
ਦੂਜਿਆਂ ਨੂੰ ਦੋਸ਼ ਦੇਣ ਦੀ ਥਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਮੱਤ ਸਾਡੀਆਂ ਲੋਕ ਕਥਾਵਾਂ ਤੇ ਲੋਕ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ।
Editorial : ਪਾਕਿਸਤਾਨ ਤੇ ਭਾਰਤ ਵਲੋਂ ਦਹਿਸ਼ਤਗ਼ਰਦੀ ਦੀਆਂ ਘਟਨਾਵਾਂ ਲਈ ਇਕ-ਦੂਜੇ ਨੂੰ ਦੋਸ਼ ਦਿਤੇ ਜਾਣਾ ਜਾਰੀ ਹੈ। ਪਾਕਿਸਤਾਨ ਨੇ ਬਲੋਚਿਸਤਾਨ ਵਿਚ ਕੋਇਟਾ ਤੋਂ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐਲ.ਏ) ਨਾਲ ਸਬੰਧਿਤ ਦਹਿਸ਼ਤਗ਼ਰਦਾਂ ਵਲੋਂ ਅਗਵਾ ਕੀਤੇ ਜਾਣ ਅਤੇ ਇਸ ਅਪਰੇਸ਼ਨ ਵਿਚ 75 ਤੋਂ ਵੱਧ ਮੌਤਾਂ ਲਈ ਪਹਿਲਾਂ ਤਾਂ ਸ਼ੱਕ ਦੀ ਉਂਗਲੀ ਅਫ਼ਗਾਨਿਸਤਾਨ ਵਲ ਉਠਾਈ।
ਫਿਰ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ) ਦੇ ਮੁਖੀ, ਲੈਫ਼ਟੀ. ਜਨਰਲ ਅਹਿਮਦ ਸ਼ਰੀਫ਼ ਚੌਧਰੀ ਤੇ ਬਲੋਚਿਸਤਾਨ ਦੇ ਵਜ਼ੀਰੇ ਆਲਾ ਸਰਫਰਾਜ਼ ਬੁਗਤੀ ਵਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਸਾਂਝੀ ਪ੍ਰੈਸ ਕਾਨਫ਼ਰੰਸ ਵਿਚ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਨੂੰ ਬੀ.ਐਲ.ਏ. ਦੀ ਹਰਕਤ ਲਈ ‘ਸੇਧਗਾਰ’ ਦਸਿਆ।
ਐਤਵਾਰ ਨੂੰ ਬਲੋਚਿਸਤਾਨ ਦੇ ਨੌਸ਼ਕੀ ਜ਼ਿਲ੍ਹੇ ਵਿਚ ਬੀ.ਐਲ.ਏ. ਵਲੋਂ ਪਾਕਿਸਤਾਨੀ ਥਲ ਸੈਨਾ ਦੀ ਫ਼ਰੰਟੀਅਰ ਕੋਰ (ਐਫ.ਸੀ.) ਦੇ ਕਾਫ਼ਲੇ ਉੱਪਰ ਕੀਤੇ ਗਏ ਹਮਲੇ ਲਈ ਫਿਰ ‘ਰਾਅ’ ਨੂੰ ਕਸੂਰਵਾਰ ਠਹਿਰਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਫ਼ਰੰਟੀਅਰ ਕੋਰ ਦੇ ਤਿੰਨ ਫ਼ੌਜੀਆਂ ਸਮੇਤ ਪੰਜ ਵਿਅਕਤੀ ਮਾਰੇ ਗਏ ਅਤੇ 35 ਹੋਰ ਫ਼ੌਜੀ ਜ਼ਖ਼ਮੀ ਹੋ ਗਏ। ਇਸ ਵਾਰ ‘ਰਾਅ’ ਨੂੰ ਕਸੂਰਵਾਰ ਦੱਸਣ ਦਾ ਕੰਮ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਤੇ ਹੁਣ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੇ ਸੁਰੱਖਿਆ ਸਲਾਹਕਾਰ ਰਾਣਾ ਸਨਾਉੱਲ੍ਹਾ ਨੇ ਕੀਤਾ।
ਪਾਕਿਸਤਾਨ ਅਪਣੀ ਧਰਤੀ ਉੱਤੇ ਦਹਿਸ਼ਤਗ਼ਰਦਾਨਾ ਹਿੰਸਾ ਲਈ ਭਾਰਤ ਨੂੰ ਲਗਾਤਾਰ ਦੋਸ਼ੀ ਦੱਸਦਾ ਆਇਆ ਹੈ, ਪਰ ਇਨ੍ਹਾਂ ਦੋਸ਼ਾਂ ਦੇ ਸਬੂਤ ਵਜੋਂ ਭਾਰਤੀ ਜਲ ਸੈਨਾ ਦੇ ਇਕ ਸਾਬਕਾ ਕਮਾਂਡਰ ਕੁਲਭੂਸ਼ਨ ਜਾਧਵ ਦੀ ਮਾਰਚ 2016 ਵਿਚ ਬਲੋਚਿਸਤਾਨ ਤੋਂ ਹੋਈ ਗ੍ਰਿਫ਼ਤਾਰੀ ਤੋਂ ਇਲਾਵਾ ਹੋਰ ਕੋਈ ਸਮੱਗਰੀ ਪੇਸ਼ ਨਹੀਂ ਕਰ ਸਕਿਆ। ਜਾਧਵ ਨੂੰ ਪਾਕਿਸਤਾਨ ਦੀ ਇਕ ਫ਼ੌਜੀ ਅਦਾਲਤ ਨੇ ਸਜ਼ਾ-ਇ-ਮੌਤ ਸੁਣਾਈ ਸੀ, ਪਰ ਭਾਰਤ ਵਲੋਂ ਇਹ ਮਾਮਲਾ ਹੇਗ (ਨੈਦਰਲੈਂਡਜ਼) ਸਥਿਤ ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਵਿਚ ਲਿਜਾਏ ਜਾਣ ਮਗਰੋਂ ਉਹ ਹੁਣ ਤਕ ਪਾਕਿਸਤਾਨੀ ਨਜ਼ਰਬੰਦੀ ਹੇਠ ਹੈ।
ਪਾਕਿਸਤਾਨ ਵਾਂਗ ਭਾਰਤੀ ਪੁਲੀਸ ਬਲ ਵੀ ਜੰਮੂ ਕਸ਼ਮੀਰ, ਪੰਜਾਬ ਜਾਂ ਗੁਜਰਾਤ ਵਿਚ ਹਰ ਨਿੱਕੀ-ਵੱਡੀ ਦਹਿਸ਼ਤੀ ਕਾਰਵਾਈ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈ.ਐਸ.ਆਈ.’ ਦਾ ਹੱਥ ਹੋਣ ਦੇ ਦੋਸ਼ ਲਾਉਂਦੇ ਆਏ ਹਨ। ਅੰਮ੍ਰਿਤਸਰ ਸ਼ਹਿਰ ਵਿਚ ਦੋ ਰਾਤਾਂ ਪਹਿਲੇ ਇਕ ਠਾਕੁਰਦੁਆਰੇ ਦੇ ਬਾਹਰ ਬੰਬ ਸੁਟੇ ਜਾਣ ਪਿੱਛੇ ਆਈ.ਐਸ.ਆਈ ਦਾ ਹੱਥ ਹੋਣ ਦਾ ਦੋਸ਼ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੇ ਇਸ ਘਟਨਾ ਤੋਂ ਤੁਰੰਤ ਬਾਅਦ ਲਾਇਆ ਸੀ।
ਅਜਿਹੇ ਬਿਆਨ ਤੋਂ ਮਹਿਜ਼ 48 ਘੰਟਿਆਂ ਦੇ ਅੰਦਰ ਅੰਮ੍ਰਿਤਸਰ ਪੁਲੀਸ ਨੇ ਹੀ ਇਸ ਹਮਲੇ ਦੇ ਇਕ ਸ਼ੱਕੀ ਦੋਸ਼ੀ ਗੁਰਸਿਦਕ ਸਿੰਘ ਨੂੰ ਮੁਕਾਬਲੇ ਵਿਚ ਮਾਰਨ ਦਾ ਦਾਅਵਾ ਕੀਤਾ ਹੈ। ਭਾਰਤੀ ਪੰਜਾਬ ਦੇ ਅੰਦਰ ਤੇ ਪੰਜਾਬੋਂ ਬਾਹਰ ਖ਼ਾਲਿਸਤਾਨੀ ਹਿੰਸਾ ਨੂੰ ਹਵਾ ਦੇਣ ਵਿਚ ਪਾਕਿਸਤਾਨੀ ਏਜੰਸੀਆਂ ਦੀ ਭੂਮਿਕਾ ਦੇ ਦਸਤਾਵੇਜ਼ੀ ਪ੍ਰਮਾਣ ਭਾਰਤ ਕੌਮਾਂਤਰੀ ਮੰਚਾਂ ਉੱਤੇ ਪਹਿਲਾਂ ਹੀ ਪੇਸ਼ ਕਰਦਾ ਆਇਆ ਹੈ। ਦਹਿਸ਼ਤਗਰਦੀ ਨੂੰ ਕੂਟਨੀਤਕ ਹਥਿਆਰ ਵਜੋਂ ਵਰਤਣ ਦੀ ਪਾਕਿਸਤਾਨੀ ਨੀਤੀ ਨੇ ਉਸ ਨੂੰ ਐਫ.ਏ.ਟੀ.ਟੀ.ਐਫ. ਵਰਗੇ ਆਲਮੀ ਸੰਗਠਨਾਂ ਅੱਗੇ ਗੁਨਾਹਗਾਰਾਂ ਵਾਂਗ ਕਟਹਿਰੇ ਵਿਚ ਖੜ੍ਹਾ ਕੀਤਾ ਅਤੇ ਸਖ਼ਤ ਬੰਦਸ਼ਾਂ ਦਾ ਭਾਗੀਦਾਰ ਬਣਾਇਆ।
ਇੰਜ ਹੀ, ਜੰਮੂ-ਕਸ਼ਮੀਰ ਵਿਚ ਦਹਿਸ਼ਤੀਆਂ ਦੀ ਘੁਸਪੈਠ ਤੇ ਹੋਰ ਹਰ ਤਰ੍ਹਾਂ ਦੀ ਇਮਦਾਦ ਵਿਚ ਪਾਕਿਸਤਾਨੀ ਭੂਮਿਕਾ ਵੀ ਬਾਕੀ ਦੁਨੀਆਂ ਤੋਂ ਛੁਪੀ ਨਹੀਂ ਰਹੀ। ਅਜਿਹੇ ਦ੍ਰਿਸ਼ਕ੍ਰਮ ਦੇ ਬਾਵਜੂਦ ਨਿੱਕੇ ਨਿੱਕੇ ਦਹਿਸ਼ਤੀ ਕਾਰਿਆਂ ਲਈ ਆਈ.ਐੱਸ.ਆਈ. ਨੂੰ ਦੋਸ਼ੀ ਦੱਸਣਾ ਸਾਡੇ ਪੁਲੀਸ ਬਲਾਂ ਲਈ ਸੂਹੀਆਗਿਰੀ ’ਚ ਅਪਣੀ ਨਾਕਾਮੀ ਤੋਂ ਬਚਣ ਦਾ ਬਹਾਨਾ ਹੀ ਜਾਪਦਾ ਹੈ।
ਦਹਿਸ਼ਤਗ਼ਰਦੀ ਨੂੰ ਹਵਾ ਤੇ ਹਮਾਇਤ ਹਮੇਸ਼ਾਂ ਉਸ ਸਮਾਜ ਵਿਚੋਂ ਮਿਲਦੀ ਹੈ ਜਿੱਥੇ ਹੁਕਮਰਾਨੀ ਦੀ ਨੀਤੀਆਂ ਖ਼ਿਲਾਫ਼ ਲੋਕਾਂ ਅੰਦਰ ਡੂੰਘੀ ਨਾਖ਼ੁਸ਼ੀ ਤੇ ਰੋਸ ਹੋਵੇ। ਪਾਕਿਸਤਾਨ ਦੇ ਬਲੋਚਿਸਤਾਨ ਜਾਂ ਖ਼ੈਬਰ-ਪਖ਼ਤੂਨਖਵਾ ਵਰਗੇ ਸੂਬਿਆਂ ਵਿਚ ਅਜਿਹਾ ਮਾਹੌਲ ਹੁਣ ਦੀ ਪੈਦਾਇਸ਼ ਨਹੀਂ; ਇਹ ਸੱਤ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ।
ਫ਼ਰਕ ਇਹ ਹੈ ਕਿ ਕਦੇ ਅਫ਼ਗਾਨਿਸਤਾਨ ਉੱਤੇ ਰੂਸੀ ਗ਼ਲਬੇ ਨੂੰ ਤੋੜਨ ਦੇ ਨਾਂ ਉੱਤੇ ਚੱਲੀ ਜੰਗ ਅਤੇ ਕਦੇ ਅਲ-ਕਾਇਦਾ ਵਰਗੀਆਂ ਹਿੰਸਕ ਇਸਲਾਮੀ ਜਮਾਤਾਂ ਖ਼ਿਲਾਫ਼ ਫ਼ੌਜੀ ਮੁਹਿੰਮਾਂ ਦੇ ਨਾਂ ’ਤੇ ਅਮਰੀਕਾ ਤੇ ਉਸ ਦੇ ਇਤਿਹਾਦੀ ਮੁਲਕ, ਪਾਕਿਸਤਾਨ ਨੂੰ ਭਰਵੀਂ ਆਰਥਿਕ ਤੇ ਫ਼ੌਜੀ ਸਹਾਇਤਾ ਦੇਣ ਦੇ ਨਾਲ ਨਾਲ ਅਤਿਅੰਤ ਗੁਪਤ ਮੰਨੀ ਜਾਣ ਵਾਲੀ ਖ਼ੁਫ਼ੀਆ ਜਾਣਕਾਰੀ ਨਾਲ ਵੀ ਲੈੱਸ ਕਰਦੇ ਰਹੇ। ਇਹ ਜਾਣਕਾਰੀ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਸਮੇਂ ਸਿਰ ਪੇਸ਼ਬੰਦੀਆਂ ਕਰਨ ਦੇ ਕਾਬਲ ਬਣਾਉਂਦੀ ਰਹੀ। ਹੁਣ ਆਪਾਧਾਪੀ ਵਾਲੇ ਆਲਮ ਵਿਚ ਪੱਛਮੀ ਦੇਸ਼ਾਂ ਨੂੰ ਪਾਕਿਸਤਾਨੀ ਮਦਦ ਦੀ ਲੋੜ ਨਹੀਂ ਰਹੀ।
ਲਿਹਾਜ਼ਾ ਉਹ ਮਾਇਕ ਇਮਦਾਦ ਤੋਂ ਵੀ ਵਿਹੂਣਾ ਹੋ ਚੁੱਕਾ ਹੈ ਅਤੇ ਜੰਗੀ ਹਥਿਆਰਾਂ ਤੇ ਮਹੱਤਵਪੂਰਨ ਖ਼ੁਫ਼ੀਆ ਸਰੋਤਾਂ ਤੋਂ ਵੀ। ਇਸ ਨੇ ਦਹਿਸ਼ਤੀ ਸੰਗਠਨਾਂ ਦੇ ਹੌਂਸਲੇ ਵਧਾ ਦਿੱਤੇ ਹਨ। ਦੂਜਿਆਂ ਨੂੰ ਦੋਸ਼ ਦੇਣ ਦੀ ਥਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਮੱਤ ਸਾਡੀਆਂ ਲੋਕ ਕਥਾਵਾਂ ਤੇ ਲੋਕ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ। ਪਾਕਿਸਤਾਨ ਨੂੰ ਵੀ ਇਸ ਮੱਤ ਉੱਤੇ ਅਮਲ ਕਰਨ ਦੀ ਲੋੜ ਹੈ ਅਤੇ ਕੁਝ ਹੱਦ ਤਕ ਭਾਰਤ ਨੂੰ ਵੀ।