ਇਮਤਿਹਾਨਾਂ ਦੇ ਉਹ ਦਿਨ
Published : Apr 7, 2018, 12:44 pm IST
Updated : Apr 7, 2018, 12:44 pm IST
SHARE ARTICLE
exams
exams

ਜੋ ਪਹਿਲਾਂ ਦਾਖ਼ਲ ਹੋਇਆ ਉਸ ਦਾ ਪਹਿਲਾਂ, ਜੋ ਪਿਛੋਂ ਦਾਖ਼ਲ ਹੋਇਆ ਉਸ ਦਾ ਪਿਛੋਂ

ਫ਼ਰੀ 1973 ਸਾਡਾ ਸਰਕਾਰੀ ਸਕੂਲ ਸ਼ੇਰਮਾਜਰਾ (ਪਟਿਆਲਾ) ਤੋਂ ਅਠਵੀਂ ਜਮਾਤ ਦਾ 'ਬੋਰਡ' ਦਾ ਇਮਤਿਹਾਨ ਸ਼ੁਰੂ ਹੋਣ ਵਾਲਾ ਸੀ। ਸਾਰੇ ਅਧਿਆਪਕ ਬਹੁਤ ਹੀ ਮਿਹਨਤ ਅਤੇ ਸਖ਼ਤੀ ਨਾਲ ਸਾਰਾ ਸਾਲ ਪੜ੍ਹਾਉਂਦੇ ਸਨ ਪਰ ਫਿਰ ਵੀ ਬੋਰਡ ਦੇ ਇਮਤਿਹਾਨ ਸੁਣਦਿਆਂ ਹੀ ਕਈਆਂ ਦਾ ਸਵਾਲ ਹੁੰਦਾ ਸੀ, ''ਕੀ ਸਹੀ ਮੁਲਾਂਕਣ ਹੋਵੇਗਾ ਅਤੇ ਸਾਨੂੰ ਅਪਣੀ ਸਹੀ ਸਥਿਤੀ ਪਤਾ ਲੱਗੇਗੀ ਜੋ ਕੱਚੇ ਪੇਪਰਾਂ ਵਿਚ ਉੱਪਰ ਹੇਠ ਹੁੰਦੀ ਰਹਿੰਦੀ ਸੀ?'' ਸੋ ਅਸੀ ਜ਼ੋਰਦਾਰ ਤਿਆਰੀ ਸ਼ੁਰੂ ਕਰ ਦਿਤੀ।
ਸਕੂਲ ਵਿਚ ਤਾਂ ਸਾਡੇ ਰੋਲ ਨੰਬਰ ਦਾਖ਼ਲੇ ਦੇ ਅਨੁਸਾਰ ਹੀ ਹੁੰਦੇ ਸਨ। ਜੋ ਪਹਿਲਾਂ ਦਾਖ਼ਲ ਹੋਇਆ ਉਸ ਦਾ ਪਹਿਲਾਂ, ਜੋ ਪਿਛੋਂ ਦਾਖ਼ਲ ਹੋਇਆ ਉਸ ਦਾ ਪਿਛੋਂ। ਪਰ ਬੋਰਡ ਦੇ ਇਮਤਿਹਾਨਾਂ ਲਈ ਸਕੂਲ ਵਾਲਾ ਕ੍ਰਮ ਬਦਲ ਕੇ ਪਹਿਲਾਂ ਹੁਸ਼ਿਆਰ, ਪਿੱਛੇ ਪੜ੍ਹਾਈ ਵਿਚ ਕਮਜ਼ੋਰ, ਫਿਰ ਹੁਸ਼ਿਆਰ ਪਿਛੇ ਕਮਜ਼ੋਰ ਤਾਕਿ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀ ਪਿਛਲੇ ਕਮਜ਼ੋਰ ਦੀ ਮਦਦ ਕਰ ਸਕਣ। ਅਧਿਆਪਕ ਸਾਹਿਬਾਨ ਵਲੋਂ ਹਦਾਇਤਾਂ ਵੀ ਦਿਤੀਆਂ ਗਈਆਂ ਤਾਕਿ ਸਕੂਲ ਦਾ ਨਤੀਜਾ ਵਧੀਆ ਆ ਜਾਵੇ। ਬੀ.ਐਨ. ਖ਼ਾਲਸਾ ਸਕੂਲ ਪਟਿਆਲਾ ਸਾਡਾ ਕੇਂਦਰ ਬਣਿਆ। ਇਮਤਿਹਾਨ ਤੋਂ ਹਫ਼ਤਾ ਕੁ ਪਹਿਲਾਂ ਸਤਵੀਂ ਜਮਾਤ ਨੇ ਸਾਨੂੰ ਵਿਦਾਇਗੀ ਪਾਰਟੀ ਦਿਤੀ ਕਿਉਂਕਿ ਅਸੀ ਅਠਵੀਂ ਜਮਾਤ ਪਾਸ ਕਰ ਕੇ ਕਿਸੇ ਹੋਰ ਸਕੂਲ ਵਿਚ ਦਾਖ਼ਲ ਹੋਣਾ ਸੀ ਅਤੇ ਸਾਨੂੰ 'ਫ਼ਰੀ' ਕਰ ਦਿਤਾ ਗਿਆ। ਅਧਿਆਪਕਾ ਨੇ ਸਾਨੂੰ ਬੜੇ ਪਿਆਰ ਨਾਲ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਕੂਲ ਵਿਚ ਆ ਕੇ ਦੱਸਣ ਲਈ ਕਿਹਾ। 'ਫ਼ਰੀ' ਹੋ ਕੇ ਸਾਨੂੰ ਬੜਾ ਵਧੀਆ ਲੱਗ ਰਿਹਾ ਸੀ। ਨਾ ਬਸਤੇ ਚੁਕਣੇ, ਨਾ ਘੰਟੀਆਂ ਲਾਉਣੀਆਂ, ਨਾ ਕੋਈ ਘਰ ਤੋਂ ਕੰਮ ਕਰ ਕੇ ਲਿਆਉਣਾ, ਬੋਰਡ ਦੇ ਇਮਤਿਹਾਨ ਕਰ ਕੇ ਘਰ ਦੇ ਵੀ ਸਾਨੂੰ ਕਿਸੇ ਕੰਮ ਨੂੰ ਨਾ ਕਹਿੰਦੇ ਅਤੇ ਖਾਣ ਲਈ ਵੀ ਚੰਗਾ-ਚੋਖਾ ਘਰ ਤੋਂ ਮਿਲਦਾ। ਸਾਰਾ ਦਿਨ ਅਪਣੀ ਮਰਜ਼ੀ ਨਾਲ ਇਮਤਿਹਾਨ ਦੀ ਤਿਆਰੀ ਕਰਦੇ। 'ਫ਼ਰੀ' ਤਾਂ ਸਾਨੂੰ ਪੰਜਵੀਂ ਦੀ ਪ੍ਰੀਖਿਆ ਵੇਲੇ ਵੀ ਸਾਡੇ ਪਿੰਡ ਦੇ ਸਰਕਾਰੀ ਸਕੂਲ ਪਸਿਆਣਾ ਤੋਂ ਕੀਤਾ ਗਿਆ ਸੀ ਪਰ ਉਦੋਂ ਏਨੀ ਸੋਝੀ ਨਹੀਂ ਸੀ। ਵੈਸੇ ਤਾਂ ਉਸ ਸਮੇਂ ਦੇ ਸਾਡੇ ਸਾਰੇ ਹੀ ਅਧਿਆਪਕ ਸਾਹਿਬਾਨ ਬਹੁਤ ਕਾਬਲ ਅਤੇ ਮਿਹਨਤੀ ਸਨ ਪਰ ਥੋੜ੍ਹੇ ਸਮੇਂ ਤੋਂ ਨਵਾਂ ਆਇਆ ਸਾਇੰਸ ਮਾਸਟਰ ਲਾਂਬਾ ਖ਼ਾਸ ਹੀ ਦਿਲਚਸਪੀ ਲੈਂਦਾ ਸੀ। ਉਹ ਨੌਜਵਾਨ ਹੀ ਸੀ ਅਤੇ ਪਟਿਆਲੇ ਸ਼ਹਿਰ ਦਾ ਹੀ ਜੰਮਪਲ ਸੀ। ਥੋੜ੍ਹਾ ਸਮਾਂ ਪਹਿਲਾਂ ਹੀ ਉਹ ਸਾਡੀ ਸਾਰੀ ਜਮਾਤ ਨੂੰ 'ਫ਼ਿਲਮ' ਵੀ ਵਿਖਾ ਕੇ ਲਿਆਇਆ ਸੀ। ਇਕ ਦਿਨ ਸਕੂਲ ਵਿਚ ਹੀ ਸਾਥੋਂ ਦੁੱਧ ਮੰਗਵਾ ਕੇ ਕੌਫ਼ੀ ਅਤੇ ਡੋਸੇ ਇਡਲੀ ਤਿਆਰ ਕਰਵਾ ਕੇ ਖਵਾਏ। ਕਈ ਵਾਰ ਸਾਨੂੰ ਖੇਤਾਂ ਵਿਚ ਜਾ ਕੇ ਫ਼ਸਲਾਂ, ਨਦੀਨਾਂ, ਬੂਟਿਆਂ, ਪਸ਼ੂ, ਪੰਛੀਆਂ, ਦਰੱਖਤਾਂ, ਫੁੱਲਾਂ ਅਤੇ ਮਿੱਟੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਣੀ। ਖ਼ਰਚੇ ਪੱਖੋਂ ਵੀ ਉਹ ਕਾਫ਼ੀ ਦਲੇਰ ਸੀ।
'ਫ਼ਰੀ' ਹੋਣ ਵਾਲੇ ਦਿਨ ਹੀ ਉਸ ਨੇ ਸਾਨੂੰ ਸਾਰੀ ਜਮਾਤ ਨੂੰ ਕਹਿ ਦਿਤਾ ਕਿ ਜੇ ਕਿਸੇ ਨੂੰ ਪਿਛੋਂ ਜਾਣ-ਆਉਣ ਦੀ ਪ੍ਰੇਸ਼ਾਨੀ ਹੋਵੇ ਤਾਂ ਉਹ ਉਸ ਦੇ ਘਰ ਰਹਿ ਕੇ ਇਮਤਿਹਾਨ ਦੇ ਸਕਦਾ ਹੈ। ਉਸ ਵੇਲੇ ਪਿੰਡ ਤੋਂ ਸ਼ਹਿਰ ਜਾਣ ਦਾ ਸਾਧਨ ਸਾਈਕਲ ਹੀ ਸੀ ਜਾਂ ਬੱਸ। ਪਰ ਬੱਸਾਂ ਘੰਟੇ ਅੱਧੇ ਘੰਟੇ ਦੇ ਵਕਫ਼ੇ ਬਾਅਦ ਹੀ ਆਉਂਦੀਆਂ ਸਨ। ਸ਼ੇਰਮਾਜਰਾ ਮੈਣ ਸਵਾਜਪੁਰ ਆਦਿ ਪਿੰਡਾਂ ਨੂੰ ਬੱਸ ਲੱਗੀ ਹੀ ਨਹੀਂ ਸੀ। ਸਾਡੇ ਘਰ ਵੀ ਇਕ ਹੀ ਸਾਈਕਲ ਸੀ, ਭਰਾਵਾਂ ਅਤੇ ਪਿਤਾ ਜੀ ਦੀ ਵਰਤੋਂ ਲਈ। ਸੱਟ ਫੇਟ ਦੇ ਡਰ ਤੋਂ ਸਾਨੂੰ ਸਾਈਕਲ ਤੇ ਪਟਿਆਲੇ ਜਾਣ ਦੇਣ ਲਈ ਘਰ ਦੇ ਵੀ ਤਿਆਰ ਨਹੀਂ ਸਨ। ਸੋ ਅਸੀ ਅੱਠ-ਦਸ  ਜਣਿਆਂ ਨੇ ਲਾਂਬਾ ਜੀ ਦੇ ਘਰ ਰਹਿ ਕੇ ਇਮਤਿਹਾਨ ਦੇਣ ਦੀ ਸਲਾਹ ਪੱਕੀ ਕਰ ਲਈ। ਵਾਤਾਵਰਣ ਦਾ ਉਸ ਸਮੇਂ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਸੀ। ਲਾਂਬਾ ਜੀ ਦਾ ਘਰ ਪਿੰਡਾਂ ਦੇ ਘਰਾਂ ਵਾਂਗ ਹੀ ਬਹੁਤ ਖੁੱਲ੍ਹਾ-ਡੁੱਲ੍ਹਾ ਸੀ। ਰੋਟੀ-ਪਾਣੀ ਚਾਹ ਸਾਨੂੰ ਸਮੇਂ ਅਨੁਸਾਰ ਬਹੁਤ ਵਧੀਆ ਮਿਲਦਾ। ਪੜ੍ਹਨ ਦਾ ਵੀ ਲਾਂਬਾ ਜੀ ਨੇ ਸਾਡਾ ਟਾਈਮ ਟੇਬਲ ਬਣਾ ਦਿਤਾ।
ਸਵੇਰੇ ਚਾਰ ਵਜੇ ਉਠਾ ਕੇ (ਜੋ ਸਾਨੂੰ ਬਹੁਤ ਔਖਾ ਲਗਦਾ ਸੀ ਉਦੋਂ) ਚਾਹ ਪਿਆ ਕੇ ਸਾਨੂੰ ਮਾਲ ਰੋਡ ਤੇ ਲੈ ਜਾਂਦਾ ਅਤੇ ਸੜਕ ਤੇ ਲਗੀਆਂ ਕਤਾਰਾਂ ਦੇ ਖੰਭਿਆਂ ਕੋਲ ਇਕੱਲੇ-ਇਕੱਲੇ ਨੂੰ ਬਿਠਾ ਕੇ ਪੜ੍ਹਨ ਲਈ ਕਹਿੰਦਾ। ਡੇਢ-ਦੋ ਘੰਟੇ ਬਾਅਦ ਵਾਪਸ ਘਰ ਆ ਕੇ ਨਹਾ ਧੋ ਕੇ ਨਾਸ਼ਤਾ ਕਰਦੇ, ਅਰਾਮ ਕਰਦੇ ਅਤੇ ਇਮਤਿਹਾਨ ਦੇਣ ਚਲੇ ਜਾਂਦੇ। ਵਾਪਸ ਆ ਕੇ ਚਾਹ ਪਾਣੀ ਛੱਕ ਕੇ ਅਰਾਮ ਕਰਦੇ ਅਤੇ ਫਿਰ ਪੜ੍ਹਾਈ ਕਰ ਕੇ ਰਾਤ ਦਾ ਖਾਣਾ ਖਾ ਕੇ ਛੇਤੀ ਹੀ ਸੌਂ ਜਾਂਦੇ। ਪਹਿਲਾਂ ਤਾਂ ਸ਼ਹਿਰ ਦਾ ਮਾਹੌਲ ਕੁੱਝ ਓਪਰਾ ਜਿਹਾ ਲਗਿਆ, ਕੁੱਝ ਅਨੁਸ਼ਾਸਨ ਵਿਚ ਰਹਿਣਾ ਪਿਆ ਪਰ ਫਿਰ ਪਤਾ ਹੀ ਨਾ ਲਗਿਆ ਕਿ ਕਦੋਂ ਇਮਤਿਹਾਨ ਖ਼ਤਮ ਹੋ ਗਏ ਅਤੇ ਅਸੀ ਵਾਪਸ ਪਿੰਡ ਆ ਗਏ। ਮਾਸਟਰ ਲਾਂਬਾ ਜੀ ਅਤੇ ਉਸ ਦੇ ਪ੍ਰਵਾਰ ਨੇ ਸਾਨੂੰ ਬਹੁਤ ਅਰਾਮਦਾਇਕ ਰਖਿਆ ਅਤੇ ਕੋਈ ਦਿੱਕਤ ਨਾ ਆਈ। ਉਨ੍ਹਾਂ ਨੂੰ ਸਾਡੇ ਉਥੇ ਰਹਿ ਕੇ ਇਮਤਿਹਾਨ ਦੇਣ ਦੀ ਬਹੁਤ ਖ਼ੁਸ਼ੀ ਹੋਈ ਅਤੇ ਸਾਡੇ ਲਈ ਵੀ ਇਕ ਯਾਦਗਾਰ ਬਣ ਗਈ। ਹੁਣ ਵੀ ਜਦੋਂ ਹਰ ਸਾਲ ਫ਼ਰਵਰੀ ਦਾ ਮਹੀਨਾ ਆਉਂਦਾ ਹੈ ਤਾਂ ਲਾਂਬਾ ਜੀ ਦੀ ਯਾਦ ਆ ਜਾਂਦੀ ਹੈ। ਕਿਹੋ ਜਹੇ ਭਲੇ ਇਨਸਾਨ ਸਨ ਉਹ।
ਦਰਸ਼ਨ ਸਿੰਘ ਸੰਪਰਕ : 97795-50811

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement