Editorial: ਸਿੱਖ ਰੈਜੀਮੈਂਟਾਂ ਵਿਚ ਨਫ਼ਰੀ ਦੀ ਘਾਟ : ਦੋਸ਼ੀ ਕੌਣ?
Published : Apr 15, 2025, 10:46 am IST
Updated : Apr 15, 2025, 10:46 am IST
SHARE ARTICLE
Sikh regiments
Sikh regiments

ਨਫ਼ਰੀ ਦੀ ਘਾਟ ਦਾ ਮਾਮਲਾ ਥਲ ਸੈਨਾ ਦੀ ਪੱਛਮੀ ਕਮਾਨ ਦੇ ਮੁਖੀ ਲੈਫ਼ਟੀ. ਜਨਰਲ ਮਨੋਜ ਕੁਮਾਰ ਕਟਿਆਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਉਠਾਇਆ ਸੀ

 

Editorial: ਭਾਰਤੀ ਥਲ ਸੈਨਾ ਦੀਆਂ ਸਿੱਖ ਰੈਜੀਮੈਂਟਾਂ ਵਿਚ ਨਫ਼ਰੀ ਦੀ ਘਾਟ ਅਤੇ ਇਹ ਘਾਟ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੰਜਾਬ ਵਿਚੋਂ ਮਿਲ ਰਹੀ ਨਾਕਾਮੀ ਨੂੰ ਸਿਆਸੀ ਮੁੱਦੇ ਵਜੋਂ ਉਛਾਲਿਆ ਜਾਣਾ ਇਕ ਅਫ਼ਸੋਸਨਾਕ ਰੁਝਾਨ ਹੈ। ਨਫ਼ਰੀ ਦੀ ਘਾਟ ਦਾ ਮਾਮਲਾ ਥਲ ਸੈਨਾ ਦੀ ਪੱਛਮੀ ਕਮਾਨ ਦੇ ਮੁਖੀ ਲੈਫ਼ਟੀ. ਜਨਰਲ ਮਨੋਜ ਕੁਮਾਰ ਕਟਿਆਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਉਠਾਇਆ ਸੀ।

ਉਸ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇ ਤੋਹਮਤਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਧਾਰਮਿਕ, ਸਮਾਜਿਕ ਤੇ ਸਿਆਸੀ ਮੁੱਦਿਆਂ ਦੇ ਅਖੌਤੀ ਮਾਹਿਰ, ਜੋ ਟੈਲੀਵਿਜ਼ਨ ਜਾਂ ਵੈੱਬ ਚੈਨਲਾਂ ’ਤੇ ਬਹਿਸਾਂ ਵਿਚ ਮਹਾਂ-ਗਿਆਨੀਆਂ ਵਾਲਾ ਪ੍ਰਭਾਵ ਦਿੰਦੇ ਹਨ, ਵੀ ਤੋਹਮਤਬਾਜ਼ੀ ਦੇ ਦੌਰ-ਦੌਰੇ ਵਿਚ ਸ਼ਰੀਕ ਹੋ ਗਏ ਹਨ। ਪਰ ਅਸਲੀਅਤ ਇਹ ਹੈ ਕਿ ਮੁੱਦੇ ਦੀ ਜੜ੍ਹ ਵਲ ਜਾਣ ਅਤੇ ਸੰਜੀਦਗੀ ਨਾਲ ਇਸ ਦਾ ਹੱਲ ਲਭਣ ਦੇ ਯਤਨ ਅਜੇ ਤਕ ਨਹੀਂ ਉਲੀਕੇ ਗਏ।

ਅਗਲੇਰੇ ਚਿੰਤਨ-ਮੰਥਨ ਤੋਂ ਪਹਿਲਾਂ ਸਿੱਖ ਰੈਜੀਮੈਂਟਾਂ ਦਾ ਇਤਿਹਾਸ ਦੱਸਣਾ ਵਾਜਬ ਜਾਪਦਾ ਹੈ। ਇਨ੍ਹਾਂ ਦਾ ਪੁਰਾਣਾ ਨਾਮ ਸੀ 11ਵੀਂ ਸਿੱਖ ਰੈਜੀਮੈਂਟ। ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੀ ਰੈਜੀਮੈਂਟ ਤਾਂ ਨਹੀਂ ਸੀ, ਪਰ 1851-52 ਵਿਚ ਇਸ ਦੀ ਸਥਾਪਨਾ ਵੇਲੇ ਬਹੁਤੀ ਭਰਤੀ ਉਨ੍ਹਾਂ ਸਿੱਖਾਂ ਦੀ ਕੀਤੀ ਗਈ ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸ਼ਾਮਲ ਰਹੇ ਸਨ। ਦਰਅਸਲ, ਦੂਜੀ ਐਂਗਲੋ-ਸਿੱਖ ਜੰਗ (1849) ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼-ਭਾਰਤੀ ਸਾਮਰਾਜ ਦਾ ਹਿੱਸਾ ਬਣਾਉਣ ਸਮੇਂ ਖ਼ਾਲਸਾ ਫ਼ੌਜ ਭੰਗ ਕਰ ਦਿਤੀ ਗਈ ਸੀ।

ਉਸ ਸਮੇਂ ਇਹ ਸੂਬੇ ਦੇ ਰਾਜ-ਪ੍ਰਬੰਧ ਲਈ ਸਰ ਹੈਨਰੀ ਲਾਰੈਂਸ ਦੀ ਅਗਵਾਈ ਹੇਠ ਸਥਾਪਿਤ ਤਿੰਨ-ਮੈਂਬਰੀ ਪ੍ਰਸ਼ਾਸਕੀ ਬੋਰਡ ਦੇ ਮੈਂਬਰ (ਤੇ ਸਰ ਹੈਨਰੀ ਦੇ ਛੋਟੇ ਭਰਾ) ਸਰ ਜੌਹਨ ਲਾਰੈਂਸ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਸਿਖਲਾਈਯਾਫ਼ਤਾ ਸਿੱਖ ਫ਼ੌਜੀਆਂ ਦੀਆਂ ਸੇਵਾਵਾਂ ਬ੍ਰਿਟਿਸ਼-ਭਾਰਤੀ ਫ਼ੌਜ ਲਈ ਲਈਆਂ ਜਾ ਸਕਦੀਆਂ ਹਨ। ਅਜਿਹਾ ਕਰਨ ਨਾਲ ਜਿੱਥੇ ਨੌਕਰੀ ਖੁੱਸਣ ਤੋਂ ਇਨ੍ਹਾਂ ਅੰਦਰ ਉਪਜੀ ਨਾਰਾਜ਼ਗੀ ਤੇ ਨਿਰਾਸ਼ਾ ਦੂਰ ਹੋ ਜਾਵੇਗੀ, ਉੱਥੇ ਸਮੁੱਚੇ ਸੂਬੇ ਲਈ ਨਵੀਂ ਫ਼ੌਜ ਤਿਆਰ ਕਰਨ ਦਾ ਮਸਲਾ ਵੀ ਹੱਲ ਹੋ ਜਾਵੇਗਾ। ਇਸੇ ਮਨੋਰਥ ਦੀ ਪੂਰਤੀ ਹਿੱਤ ਤਕਰੀਬਨ ਦਸ ਹਜ਼ਾਰ ਸਿੱਖ ਫ਼ੌਜੀਆਂ, ਖ਼ਾਸ ਕਰ ਕੇ ਜੱਟ ਸਿੱਖਾਂ ਉੱਤੇ ਆਧਾਰਿਤ ਰੈਜੀਮੈਂਟ ਖੜ੍ਹੀ ਕਰ ਕੇ ਉਸ ਨੂੰ ਬ੍ਰਿਟਿਸ਼-ਭਾਰਤੀ ਫ਼ੌਜ ਦਾ ਪ੍ਰਮੁੱਖ ਹਿੱਸਾ ਬਣਾ ਲਿਆ ਗਿਆ।

ਜੌਹਨ ਲਾਰੈਂਸ 1852 ਵਿਚ ਪੰਜਾਬ ਦੇ ਪਹਿਲੇ ਚੀਫ਼ ਕਮਿਸ਼ਨਰ (ਗਵਰਨਰ) ਵੀ ਥਾਪੇ ਗਏ ਅਤੇ 1864-69 ਤਕ ਭਾਰਤ ਦੇ ਵਾਇਸਰਾਏ ਵੀ ਰਹੇ। ਸਿੱਖ ਰੈਜੀਮੈਂਟ, ਬ੍ਰਿਟਿਸ਼-ਭਾਰਤੀ ਫ਼ੌਜ ਦੀ ਇਲੀਟ ਰੈਜੀਮੈਂਟ ਵਜੋਂ ਮਸ਼ਹੂਰ ਹੋਈ ਅਤੇ ਹੁਣ ਵੀ ਇਸ ਦਾ ਅਕਸ ਭਾਰਤੀ ਥਲ ਸੈਨਾ ਦੀ ਜਾਂਬਾਜ਼ ਰੈਜੀਮੈਂਟ ਵਾਲਾ ਹੈ। 1947 ਤੋਂ ਬਾਅਦ ਇਸ ਵਿਚ ਪਟਿਆਲਾ ਤੇ ਹੋਰ ਫੂਲਕੀਆਂ ਰਿਆਸਤਾਂ ਦੇ ਸਿੱਖ ਫ਼ੌਜੀ ਸ਼ਾਮਲ ਕਰ ਕੇ ਇਸ ਦਾ ਦਾਇਰਾ ਵੱਧ ਵਿਆਪਕ ਬਣਾ ਦਿਤਾ ਗਿਆ। 1962 ਵਿਚ ਚੀਨ ਨਾਲ ਯੁੱਧ ਸਮੇਂ ਵੀਰਗਤੀ ਪਾਉਣ ਵਾਲਿਆਂ ਵਿਚੋਂ ਬਹੁਤੇ ਫ਼ੌਜੀ ਸਿੱਖ ਰੈਜੀਮੈਂਟ ਤੋਂ ਸਨ।

ਇਹ ਭਾਰਤੀ ਥਲ ਸੈਨਾ ਦੀਆਂ ਸਭ ਤੋਂ ਵੱਧ ਬਹਾਦਰੀ ਸਨਮਾਨ ਜਿੱਤਣ ਵਾਲੀਆਂ ਰੈਜੀਮੈਂਟਾਂ ਵਿਚ ਸ਼ੁਮਾਰ ਹੈ। ਇਸ ਦੀਆਂ ਇਸ ਸਮੇਂ 20 ਬਟਾਲੀਅਨਾਂ ਹਨ। ਏਨੀਆਂ ਹੀ ਬਟਾਲੀਅਨਾਂ ਸਿੱਖ ਲਾਈਟ ਇਨਫ਼ੈਂਟਰੀ (ਸਿੱਖ ਐਲ.ਆਈ.) ਦੀਆਂ ਹਨ। ਦੋਵਾਂ ਦਰਮਿਆਨ ਫ਼ਰਕ ਇਹ ਹੈ ਕਿ ਸਿੱਖ ਰੈਜੀਮੈਂਟ ਮੁੱਖ ਤੌਰ ’ਤੇ ਜੱਟ ਸਿੱਖਾਂ ਜਾਂ ਹੋਰਨਾਂ ਜਾਤਾਂ ਦੇ ਸਿੱਖਾਂ ਲਈ ਹੈ, ਉੱਥੇ ਸਿੱਖ ਐਲ.ਆਈ. ਦਲਿਤ ਸਿੱਖਾਂ ਲਈ ਰਾਖਵੀਂ ਹੈ। 

ਸਿੱਖ ਰੈਜੀਮੈਂਟ ਵਿਚ ਨਫ਼ਰੀ ਦੀ ਘਾਟ ਜਾਂ ਇਸ ਵਿਚ ਭਰਤੀ ਵਾਸਤੇ ਪੰਜਾਬ ਵਿਚੋਂ ਰੰਗਰੂਟ ਨਾ ਮਿਲਣ ਵਰਗੇ ਮਸਲੇ ਲਈ ਸਿੱਖ ਨੌਜਵਾਨੀ ਦੇ ਵਿਦੇਸ਼ਾਂ ਵਲ ਪਰਵਾਸ, ਨਸ਼ਾਖੋਰੀ ਦੀ ਪ੍ਰਵਿਰਤੀ ਵਿਚ ਵਾਧੇ ਅਤੇ ਅਗਨੀਪਥ ਸਕੀਮ ਅਧੀਨ ਸਿਰਫ਼ ਚਾਰ ਵਰਿ੍ਹਆਂ ਲਈ ਭਰਤੀ ਪ੍ਰਤੀ ਉਦਾਸੀਨਤਾ ਆਦਿ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ। ਪਰ ਇਕ ਹੋਰ ਵੱਡੇ ਕਾਰਨ ਬਾਰੇ ਸਿਆਸੀ ਤੋਹਮਤਬਾਜ਼ ਵੀ ਬਿਲਕੁਲ ਖ਼ਾਮੋਸ਼ ਹਨ; ਅਤੇ ਅਖੌਤੀ ਮਾਹਿਰ ਤੇ ਪੇਸ਼ੇਵਰ ਟਿੱਪਣੀਕਾਰ ਵੀ।

ਕੋਈ ਇਹ ਵੀ ਨਹੀਂ ਕਹਿੰਦਾ ਕਿ ਇਹ ਸਮੱਸਿਆ ਹੁਣ ਦੀ ਨਹੀਂ ਬਲਕਿ ਕਈ ਦਹਾਕੇ ਪੁਰਾਣੀ ਹੈ। ਨਾ ਹੀ ਇਹ ਪੁੱਛਿਆ ਜਾਂਦਾ ਹੈ ਕਿ ਸਿੱਖ ਲਾਈਟ ਇਨਫੈਂਟਰੀ ਨੂੰ ਰੰਗਰੂਟਾਂ ਦੀ ਘਾਟ ਦੀ ਸਮੱਸਿਆ ਕਿਉਂ ਨਹੀਂ ਪੇਸ਼ ਆ ਰਹੀ? ਸੱਚ ਤਾਂ ਇਹ ਹੈ ਕਿ ਸਿੱਖ ਰੈਜੀਮੈਂਟ ਦੀ ਪਛਾਣ ਤੇ ਦਿੱਖ ਸਾਬਤ-ਸੂਰਤ ਸਿੱਖਾਂ ਵਾਲੀ ਹੈ। ਸਾਬਤ ਸੂਰਤ ਸਿੱਖ ਨੌਜਵਾਨਾਂ ਦੀ ਪੰਜਾਬ ਵਿਚਲੀ ਘਾਟ ਦੀ ਪਹਿਲਾਂ ਪੂਰਤੀ ਜੰਮੂ ਖਿੱਤੇ ਦੀ ਪੁਣਛ-ਰਾਜੌਰੀ ਖੇਤਰਾਂ, ਉੱਤਰ ਪ੍ਰਦੇਸ਼ ਦੇ ਤਰਾਈ ਖਿੱਤੇ ਅਤੇ ਰਾਜਸਥਾਨ ਦੀ ਸ੍ਰੀਗੰਗਾਨਗਰ-ਹਨੂਮਾਨਗੜ੍ਹ-ਸੂਰਤਗੜ੍ਹ ਪੱਟੀ ਤੋਂ ਹੋ ਜਾਂਦੀ ਸੀ।

ਹੁਣ ਹਰ ਪਾਸਿਓਂ ਸਾਬਤ-ਸੂਰਤ ਸਿੱਖੀ ਗਾਇਬ ਹੁੰਦੀ ਜਾ ਰਹੀ ਹੈ। ਬ੍ਰਿਟਿਸ਼ ਰਾਜ ਵੇਲੇ ਸਿੱਖ ਰੈਜੀਮੈਂਟ ਨਾਲ ਸਬੰਧਿਤ ਕੋਈ ਸਿੱਖ ਸਿਪਾਹੀ ਜਦੋਂ ਦਾੜ੍ਹੀ ਜਾਂ ਕੇਸਾਂ ਦੀ ਬੇਅਦਬੀ ਕਰ ਬੈਠਦਾ ਸੀ ਤਾਂ ਉਸ ਨੂੰ ਕੋਰਟ ਮਾਰਸ਼ਲ ਰਾਹੀਂ ਡਿਸਮਿਸ ਕਰ ਦਿਤਾ ਜਾਂਦਾ ਸੀ। ਹੁਣ ਉਸ ਕਿਸਮ ਦੀ ਸਖ਼ਤਾਈ ਭਾਵੇਂ ਨਹੀਂ ਰਹੀ, ਫਿਰ ਵੀ ਰੈਜੀਮੈਂਟਾਂ ਦੀ ਸਿੱਖੀ ਵਾਲੀ ਦਿੱਖ ਤੇ ਸ਼ਾਨ ਬਰਕਰਾਰ ਰੱਖੀ ਜਾ ਰਹੀ ਹੈ। ਸਿੱਖ ਲਾਈਟ ਇਨਫੈਂਟਰੀ ਵਿਚ ਅਜਿਹੀ ਕੋਈ ਪਾਬੰਦਗੀ ਨਹੀਂ। ਉਸ ਦੀਆਂ ਭਰਤੀ ਰੈਲੀਆਂ ਵੇਲੇ ਨੌਜਵਾਨੀ ਵਹੀਰਾਂ ਘੱਤ ਕੇ ਆਉਂਦੀ ਹੈ।

ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਸਥਾਵਾਂ ਅਤੇ ਸਿੱਖਾਂ ਨਾਲ ਵਿਤਕਰੇ ਦੀ ਦੁਹਾਈ ਦੇਣ ਵਾਲਿਆਂ ਨੇ ਭਾਰਤੀ ਫ਼ੌਜ ਵਿਚ ਸਿੱਖਾਂ ਦੀ ਗਿਣਤੀ ਘੱਟਣ ਦੇ ਦੋਸ਼ ਲਾਉਣ ਸਮੇਂ ਕੀ ਕਦੇ ਇਹ ਗੱਲ ਸੰਜੀਦਗੀ ਨਾਲ ਘੋਖਣ ਦਾ ਯਤਨ ਕੀਤਾ ਹੈ ਕਿ ਹਰ ਸਿੱਖ ਬਟਾਲੀਅਨ 18 ਤੋਂ 20 ਫ਼ੀ ਸਦੀ ਸੈਨਿਕਾਂ ਦੀ ਘਾਟ ਤੋਂ ਕਿਉਂ ਪੀੜਤ ਹੈ? ਦੂਜਿਆਂ ਵਲ ਉਂਗਲ ਉਠਾਉਣ ਤੋਂ ਪਹਿਲਾਂ ਸਿੱਖੀ ਦੇ ਮੁਹਾਫ਼ਿਜ਼ਾਂ ਨੂੰ ਅਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਇਹ ਜਾਣਨ ਦੀ ਲੋੜ ਹੈ ਕਿ ਨਵੀਂ ਪੀੜ੍ਹੀ ਨੂੰ ਬਾਣੀ ਤੇ ਬਾਣੇ ਦੀ ਪਾਬੰਦਗੀ ਉਹ ਆਪੋ ਅਪਣੇ ਘਰਾਂ ਵਿਚ ਕਿੰਨੀ ਕੁ ਸਿਖਾ ਰਹੇ ਹਨ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement