵੀ ਨਾ ਦਿਤਾ ਕਿ ਹਰ ਵਾਰ ਸਰਕਾਰੀ ਸਕੂਲਾਂ ਵਿਚ ਨਿਰਾਸ਼ਾ ਹੀ ਮਿਲਦੀ ਹੈ। ਕੁੱਝ ਦਿਨ ਪਹਿਲਾਂ ਬਠਿੰਡਾ ਦੇ ਨੇੜੇ ਇਕ ਛੋਟੇ ਜਿਹੇ ਪਿੰਡ, ਕੋਟਲੀ ਅਬਲੂ ਗਏ ਸੀ। ਅਪਣਾ ਕੰਮ ਕਰ ਕੇ ਕਿਸੇ ਤੋਂ ਪੁਛਿਆ, ਇਥੇ ਕੋਈ ਸਮਾਰਟ ਸਕੂਲ ਹੈ? ਪਿੰਡ ਵਾਲਿਆਂ ਨੇ ਰਸਤਾ ਦਸਿਆ ਅਤੇ ਅਸੀ ਕਿਹਾ ਕਿ ਚਲੋ ਸਰਕਾਰ ਦੇ ਦਾਅਵੇ ਦੀ ਪੜਤਾਲ ਕਰਦੇ ਚਲੀਏ।
Education
ਸਕੂਲ ਵਿਚ ਦਾਖ਼ਲ ਹੁੰਦਿਆਂ ਸਫ਼ਾਈ ਤਾਂ ਦਿਸੀ ਪਰ ਉਸ ਤੋਂ ਬਾਅਦ ਹਰ ਚੀਜ਼ ਵੇਖ ਕੇ ਹੈਰਾਨੀ ਵਧਦੀ ਗਈ। ਇਕ ਜਮਾਤ ਬਾਹਰ ਧੁੱਪ ਵਿਚ ਬੈਠੀ ਇਮਤਿਹਾਨ ਦੇ ਰਹੀ ਸੀ। ਅੰਗਰੇਜ਼ੀ ਦਾ ਇਮਤਿਹਾਨ ਸੀ। ਬੱਚਿਆਂ ਦੇ ਪੇਪਰਾਂ ਵਲ ਝਾਤ ਮਾਰੀ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਦੀ ਵਿਆਕਰਣ ਦੇ ਨਿਯਮ ਚੰਗੀ ਤਰ੍ਹਾਂ ਆਉਂਦੇ ਸਨ। ਪ੍ਰਿੰਸੀਪਲ ਦੇ ਕਮਰੇ ਵਲ ਗਏ। ਬੜੇ ਹੀ ਸੱਜਣ ਪੁਰਸ਼ ਨੇ ਸਵਾਗਤ ਕੀਤਾ ਅਤੇ ਬੜੀ ਸੱਜਣਤਾਈ ਨਾਲ ਕਿਹਾ ਕਿ ਆਉ ਵੇਖੋ ਸਾਡਾ ਸਕੂਲ।
Teachers
ਕੰਪਿਊਟਰ ਦੀ ਜਮਾਤ ਵਲ ਗਏ ਤਾਂ ਉਥੇ 30-35 ਕੰਪਿਊਟਰ ਲੱਗੇ ਹੋਏ ਵੇਖੇ। ਮਜ਼ਾਕ ਨਾਲ ਪੁਛਿਆ ਕਿ 'ਚਲਦੇ ਹਨ ਜਾਂ ਸਜਾਵਟ ਵਾਸਤੇ ਹੀ ਹਨ?' ਉਨ੍ਹਾਂ ਕਿਹਾ ਕਿ 10 ਮਿੰਟ ਉਡੀਕ ਕਰੋ, ਫਿਰ ਆਪੇ ਤੈਅ ਕਰ ਲੈਣਾ। ਪੰਜਵੀਂ ਦੇ ਬੱਚੇ ਆਏ, 22 ਕੰਪਿਊਟਰ ਚਲਾਏ ਅਤੇ ਪੜ੍ਹਾਈ ਵਿਚ ਜੁਟ ਗਏ। ਆਨਲਾਈਲ ਟੈਸਟ ਦੀ ਵਾਰੀ ਸੀ ਅਤੇ ਸਾਰੇ ਹੁਸ਼ਿਆਰ ਤੇ ਤਿਆਰ ਬਰ ਤਿਆਰ ਸਨ।
School
ਸਮਾਰਟ ਸਕੂਲਾਂ ਦਾ ਹਾਲ ਸ਼ਹਿਰਾਂ ਦੇ ਨਿਜੀ ਸਕੂਲਾਂ ਤੋਂ ਕਿਤੇ ਬਿਹਤਰ ਸੀ। ਬੱਚਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਪ੍ਰਿੰਸੀਪਲ ਨੇ ਦੇ ਦਿਤੀ। ਬੜੇ ਸਮਾਰਟ ਬੱਚੇ, ਜਿਨ੍ਹਾਂ ਦੇ ਸੁਪਨੇ ਕੈਨੇਡਾ ਦੇ ਟੈਕਸੀ ਜਾਂ ਟਰੱਕ ਡਰਾਈਵਰ ਬਣਨ ਤੋਂ ਕਿਤੇ ਵੱਧ ਸਨ। ਕਈ ਬੱਚੇ ਅਜਿਹੇ ਮਿਲੇ ਜੋ ਪ੍ਰਾਈਵੇਟ ਸਕੂਲ ਛੱਡ ਕੇ ਇਥੇ ਪੜ੍ਹਨ ਆਏ ਸਨ। ਪੀਣ ਦਾ ਪਾਣੀ ਸਾਫ਼ ਅਤੇ ਆਰ.ਓ. ਤੋਂ ਸੀ। ਗੁਸਲਖ਼ਾਨੇ ਸਾਫ਼ ਸਨ।
Study
ਨਵੀਆਂ ਜਮਾਤਾਂ ਬਣ ਰਹੀਆਂ ਸਨ। ਖੇਡ ਦੇ ਮੈਦਾਨ ਚੰਗੇ ਸਨ। ਸੰਪਾਦਕੀਆਂ ਲਿਖਦੇ ਲਿਖਦੇ ਕਮੀਆਂ ਕੱਢਣ ਦੀ ਆਦਤ ਪੈ ਗਈ ਹੈ ਪਰ ਇਥੇ ਕਮੀਆਂ ਕਢਣਾ ਔਖਾ ਸੀ। ਅਸਲ ਵਿਚ ਉਹ ਇਕ ਸਮਾਰਟ ਸਕੂਲ ਸੀ ਜਿਥੇ ਪੜ੍ਹਨ ਨਾਲ ਪੰਜਾਬ ਦੀ ਪਨੀਰੀ ਵਧੀਆ ਰੁੱਖਾਂ ਵਾਂਗ ਉੱਚੀ, ਹੋਰ ਉੱਚੀ ਹੁੰਦੀ ਜਾਏਗੀ। ਇਥੇ ਸਿਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਮਿਹਨਤ ਅਤੇ ਸੋਚ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਮੰਤਰੀ ਅਤੇ ਸਰਕਾਰ ਦੀ,
Students
ਇਨ੍ਹਾਂ ਸਕੂਲਾਂ ਵਿਚ ਇਸ ਤਰ੍ਹਾਂ ਦੇ ਸੁਧਾਰ ਲਿਆਉਣ ਬਦਲੇ ਪ੍ਰਸੰਸਾ ਕਰਨੀ ਬਣਦੀ ਹੈ। ਜੇ ਇਸ ਤਰ੍ਹਾਂ ਦੇ 550 ਸਕੂਲ ਪੰਜਾਬ ਵਿਚ ਅਸਲ ਵਿਚ ਹਨ ਤਾਂ ਆਉਣ ਵਾਲੇ ਸਾਲਾਂ 'ਚ ਪੰਜਾਬ ਜ਼ਰੂਰ ਬਦਲੇਗਾ। ਹੁਣ ਬਾਕੀ ਸਮਾਰਟ ਸਕੂਲਾਂ ਉਤੇ ਵੀ ਛਾਪੇ ਮਾਰਨ ਦਾ ਇਰਾਦਾ ਹੈ। -ਨਿਮਰਤ ਕੌਰ