
ਪਿਛਲੇ 5 ਦਿਨਾਂ ਤੋਂ ਸਾਰਾ ਪੰਜਾਬ ਫ਼ਤਿਹਵੀਰ ਵਾਸਤੇ ਅਰਦਾਸਾਂ ਕਰ ਰਿਹਾ ਸੀ ਪਰ ਰੱਬ ਨੂੰ ਉਸ ਦੀ ਜ਼ਿਆਦਾ ਲੋੜ ਹੋਵੇਗੀ ਕਿ ਉਸ ਪਵਿੱਤਰ ਰੂਹ ਨੂੰ ਅਪਣੇ ਕੋਲ ਬੁਲਾ ਲਿਆ...
ਪਿਛਲੇ 5 ਦਿਨਾਂ ਤੋਂ ਸਾਰਾ ਪੰਜਾਬ ਫ਼ਤਿਹਵੀਰ ਵਾਸਤੇ ਅਰਦਾਸਾਂ ਕਰ ਰਿਹਾ ਸੀ ਪਰ ਰੱਬ ਨੂੰ ਉਸ ਦੀ ਜ਼ਿਆਦਾ ਲੋੜ ਹੋਵੇਗੀ ਕਿ ਉਸ ਪਵਿੱਤਰ ਰੂਹ ਨੂੰ ਅਪਣੇ ਕੋਲ ਬੁਲਾ ਲਿਆ। ਪਰ ਜਿਹੜੀਆਂ ਲਾਪ੍ਰਵਾਹੀਆਂ ਕਾਰਨ ਉਸ ਨੰਨ੍ਹੀ ਜਾਨ ਨੂੰ ਸਾਡੇ ਪੰਜਾਬ ਵਲੋਂ ਇਕ ਦਰਦਨਾਕ ਮੌਤ ਨਾਲ ਵਿਦਾਇਗੀ ਦਿਤੀ ਹੈ, ਉਸ ਬਾਰੇ ਅੱਜ ਸਵਾਲ ਤਾਂ ਪੁਛਣੇ ਹੀ ਪੈਣਗੇ। ਜੇ ਅੱਜ ਇਹ ਮੁਸ਼ਕਲ ਸਵਾਲ ਨਾ ਪੁੱਛੇ ਤਾਂ ਇਸ ਨੰਨ੍ਹੀ ਜਾਨ ਦੀ ਮੌਤ ਮੁੜ ਤੋਂ ਕਿਸੇ ਹੋਰ ਦੇ ਪੱਲੇ ਪੈ ਜਾਵੇਗੀ।
Fatehveer Singh
ਫ਼ਤਿਹਵੀਰ ਨਾਲ ਵਾਪਰੇ ਇਸ ਹਾਦਸੇ ਨੂੰ ਇਕ ਤਮਸ਼ਾ ਬਣਾ ਦਿਤਾ ਗਿਆ ਜਿਥੇ ਕਈ ਲੋਕ ਅਪਣੇ ਸੱਚੇ ਅਤੇ ਦਿਲੀ ਪਿਆਰ ਨਾਲ ਪ੍ਰਵਾਰ ਦੇ ਦਰਦ ਨੂੰ ਸਾਂਝਾ ਕਰਦੇ, ਫ਼ਿਕਰ ਅਤੇ ਚਿੰਤਾ ਨਾਲ ਮਦਦ ਕਰਨ ਅਤੇ ਫ਼ਤਿਹਵੀਰ ਦੀ ਫ਼ਤਹਿ ਹੁੰਦੀ ਵੇਖਣ ਆਏ ਸਨ, ਉਥੇ ਓਨੇ ਹੀ ਉਹ ਲੋਕ ਵੀ ਸਨ ਜੋ ਇਸ ਮੌਕੇ ਨੂੰ ਅਪਣੀ ਚੜ੍ਹਤ ਵਾਸਤੇ ਇਕ ਪੌੜੀ ਬਣਾ ਰਹੇ ਸਨ। ਉਨ੍ਹਾਂ ਵਿਚ ਕਈ ਅਜਿਹੇ ਵੀ ਬੈਠੇ ਸਨ ਜੋ ਦਿਲ ਦੇ ਕਿਸੇ ਕੋਨੇ ਵਿਚ ਇਹ ਇੱਛਾ ਵੀ ਪਾਲੀ ਬੈਠੇ ਸਨ ਕਿ ਫ਼ਤਿਹਵੀਰ ਨੂੰ ਬਾਹਰ ਨਿਕਲਣ ਵਿਚ ਜ਼ਿਆਦਾ ਸਮਾਂ ਲੱਗੇ ਤਾਕਿ ਉਹ ਇਸ ਸਮੇਂ ਨੂੰ ਅਪਣੀ ਨਿਜੀ ਚੜ੍ਹਤ ਲਈ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਵਰਤ ਸਕਣ।
Fatehveer Singh rescue operation
ਸ਼ਾਇਦ ਉਨ੍ਹਾਂ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਇਹ ਖੇਡ ਜਾਨ ਲੇਵਾ ਬਣ ਜਾਵੇਗੀ ਤੇ ਜਾਂ ਫਿਰ ਉਨ੍ਹਾਂ ਨੂੰ ਬੱਚੇ ਦੀ ਮੌਤ ਦੀ ਚਿੰਤਾ ਹੀ ਕੋਈ ਨਹੀਂ ਸੀ। ਇਕ ਸਵਾਲ ਇਹ ਉਠਦਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ? ਜਵਾਬ ਬੜਾ ਸਾਫ਼ ਹੈ। ਜੋ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ, ਉਹ ਗ਼ਲਤ ਨਹੀਂ ਹਨ। ਸਾਡੇ ਪ੍ਰਸ਼ਾਸਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਹਾਦਸੇ ਨੂੰ ਕਿਸ ਤਰ੍ਹਾਂ ਸੰਭਾਲਣਾ ਬਣਦਾ ਸੀ ਅਤੇ ਸ਼ਾਇਦ ਘੱਟ ਹੀ ਸਰਕਾਰੀ ਅਫ਼ਸਰਾਂ ਨੂੰ ਅੱਜ ਵੀ ਪਤਾ ਹੋਵੇਗਾ ਕਿ ਹੁਣ ਜੇ ਕੋਈ ਬੱਚਾ ਕਿਸੇ ਬੋਰਵੈੱਲ 'ਚ ਡਿੱਗ ਪਵੇ ਤਾਂ ਛੇਤੀ ਤੋਂ ਛੇਤੀ ਕੱਢਣ ਲਈ ਕੀ ਕਰਨਾ ਚਾਹੀਦੈ। ਬੱਚੇ ਨੂੰ ਬਚਾਉਣ ਲਈ ਇਕ ਨਹੀਂ ਬਲਕਿ ਅਪਣੇ ਆਪ ਨੂੰ ਮਾਹਰ ਮੰਨਣ ਵਾਲੇ ਅਨੇਕਾਂ ਲੋਕ ਹਾਜ਼ਰ ਸਨ ਅਤੇ ਉਨ੍ਹਾਂ ਮਿਲ ਕੇ ਸਲਾਹਵਾਂ ਦੀ ਖਿਚੜੀ ਪਕਾਈ ਜਿਸ ਦਾ ਅੰਤ ਬੱਚੇ ਦੀ ਮੌਤ 'ਚ ਨਿਕਲਿਆ।
Fatehveer Singh rescue operation
ਅਸਲ ਵਿਚ ਸਾਰੇ ਅਪਣੇ ਹਿਸਾਬ ਨਾਲ ਅੰਦਾਜ਼ਿਆਂ ਦੇ ਤੀਰ ਤੁੱਕੇ ਛੱਡ ਰਹੇ ਸਨ ਪਰ ਜ਼ਿੰਮੇਵਾਰੀ ਲੈਣ ਵਾਲਾ ਇਕ ਵੀ ਮਾਹਰ ਨਹੀਂ ਸੀ। ਆਸ ਲਗਾਈ ਜਾ ਰਹੀ ਸੀ ਖੂਹ ਖੋਦਣ ਵਾਲੇ 'ਜੱਗੇ' ਤੇ ਜੋ ਕਿ ਖੂਹ ਖੋਦਣ ਦਾ ਮਾਹਰ ਸੀ ਨਾ ਕਿ 125 ਫ਼ੁੱਟ ਬੋਰ 'ਚੋਂ ਬੱਚੇ ਕੱਢਣ ਦਾ। ਜਿਹੜੀ ਫ਼ੌਜ ਨੇ ਇਸ ਤਰ੍ਹਾਂ ਦੇ ਬਚਾਅ ਕਾਰਜ ਸਫ਼ਲਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਅੱਗੇ ਵੀ ਨਾ ਲੱਗਣ ਦਿਤਾ ਗਿਆ। ਸੇਵਾ-ਭਾਵ ਨਾਲ ਬਣੀ ਸਰਵੇ ਵਾਲੀ ਟੀਮ ਨੇ ਘੇਰਾ ਪਾਈ ਰਖਿਆ। ਐਨ.ਡੀ.ਆਰ.ਐਫ਼. ਉਥੇ ਕੰਮ ਕਰਦੀ ਸੀ ਪਰ ਉਨ੍ਹਾਂ 'ਚੋਂ ਕਿਸੇ ਕੋਲ ਪੂਰੀ ਸਮਝ ਦੀ ਝਲਕ ਨਾ ਮਿਲੀ। ਹੁਣ ਚੰਡੀਗੜ੍ਹ ਬੈਠੀ ਸਰਕਾਰ ਦੀ ਗ਼ਲਤੀ ਵੀ ਪ੍ਰਤੱਖ ਹੈ ਕਿਉਂਕਿ ਉਥੋਂ ਕੋਈ ਵਜ਼ੀਰ ਅੱਗੇ ਆ ਕੇ ਸਥਿਤੀ ਨੂੰ ਹੱਥ ਵਿਚ ਲੈ ਲੈਂਦਾ ਤਾਂ ਨਤੀਜਾ ਵਖਰਾ ਹੀ ਹੁੰਦਾ।
Fatehveer Singh
ਗ਼ਲਤੀ ਦੀ ਗੱਲ ਕਰੀਏ ਤਾਂ ਜੇ ਇਹ ਹਾਦਸਾ ਕਿਸੇ ਪਛਮੀ ਦੇਸ਼ ਵਿਚ ਹੋਇਆ ਹੁੰਦਾ ਤਾਂ ਅੱਜ ਪ੍ਰਵਾਰ ਤੇ ਵੀ ਅਪਣੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਇਲਜ਼ਾਮ ਲਗਣਾ ਸੀ। ਇਹ ਬੋਰ ਪ੍ਰਵਾਰ ਨੇ ਆਪ ਖੁਦਵਾਇਆ ਸੀ ਅਤੇ ਫਿਰ ਉਸ ਨੂੰ ਗੰਦਗੀ ਪਾਉਣ ਵਾਲਾ ਇਕ ਕੂੜਾਦਾਨ ਬਣਾਉਣ ਦਾ ਰਸਤਾ ਬਣਾ ਕੇ ਛੱਡ ਦਿਤਾ ਸੀ। ਉਨ੍ਹਾਂ ਵਲੋਂ ਅਨਜਾਣੇ ਵਿਚ ਇਹ ਗ਼ਲਤੀ ਹੋਈ ਅਤੇ ਸਾਰੇ ਪੰਜਾਬ ਵਿਚ ਕਿੰਨੇ ਹੀ ਲੋਕ ਇਹ ਗ਼ਲਤੀ ਕਰਦੇ ਹਨ। ਕਿਸੇ ਹੋਰ ਦਾ ਬੱਚਾ ਡਿਗਦਾ ਤਾਂ ਫਿਰ ਗੱਲ ਹੋਰ ਹੁੰਦੀ।
Fatehveer Singh
ਅਪਣਾ ਬੱਚਾ ਸੀ ਤਾਂ ਗੱਲ ਰਫ਼ਾ-ਦਫ਼ਾ ਹੋ ਜਾਵੇਗੀ। ਪਰ ਤੁਸੀ ਅਪਣੇ ਆਸ-ਪਾਸ ਹੀ ਵੇਖ ਲਵੋ, ਕਿੰਨੇ ਬੋਰ ਖੁੱਲ੍ਹੇ ਛੱਡੇ ਗਏ ਹਨ ਅਤੇ ਕਿੰਨਾ ਖ਼ਤਰਾ ਅਸੀ ਆਪ ਹੀ ਪੈਦਾ ਕਰਦੇ ਹਾਂ। ਇਕ ਜਾਲੀ ਨਾਲ ਢੱਕ ਦੇਣ ਨਾਲ ਖ਼ਤਰਾ ਟਲ ਸਕਦਾ ਸੀ ਪਰ ਸਮਾਜ ਨੂੰ ਬਿਹਤਰ ਬਣਾਉਣ ਦੀ ਫ਼ਿਤਰਤ ਹੀ ਨਹੀਂ ਪਲਰ ਰਹੀ। ਬਸ ਏਨਾ ਕੁ ਹੀ ਕਰੋ ਜਿਸ ਨਾਲ ਅਪਣਾ ਕੰਮ ਚਲ ਜਾਵੇ, ਸਫ਼ਾਈ ਕੋਈ ਹੋਰ ਕਰ ਲਵੇਗਾ
Fatehveer Singh
ਇਸ ਹਿਸਾਬ ਨਾਲ ਪੰਜਾਬ ਦਾ ਹਰ ਉਹ ਇਨਸਾਨ ਜ਼ਿੰਮੇਵਾਰ ਬਣਦਾ ਹੈ ਜੋ ਬੋਰਵੈੱਲ ਖੁੱਲ੍ਹੇ ਛੱਡ ਕੇ ਦੂਜਿਆ ਵਾਸਤੇ ਰਾਹ ਦਾ ਖ਼ਤਰਾ ਪੈਦਾ ਕਰਦਾ ਹੈ। ਅਤੇ ਜੋ ਆਖ਼ਰੀ ਇਲਜ਼ਾਮ ਲਗਦਾ ਹੈ ਅਤੇ ਜੋ ਸਾਡੇ ਸਾਰਿਆਂ ਦੇ ਸਿਰ ਤੇ ਠੀਕ ਹੀ ਲਗਦਾ ਹੈ, ਉਹ ਇਹ ਹੈ ਕਿ ਅਸੀ ਸਾਰੇ ਉਹ ਲੋਕ ਹਾਂ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਏਨੀਆਂ ਡੂੰਘਾਈਆਂ ਤੇ ਜਾਣ ਦਿਤਾ ਹੈ ਕਿ ਹੁਣ ਪਾਣੀ ਲੈਣ ਲਈ 150-125 ਫ਼ੁੱਟ ਤਕ ਜਾਣਾ ਪੈਂਦਾ ਹੈ। ਅੱਜ ਜਿੰਨਾ ਮਰਜ਼ੀ ਕਿਸੇ ਨੂੰ ਨਿੰਦ ਲਵੋ, ਇਕ ਗੱਲ ਮੰਨਣੀ ਪਵੇਗੀ ਕਿ 125-150 ਫ਼ੁੱਟ ਜ਼ਮੀਨ 'ਚ ਡਿੱਗਣ ਤੋਂ ਬਾਅਦ ਬਾਹਰ ਕਢਣਾ ਆਸਾਨ ਨਹੀਂ ਹੋ ਸਕਦਾ।
Fatehveer Singh
ਪਹਿਲਾਂ ਅਸੀ ਕੁਦਰਤ ਨੂੰ ਪੈਸਿਆਂ ਪਿੱਛੇ ਲੁਟਦੇ ਰਹੇ, ਅਤੇ ਅੱਜ ਵੀ ਕੁਦਰਤ ਨੂੰ ਲੁੱਟ ਰਹੇ ਹਾਂ। ਏਨੀ ਡੂੰਘਾਈ ਤੇ ਜਾ ਰਹੇ ਹਾਂ ਜਿਥੇ ਆਮ ਇਨਸਾਨ ਵਾਸਤੇ ਜਾਣਾ ਵਾਜਬ ਨਹੀਂ ਮੰਨਿਆ ਜਾ ਸਕਦਾ। ਧਰਤੀ ਨੂੰ ਅਪਣਾ ਸੰਤੁਲਨ ਬਣਾਈ ਰੱਖਣ ਲਈ ਪਾਣੀ ਚਾਹੀਦਾ ਹੈ। ਸਮੁੰਦਰ ਦਾ ਪਾਣੀ ਖ਼ਾਲੀ ਕਰ ਕੇ ਅਸੀ ਮੱਛੀ ਖਾਣ ਦੀ ਆਸ ਨਹੀਂ ਪਾਲ ਸਕਦੇ। ਧਰਤੀ ਦਾ ਏਨੀ ਡੂੰਘਾਈ ਤਕ ਪਾਣੀ ਖ਼ਾਲੀ ਕਰ ਕੇ ਅਸੀ ਉਸ ਧਰਤੀ ਦਾ ਸੰਤੁਲਨ ਵਿਗਾੜ ਰਹੇ ਹਾਂ ਜਿਸ ਉਤੇ ਅਸੀ ਆਰਾਮ ਨਾਲ ਰਹਿਣਾ ਚਾਹੁੰਦੇ ਹਾਂ। ਬਹੁਤ ਦੇਰ ਨਹੀਂ ਰਹਿ ਸਕਾਂਗੇ।
Fatehveer Singh
ਫ਼ਤਿਹਵੀਰ ਦੀ ਮੌਤ ਨੂੰ ਜਾਂ ਤਾਂ ਇਕ ਦੂਜੇ ਉਤੇ ਇਲਜ਼ਾਮ ਲਾਉਣ ਦਾ ਤੇ ਨੌਕਰੀਆਂ ਲੈਣ ਦਾ ਜ਼ਰੀਆ ਬਣਾ ਲਵੋ ਜਾਂ ਉਸ ਦੀ ਮੌਤ ਨੂੰ ਕੁਦਰਤ ਦਾ ਸੰਦੇਸ਼ ਸਮਝ ਲਵੋ। ਇਸੇ ਤਰ੍ਹਾਂ ਚਲਦੇ ਰਿਹਾ ਤਾਂ ਪਾਣੀ ਦਾ ਪੱਧਰ 200-250 ਫ਼ੁੱਟ ਦੀਆਂ ਡੂੰਘਾਈਆਂ ਤੇ ਜਾਵੇਗਾ ਅਤੇ ਇਕ ਦਿਨ ਪਾਣੀ ਹੀ ਨਹੀਂ ਮਿਲੇਗਾ। ਅਪਣਾ ਪੰਜਾਬ ਹੈ, ਅਪਣੀ ਧਰਤੀ ਹੈ, ਅਪਣਾ ਫ਼ਤਿਹਵੀਰ ਸੀ, ਉਨ੍ਹਾਂ ਦੀ ਪੁਕਾਰ ਸੁਣੋ। - ਨਿਮਰਤ ਕੌਰ