Editorial: ਐਸਜੀਪੀਸੀ ਨੇ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਹੁਣ ਤੋਂ ਬਾਅਦ ਰੰਗਾਂ ਵਿਚ ਬਦਲਾਅ ਨਹੀਂ ਹੋ ਸਕਦਾ।
Editorial: ਸਿੱਖ ਧਰਮ ਵਿਚ ਕਾਫ਼ੀ ਬਦਲਾਅ ਆਏ ਹਨ, ਜੋ ਸਿੱਖੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਵਿਚੋਂ ਇਕ ਅਜਿਹਾ ਬਦਲਾਅ ਕੀਤਾ ਗਿਆ ਕਿ ਸਿੱਖਾਂ ਦੀ ਪਛਾਣ ਦਾ ਰੰਗ ਹੀ ਬਦਲ ਦਿਤਾ ਗਿਆ ਸੀ। ਜਿਥੇ ਰਹਿਤ ਮਰਿਆਦਾ ਅਨੁਸਾਰ ਸਿਰਫ਼ ਸੁਰਮਈ ਜਾਂ ਬਸੰਤੀ ਰੰਗ ਵਿਚ ਨਿਸ਼ਾਨ ਸਾਹਿਬ ਝੂਲਣੇ ਚਾਹੀਦੇ ਸਨ, ਉਨ੍ਹਾਂ ਵਿਚ ਹੋਰ ਰੰਗ ਭਾਵ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਵੀ ਝੂਲਣੇ ਸ਼ੁਰੂ ਹੋ ਗਏ ਸਨ।
ਐਸਜੀਪੀਸੀ ਨੇ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਹੁਣ ਤੋਂ ਬਾਅਦ ਰੰਗਾਂ ਵਿਚ ਬਦਲਾਅ ਨਹੀਂ ਹੋ ਸਕਦਾ। ਇਹ ਫ਼ੈਸਲਾ ਕਿਉਂ ਲਿਆ ਗਿਆ ਅਤੇ ਅੱਜ ਹੀ ਕਿਉਂ ਲਿਆ ਗਿਆ, ਉਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇਹ ਮੁਮਕਿਨ ਹੈ ਕਿ ਜੋ ਅਕਾਲੀ ਦਲ ਦੇ ਦੋ ਧਿਰਾਂ ਵਿਚ ਬੀਜੇਪੀ ਤੇ ਆਰਐਸਐਸ ’ਤੇ ਧਾਰਮਕ ਮਾਮਲਿਆਂ ’ਚ ਦਖ਼ਲ-ਅੰਦਾਜ਼ੀ ਦੇ ਇਲਜ਼ਾਮ ਲੱਗ ਰਹੇ ਹਨ, ਉਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੋ ਸਕਦੈ। ਦਖ਼ਲ-ਅੰਦਾਜ਼ੀ ਕਿੰਨੀ ਸੀ, ਹੈ ਸੀ ਜਾਂ ਨਹੀਂ, ਇਸ ਬਾਰੇ ਅਕਾਲੀ ਦਲ ਬਾਦਲ ਜਾਂ ਸੁਧਾਰ ਲਹਿਰ ਵਾਲੇ ਅਕਾਲੀ ਹੀ ਜਾਣਦੇ ਹਨ ਕਿਉਂਕਿ ਮੀਟਿੰਗਾਂ ਬੰਦ ਦਰਵਾਜ਼ਿਆਂ ਵਿਚ ਹੁੰਦੀਆਂ ਹਨ। ਪ੍ਰੰਤੂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕੁੱਝ ਬੁਨਿਆਦੀ ਸੋਚਾਂ ਜੋ ਸਿੱਖ ਧਰਮ ’ਚ ਦਾਖ਼ਲ ਹੁੰਦੇ ਜਾਂ ਪੈਦਾ ਹੁੰਦੇ ਸ਼ਖ਼ਸ ਦੀ ਪਹਿਲੀ ਪਉੜੀ ਹੁੰਦੀਆਂ ਹਨ, ਉਨ੍ਹਾਂ ਵਲ ਅੱਜ ਧਿਆਨ ਨਹੀਂ ਦਿਤਾ ਜਾ ਰਿਹਾ।
ਕੁੱਝ ਲੋਕ, ਇਸ ਸ਼ੁਰੂਆਤ ਦੇ ਪਹਿਲੇ ਕਦਮ ਦਾ ਵਿਰੋਧ ਵੀ ਕਰ ਰਹੇ ਹਨ, ਉਨ੍ਹਾਂ ਦੇ ਵਿਰੋਧ ਦਾ ਕਾਰਨ ਸਮਝ ਨਹੀਂ ਆਉਂਦਾ ਕਿਉਂਕਿ ਇਹ ਸਿੱਖ ਧਰਮ ਦਾ ਨਿੱਜੀ ਫ਼ੈਸਲਾ ਹੈ, ਜਿਸ ਵਿਚ ਬਾਹਰ ਦੇ ਕਿਸੇ ਵਿਅਕਤੀ ਦਾ ਦਖ਼ਲ ਹੋਣਾ ਹੀ ਨਹੀਂ ਚਾਹੀਦਾ। ਪਰ ਵਿਰੋਧ ਕਰਨ ਵਾਲਿਆਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਵਿਲੱਖਣਤਾ ਹੀ ਇਸ ਕੌਮ ਦੀ ਪਹਿਚਾਣ ਹੈ। ਜੇ ਇਹ ਵਿਲੱਖਣ ਨਾ ਹੁੰਦੇ ਤਾਂ ਵਾਰ-ਵਾਰ ਕੁਰਬਾਨੀਆਂ ਨਾ ਦਿੰਦੇ, ਭਾਵੇਂ ਉਹ ਦੇਸ਼ ਦੀਆਂ ਸਰਹੱਦਾਂ ਹੋਣ ਤੇ ਭਾਵੇਂ ਦੇਸ਼ ਅੰਦਰ ਆਜ਼ਾਦੀ ਦੀ ਲੜਾਈ ਹੋਵੇ, ਸਿਰਫ਼ ਅਪਣੇ ਵਾਸਤੇ ਨਹੀਂ ਬਲਕਿ ਦੂਜਿਆਂ ਲਈ ਕੁਰਬਾਨੀਆਂ ਦੇਣ ਦੇ ਕਾਬਲ ਨਾ ਬਣਦੇ।
ਉਹ ਅੱਜ ਦੇ ਇਸ ਦੌਰ ਵਿਚ ਵਿਲੱਖਣਤਾ ਤੋਂ ਘਬਰਾ ਕੇ ਸਿੱਖਾਂ ਨੂੰ ਇਕ ਮੁੱਖ ਧਾਰਾ ਦਾ ਹਿੱਸਾ ਬਣਾ ਕੇ ਪੇਸ਼ ਕਰਨ ਦੀ ਜੋ ਸੋਚ ਹੈ, ਉਹ ਕਿਸੇ ਦਿਨ ਉਨ੍ਹਾਂ ਦਾ ਹੀ ਨੁਕਸਾਨ ਕਰੇਗੀ ਤੇ ਉਨ੍ਹਾਂ ਨੂੰ ਅਪਣੇ ਵਿਰੋਧ ਬਾਰੇ ਸੋਚਣਾ ਚਾਹੀਦਾ ਹੈ।
ਦੂਜੇ ਪਾਸੇ ਜਿਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸੁਧਾਰ ਦਾ ਪਹਿਲਾ ਕਦਮ ਚੁਕਿਆ ਹੈ, ਹਾਲੇ ਬਹੁਤ ਸਾਰੇ ਕਦਮ ਹਨ ਜਿਹੜੇ ਉਨ੍ਹਾਂ ਨੂੰ ਚੁਕਣੇ ਚਾਹੀਦੇ ਹਨ। ਉਨ੍ਹਾਂ ਕਦਮਾਂ ਨੂੰ ਚੁੱਕਣ ਵਾਸਤੇ ਬੁਨਿਆਦੀ ਸੋਚ ’ਤੇ ਜਾਣਾ ਪਵੇਗਾ ਕਿਉਂਕਿ ਸਿੱਖ ਸੋਚ ਬਰਾਬਰਤਾ ’ਤੇ ਜਾਂਦੀ ਸੀ ਤੇ ਸਿੱਖ ਸੋਚ ਆਧੁਨਿਕ ਹੈ। ਅੱਜ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਸਿੱਖ ਕੌਮ ਨੂੰ ਕਰਨਾ ਪੈ ਰਿਹਾ ਹੈ, ਤਾਂ ਉਹ ਉਨ੍ਹਾਂ ਫ਼ੈਸਲਿਆਂ ਤੋਂ ਆਉਂਦੀਆਂ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਉਨ੍ਹਾਂ ਦੀ ਬੁਨਿਆਦੀ ਸੋਚ ਤੋਂ ਦੂਰ ਕਰ ਦਿਤਾ ਹੈ।
ਜੇ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ ਹੁੰਦਾ ਤਾਂ ਕੋਈ ਦਿਨ ਖ਼ਾਸ ਨਾ ਹੁੰਦਾ ਤੇ ਉਸ ਬਿਨਾਂ ਤਾਂ ਡੇਰੇਵਾਦ ਦਾ ਫੈਲਾਅ ਨਾ ਹੁੰਦਾ। ਜੇ ਗੋਲਕ ਦਾ ਮੂੰਹ ਗ਼ਰੀਬ ਵਾਸਤੇ ਖੁਲ੍ਹਾ ਰਹਿੰਦਾ ਤਾਂ ਅੱਜ ਇਸ ਤਰ੍ਹਾਂ ਦੇ ਹਾਲਾਤ ਨਾ ਹੁੰਦੇ। ਜੇ ਅੱਜ ਬਰਾਬਰਤਾ ਮੰਨੀ ਜਾਂਦੀ ਤੇ ਜਾਤ-ਪਾਤ ਨੂੂੰ ਨਾ ਮੰਨਿਆ ਜਾਂਦਾ, ਇਹ ਨਾ ਹੁੰਦਾ ਕਿ ਗ਼ਰੀਬ ਅਮੀਰ ਦਾ ਅੰਤਰ ਅਖਵਾਇਆ ਨਾ ਜਾਂਦਾ। ਗ਼ਰੀਬ ਜਾਂ ਛੋਟੀ ਜਾਤ ਤੇ ਉਨ੍ਹਾਂ ਨਾਲ ਜਿਹੜਾ ਸਮਾਜਕ ਤੌਰ ’ਤੇ ਵਿਤਕਰਾ ਹੁੰਦਾ ਹੈ, ਉਹ ਨਾ ਹੁੰਦਾ। ਉਹ ਅਪਣਾ ਧਰਮ ਛੱਡ ਕੇ ਹੋਰਨਾਂ ਧਰਮਾਂ ਵਲ ਮੂੰਹ ਨਾ ਕਰਦੇ।
ਗੁਰਦਵਾਰਿਆਂ ’ਤੇ ਸੰਗਮਰਮਰ ਅਤੇ ਸੋਨਾ ਲਾਉਣ ਦੀ ਪ੍ਰਥਾ ਨੂੰ ਰੋਕ ਕੇ ਪਹਿਲਾਂ, ਅਪਣੇ ਗ਼ਰੀਬਾਂ ਦੀਆਂ ਤਕਲੀਫ਼ਾਂ ਨੂੰ ਦੂਰ ਕਰਨ ਬਾਰੇ ਸੋਚਦੇ। ਅਪਣੇ ਗੁਰੂਆਂ ਵਲੋਂ ਦੱਸੇ ਹੋਏ ਕਦਮਾਂ ’ਤੇ ਚਲਦੇ, ਤਾਂ ਅੱਜ ਪੰਜਾਬ ਦਾ ਅਕਸ ਕੁੱਝ ਹੋਰ ਹੋਣਾ ਸੀ। ਸੋ ਜਿੱਥੇ ਇਹ ਕਦਮ ਬਹੁਤ ਵਧੀਆ ਹੈ, ਇਸ ਨਾਲ ਹੋਰ ਵੀ ਬੜੇ ਕਦਮ ਚੁੱਕਣੇ ਪੈਣਗੇ ਤੇ ਆਸ ਕਰਦੇ ਹਾਂ ਕਿ ਐਸਜੀਪੀਸੀ ਇਨ੍ਹਾਂ ਸੱਭ ਮੁੱਦਿਆਂ ’ਤੇ ਧਿਆਨ ਦੇਵੇਗੀ।
- ਨਿਮਰਤ ਕੌਰ