ਗ਼ਰੀਬ ਜਿਸ ਨੂੰ ਭਵਿੱਖ ਵਿਚ ਅਪਣੇ ਲਈ ਕੋਈ ਆਸ ਵਿਖਾਈ ਨਹੀਂ ਦੇਂਦੀ, ਉਹ ਸਿਆਸਤਦਾਨਾਂ ਵਿਚੋਂ ਰੱਬ ਨਹੀਂ ਵੇਖ ਸਕਦਾ।
Editorial: ਨਰਿੰਦਰ ਮੋਦੀ ਦੀ ਸਰਕਾਰ ਤੀਜੀ ਵਾਰ ਵੀ ਬਣ ਗਈ ਹੈ ਤੇ ਭਾਵੇਂ ਉਹ ਕੁੱਝ ਵੀ ਪਏ ਆਖਣ, ਅੰਦਰੋਂ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਸ ਵਾਰ ਉਨ੍ਹਾਂ ਦੇ ਸਿਰ ਤੇ ਸੱਤਾ ਦਾ ਤਾਜ ਨਿਤੀਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਬਾਹਰੋਂ ਆ ਕੇ ਨਾ ਸਜਾਉਂਦੇ ਤਾਂ ਉਹ ਤਾਂ ਚੋਣ-ਦੰਗਲ ਲਗਭਗ ਹਾਰ ਹੀ ਗਏ ਸਨ। ਨਿਤੀਸ਼ ਕੁਮਾਰ ਜੋ ਸਿਆਸੀ ਪਲਟੀਬਾਜ਼ੀ ਦੇ ਮਾਹਰ ਮੰਨੇ ਜਾਂਦੇ ਹਨ, ਦੂਜੀ ਧਿਰ ਵਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਪੇਸ਼ਕਸ਼ ਠੁਕਰਾ ਕੇ ਮੋਦੀ ਪਿੱਛੇ ਖੜੇ ਹੋਣ ਦਾ ਫ਼ੈਸਲਾ ਉਨ੍ਹਾਂ ਸ਼ਾਇਦ ਇਹ ਸੋਚ ਕੇ ਕੀਤਾ ਕਿ ‘ਇੰਡੀਆ’ ਵਾਲੇ ਪਾਸੇ ਤਾਂ 6 ‘ਪ੍ਰਧਾਨ ਮੰਤਰੀ’ ਬੈਠੇ ਮਿਲਣਗੇ ਜਿਨ੍ਹਾਂ ਸਾਰਿਆਂ ਨੂੰ ਖ਼ੁਸ਼ ਰਖਣਾ ਬਹੁਤ ਔਖਾ ਹੋਵੇਗਾ ਜਦਕਿ ਬੀਜੇਪੀ ਵਾਲੇ ਕਮਜ਼ੋਰ ਪੈ ਚੁੱਕੇ ਇਕ ਪ੍ਰਧਾਨ ਮੰਤਰੀ ਨੂੰ ਕਾਬੂ ਹੇਠ ਰਖਣਾ ਹੁਣ ਬਹੁਤ ਆਸਾਨ ਹੋ ਗਿਆ ਹੈ।
ਸ਼ਾਇਦ ਉਹ ਜਾਣਦੇ ਹਨ ਕਿ ਮਾਂਗਵੀਂ ਤਾਕਤ ਦੇ ਸਹਾਰੇ ਦਿੱਲੀ ਦਾ ਹਾਕਮ ਬਣਨ ਦੀ ਬਜਾਏ ਅਪਣੇ ਬਿਹਾਰ ਦੀ ਕੁਰਸੀ ਤੇ ਬੈਠ ਕੇ ਦਿੱਲੀ ਦੇ ਬਾਦਸ਼ਾਹ ਨੂੰ ਅਪਣੀ ਮਰਜ਼ੀ ਅਨੁਸਾਰ ਵਰਤਣਾ ਜ਼ਿਆਦਾ ਸੁਖਦਾਇਕ ਹੋਵੇਗਾ। ਉਹ ਸਾਡੇ ਅਕਾਲੀਆਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਹਨ ਜੋ ਅਪਣੇ ਲਈ ਕੁੱਝ ਲੈਣ ਦੀ ਮੰਗ ਕਰਨ ਦੀ ਬਜਾਏ, ਅਪਣੇ ਲੋਕਾਂ ਤੇ ਅਪਣੇ ਰਾਜ ਲਈ ਲੈਣਾ ਜ਼ਿਆਦਾ ਲਾਹੇਵੰਦ ਸਮਝਦੇ ਹਨ ਕਿਉਂਕਿ ਸਿਆਸੀ ਉਮਰ ਇਸ ਤਰ੍ਹਾਂ ਹੀ ਤਾਂ ਹੋਰ ਵੱਡੀ ਕੀਤੀ ਜਾ ਸਕਦੀ ਹੈ।
ਸਰਕਾਰ ਬਣਾਉਣ ਤੇ ਕੈਬਨਿਟ ਦਾ ਐਲਾਨ ਹੋਣ ਤਕ ਦੇ ਬੰਦ ਦਰਵਾਜ਼ਿਆਂ ਪਿੱਛੇ ਲੈਣ ਦੇਣ ਦੀਆਂ ਗੱਲਾਂ ਦਾ ਭਾਰੀ ਅਸਰ ਦਿਸ ਰਿਹਾ ਸੀ। 72 ਮੰਤਰੀ, ਰਾਜ ਮੰਤਰੀ ਬਣਾਉਣ ਦੇ ਬਾਵਜੂਦ ਅਜੇ ਭਾਈਵਾਲੀ ਦੀ ਖੇਡ ਖ਼ਤਮ ਨਹੀਂ ਹੋਈ। ਅਜੇ ਚੰਦਰ ਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਨੇ ਕੁੱਝ ਖ਼ਾਸ ਵੱਡੇ ਮੰਤਰਾਲੇ ਨਹੀਂ ਮੰਗੇ ਪਰ ਉਹ ਅਪਣੇ ਸੂਬਿਆਂ ਵਾਸਤੇ ਕੁੱਝ ਖ਼ਾਸ ਰਕਮਾਂ ਤੇ ਸਹੂਲਤਾਂ ਜ਼ਰੂਰ ਮੰਗ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਤਾਕਤ ਐਨਸੀਪੀ ਦੇ ਅਜੀਤ ਪਵਾਰ ਵਰਗੀ ਨਹੀਂ ਕਿ ਉਨ੍ਹਾਂ ਨੂੰ ਖੂੰਜੇ ਲਾਇਆ ਜਾ ਸਕੇ।
ਭਾਈਵਾਲੀ ਸਰਕਾਰ ਬਣਨ ਜਾਂ ਨਾ ਬਣਨ ਵਿਚ ਸਿਰਫ਼ 30 ਸੀਟਾਂ ਦੀ ਖੇਡ ਬੜੇ ਵੱਡੇ ਸੰਦੇਸ਼ ਦੇਂਦੀ ਹੈ ਤੇ ਸਰਕਾਰ ਨੂੰ ਨਾ ਸਿਰਫ਼ ਭਾਈਵਾਲਾਂ ਨੂੰ ਖ਼ੁਸ਼ ਰਖਣਾ ਪਵੇਗਾ ਸਗੋਂ ਨਾਲ ਹੀ ਜਨਤਾ ਦੇ ਸੁਨੇਹੇ ਨੂੰ ਵੀ ਸਮਝਣਾ ਪਵੇਗਾ। ਭਾਜਪਾ ਦਾ ਵੋਟ ਸ਼ੇਅਰ ਵਧਿਆ, ਕਾਂਗਰਸ ਤੋਂ ਅੱਗੇ ਰਹੀ ਪਰ ਉਨ੍ਹਾਂ ਦੀ ਆਰਥਕ ਨੀਤੀ ਗ਼ਰੀਬਾਂ ਨੇ ਨਕਾਰ ਦਿਤੀ। ਧਰਮ ਦੀ ਸਿਆਸਤ ਦੀ ਹਾਰ ਤਾਂ ਰਾਮ ਮੰਦਰ ਅਥਵਾ ਅਯੋਧਿਆ ਤੋਂ ਹੀ ਹੋ ਗਈ।
ਬੜੇ ਫ਼ਖ਼ਰ ਨਾਲ ਕਿਹਾ ਜਾਂਦਾ ਸੀ ਕਿ ਕੇਂਦਰ ਸਰਕਾਰ ਹਰ ਮਹੀਨੇ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਂਦੀ ਹੈ ਤੇ ਹੋਰ ਵੀ ਕਈ ਮੁਫ਼ਤ ਸਹੂਲਤਾਂ ਦੇਂਦੀ ਹੈ। ਪਰ ਲੋਕ ਤਾਂ ਪੱਕੀ ਨੌਕਰੀ ਮੰਗਦੇ ਹਨ। ਜਿਹੜੀ ਸ਼ਹਿਰੀ ਵੋਟ ਮਿਲੀ ਹੈ, ਉਹ ਇਸ ਕਰ ਕੇ ਮਿਲੀ ਹੈ ਕਿਉਂਕਿ ਅਮੀਰ ਜਾਂ ਮੱਧ ਵਰਗ ਕੋਲ ਲੋੜੀਂਦੀ ਆਮਦਨ ਹੈ ਤੇ ਉਹ ਧਾਰਮਕ ਕੱਟੜਪੁਣੇ ਦਾ ਅਸਰ ਜਲਦੀ ਕਬੂਲ ਕਰ ਲੈਂਦਾ ਹੈ।
ਪਰ ਗ਼ਰੀਬ ਜਿਸ ਨੂੰ ਭਵਿੱਖ ਵਿਚ ਅਪਣੇ ਲਈ ਕੋਈ ਆਸ ਵਿਖਾਈ ਨਹੀਂ ਦੇਂਦੀ, ਉਹ ਸਿਆਸਤਦਾਨਾਂ ਵਿਚੋਂ ਰੱਬ ਨਹੀਂ ਵੇਖ ਸਕਦਾ। ਅਗਨੀਵੀਰ ਦੇ ਨਾਂ ਦੇ ਕੇ, ਠੇਕੇ ਦੇ ਫ਼ੌਜੀ ਨਾਲ ਸਰਕਾਰ ਦੇ ਪੈਸੇ ਦੀ ਬੱਚਤ ਹੁੰਦੀ ਹੈ ਪਰ ਦੇਸ਼ ਅੰਦਰ ਰੋਸ ਵੱਧ ਰਿਹਾ ਹੈ। ਸਰਕਾਰੀ ਨੌਕਰੀਆਂ ਤਾਂ ਭਰਨੀਆਂ ਹੀ ਪੈਣਗੀਆਂ ਪਰ ਨਾਲ ਨਾਲ ‘ਮੇਕ ਇਨ ਇੰਡੀਆ’, ਆਤਮ ਨਿਰਭਰ ਭਾਰਤ ਵਾਲੀ ਸੋਚ ਤੇ ਦੁਬਾਰਾ ਕੰਮ ਕਰਨਾ ਪਵੇਗਾ।
ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਪ੍ਰਚਾਰ ਨਾਲ ਹੱਡੀਂ ਹੰਢਾਈਆਂ ਮੁਸੀਬਤਾਂ ਭੁਲਾਈਆਂ ਨਹੀਂ ਜਾ ਸਕਦੀਆਂ। ਜੇ ਪੇਟ ਖ਼ਾਲੀ ਹੈ ਤਾਂ ਸਿਲੰਡਰ ਦੀ ਕੀਮਤ, ਤੇਲ, ਦੁੱਧ, ਦਾਲ ਦੀ ਕੀਮਤ ਜ਼ਰੂਰ ਚੁਭੇਗੀ ਤੇ ਸਿਰਫ਼ ਗ਼ਰੀਬਾਂ ਨੂੰ ਹੀ ਨਹੀਂ ਬਲਕਿ ਪੈਸੇ ਵਾਲੇ ਨੂੰ ਵੀ ਚੁਭੇਗੀ। ਰਾਮ ਮੰਦਰ ਜੇ ਇਸ ਵਾਰ ਨਾ ਬਣਿਆ ਹੁੰਦਾ ਤਾਂ ਫ਼ੈਸਲਾ ਵਖਰਾ ਹੋਣਾ ਸੀ।
ਰਾਮ ਮੰਦਰ ਦੀ ਲੋੜ ਸਰਕਾਰ ਨੂੰ ਜ਼ਿਆਦਾ ਸੀ ਤੇ ਵੋਟਾਂ ਮਿਲਣ ਦੀ ਆਸ ਪਾਲ ਕੇ ਉਹ ਇਸ ਨੂੰ ਬਣਵਾ ਤਾਂ ਗਈ ਪਰ ਹੁਣ ਸਰਕਾਰ ਨੂੰ ਅਪਣੇ ਨੌਜੁਆਨਾਂ, ਅਪਣੇ ਗ਼ਰੀਬਾਂ ਪ੍ਰਤੀ ਸੋਚ ਬਦਲਣੀ ਪਵੇਗੀ। ਭਾਈਵਾਲਾਂ ’ਤੇ ਨਿਰਭਰ ਸਰਕਾਰ ਨੂੰ ਕਦੇ ਵੀ ਲੋਕਾਂ ਕੋਲ ਜਾਣਾ ਪੈ ਸਕਦਾ ਹੈ ਤੇ ਸਰਕਾਰ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਉਸ ਨੇ ਲੋਕਾਂ ਦਾ ਦਰਦ ਸਮਝ ਲਿਆ ਹੈ। ਹੰਕਾਰ ਨਹੀਂ, ਸੱਚੀ ਹਮਦਰਦੀ ਵਿਖਾਉਣ ਦੀ ਸਖ਼ਤ ਲੋੜ ਹੈ। - ਨਿਮਰਤ ਕੌਰ