
ਪ੍ਰਧਾਨ ਮੰਤਰੀ ਜੀ ਉਹ ‘ਸੱਭ ਹਨ ਕੌਣ?
ਆਜ਼ਾਦੀ ਦਿਵਸ ਤੇ ਹਰ ਸਾਲ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵੱਡੇ ਵੱਡੇ ਭਾਸ਼ਣ ਦੇਂਦੇ ਤੇ ਭਵਿੱਖ ਦੇ ਸੁਪਨੇ ਵਿਖਾ ਜਾਂਦੇ ਹਨ। ਇਸ ਸਾਲ ਜੋ ਸੱਭ ਤੋਂ ਵੱਡਾ ਸੁਪਨਾ ਵਿਖਾਇਆ ਗਿਆ, ਉਹ ਇਹ ਸੀ ਕਿ ਜਿਹੜਾ ਸੁਪਨਾ ਹੁਣ ਤਕ ‘ਸੱਭ ਦਾ ਸਾਥ, ਸੱਭ ਦਾ ਵਿਕਾਸ’ ਨਾਹਰਾ ਲਾ ਕੇ ਵਿਖਾਇਆ ਗਿਆ ਸੀ, ਉਸ ਨਾਹਰੇ ਨੂੰ ਜ਼ਰਾ ਵੱਡਾ ਕਰ ਕੇ, ਉਸ ਵਿਚ ਹੁਣ ‘ਸੱਭ ਦਾ ਵਿਸ਼ਵਾਸ ਤੇ ਸੱਭ ਦਾ ਪ੍ਰਯਾਸ’ ਜੋੜ ਕੇ ਨਵਾਂ ਸੁਪਨਾ ਵਿਖਾਇਆ ਗਿਆ ਹੈ ਕਿ ਪਿੱਛੇ ਜੋ ਹੋਇਆ ਸੋ ਹੋਇਆ, ਹੁਣ ਨਵੇਂ ਨਾਹਰੇ ਹੇਠ ਹੋਣ ਵਾਲੇ ਵਿਕਾਸ ਨਾਲ ਦੁਨੀਆਂ ਨਵੇਂ ਭਾਰਤ ਦੀ ਨਵੀਂ ਤਸਵੀਰ ਵੇਖ ਕੇ ਦੰਗ ਰਹਿ ਜਾਏਗੀ।
PM modi
ਵਿਸ਼ਵਾਸ ਤੇ ਸੱਭ ਦੀ ਕੋਸ਼ਿਸ਼ (ਪ੍ਰਯਾਸ) ਤੋਂ ਬਿਨਾਂ ਕੁੱਝ ਵੀ ਮੁਮਕਿਨ ਨਹੀਂ ਪਰ ਇਸ ‘ਸੱਭ’ ਵਿਚ ਸ਼ਾਮਲ ਕਿਸ ਕਿਸ ‘ਸੱਭ’ ਨੂੰ ਕੀਤਾ ਜਾ ਰਿਹਾ ਹੈ? ਇਸ ਦਾ ਵਰਨਣ ਅੱਜ ਜ਼ਰੂਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਇਹ ਆਖ ਤਾਂ ਦਿਤਾ ਕਿ ਅੱਜ ਆਜ਼ਾਦੀ ਦਾ ਮਹਾਂਉਤਸਵ ਹੈ ਪਰ ਭਾਜਪਾ ਦੇ 7 ਸਾਲ ਦੇ ਸ਼ਾਸਨ ਵਿਚ ਆਮ ਆਦਮੀ ਵਾਸਤੇ ਲੋਕ ਰਾਜੀ ਸ਼ਾਸਕ ਤੇ ਆਰਥਕ ਆਜ਼ਾਦੀ ਦੋਵੇਂ ਹੀ ਕੰਮ ਕਰਦੇ ਨਹੀਂ ਵਿਖਾਈ ਦਿਤੇ। ਇਸ ਸਾਲ ਦੇ ਕੁੱਝ ਅੰਕੜਿਆਂ ਤੇ ਨਜ਼ਰ ਮਾਰਨਾ ਬੜਾ ਜ਼ਰੂਰੀ ਹੈ ਜਿਸ ਤੋਂ ਬਾਅਦ ਹੀ ਗੱਲ ਅੱਗੇ ਚਲਦੀ ਹੈ। ਬੁਨਿਆਦੀ ਢਾਂਚੇ ਉਤੇ ਇਕ ਲੱਖ ਕਰੋੜ ਖ਼ਰਚ ਕਰਨ ਦਾ ਐਲਾਨ ਤਾਂ ਸਰਕਾਰ ਨੇ ਕਰ ਦਿਤਾ ਹੈ ਪਰ ਅੱਜ ਤਕ ਦੇ ਹੋਏ ਖ਼ਰਚੇ ਦਾ ਨਤੀਜਾ ਵੀ ਲੋਕਾਂ ਸਾਹਮਣੇ ਰਖਣਾ ਜ਼ਰੂਰੀ ਹੈ।
PM Modi
ਅਰਥ ਵਿਵਸਥਾ ਦੀ ਉਸ ਗਿਰਾਵਟ ਤੋਂ ਹਰ ਕੋਈ ਜਾਣੂ ਹੈ ਜੋ ਸ਼ਾਇਦ ਕੋਵਿਡ ਦੇ ਅਸਰ ਹੇਠ ਹੋਂਦ ਵਿਚ ਆਈ ਪਰ ਇਸ ਦੌਰ ਵਿਚ ਕੁੱਝ ਅਜਿਹੇ ਤੱਥ ਵੀ ਸਾਹਮਣੇ ਆ ਕੇ ਦਸਦੇ ਹਨ ਕਿ ਲੱਖ ਕਰੋੜ ਦਾ ਫ਼ਾਇਦਾ ਗ਼ਰੀਬਾਂ ਨੂੰ ਬਿਲਕੁਲ ਨਾ ਹੋਇਆ ਤੇ ਕੁੱਝ ਅਮੀਰ ਹੀ ਸੱਭ ਕੁੱਝ ਲੁੱਟ ਕੇ ਲੈ ਗਏ। ਅਰਥ ਵਿਵਸਥਾ ਕਮਜ਼ੋਰ ਹੋਈ ਪਰ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਕਤਾਰ ਵਿਚ ਭਾਰਤ ਦੇ ਦੋ ਖਰਬਪਤੀ ਵੀ ਸ਼ਾਮਲ ਹੋ ਗਏ। ਪਿਛਲੇ ਦਹਾਕੇ ਵਿਚ ਭਾਰਤ ਵਿਚ ਕੇਵਲ 9 ਅਰਬਪਤੀ ਸਨ ਜੋ ਹੁਣ ਵੱਧ ਕੇ 101 ਹੋ ਗਏ ਹਨ। ਪਰ ਗ਼ਰੀਬੀ ਹੇਠ ਰਹਿਣ ਵਾਲੇ ਭਾਰਤ ਦੀ ਗਿਣਤੀ ਵਿਚ 6.3 ਕਰੋੜ ਦਾ ਵਾਧਾ ਹੋਇਆ। ਭਾਰਤ ਦੀ 73 ਫ਼ੀ ਸਦੀ ਦੌਲਤ 1 ਫ਼ੀ ਸਦੀ ਘਾਟੇ ਵਿਚ ਆ ਗਈ ਤੇ 67 ਫ਼ੀ ਸਦੀ ਆਬਾਦੀ ਦੀ ਆਮਦਨ ਵਿਚ 1 ਫ਼ੀਸਦੀ ਵਾਧਾ ਹੀ ਹੋਇਆ।
Economy
ਯਾਨੀ 99 ਫ਼ੀ ਸਦੀ ਆਬਾਦੀ ਇਕ ਪਾਸੇ ਤੇ 1 ਫ਼ੀ ਸਦੀ ਦੂਜੇ ਪਾਸੇ। ਇਹ ਜੋ ਅਮੀਰ 1 ਫ਼ੀ ਸਦੀ ਹੈ ਉਨ੍ਹਾਂ ਦੀ ਦੌਲਤ 10 ਗੁਣਾਂ ਪਿਛਲੇ ਦਹਾਕੇ ਵਿਚ ਵਧੀ ਤੇ ਇਹ 1 ਫ਼ੀ ਸਦੀ ਲੋਕਾਂ ਦੀ ਦੌਲਤ ਭਾਰਤ ਦੇ 2018-19 ਦੇ ਬਜਟ ਤੋਂ ਵੱਧ ਹੈ। ਅੱਜ ਦੀ ਅਸਲੀਅਤ ਇਹ ਹੈ ਕਿ ਸਿਹਤ ਸਹੂਲਤਾਂ ਇਕ ਹੱਕ ਵਜੋਂ ਜ਼ਰੂਰਤਮੰਦਾਂ ਨੂੰ ਨਹੀਂ ਬਲਕਿ ਪੈਸੇ ਵਾਲਿਆਂ ਨੂੰ ਮਿਲਦੀਆਂ ਹਨ। 49 ਲੱਖ ਤੋਂ ਵੱਧ ਲੋਕਾਂ ਦੀ ਮੌਤ 2020 ਵਿਚ ਹੋਈ ਹੈ। ਕੀ ਇਹ ਸੱਭ ਸਿਹਤ ਸੇਵਾਵਾਂ ਵਿਚ ਕਮੀ ਦਾ ਨਤੀਜਾ ਹਨ ਜਾਂ....? ਬੱਚਿਆਂ ਵਾਸਤੇ ਫ਼ੌਜੀ ਸਕੂਲ ਖੁਲ੍ਹ ਗਏ ਹਨ ਤੇ ਇਹ ਉਨ੍ਹਾਂ ਵਾਸਤੇ ਬਰਾਬਰੀ ਦੀ ਇਕ ਇਕ ਹੋਰ ਪੌੜੀ ਹੈ ਪਰ ਅੰਕੜੇ ਦਸਦੇ ਹਨ ਕਿ ਭਾਰਤ ਦੀਆਂ ਔਰਤਾਂ ਮਰਦਾਂ ਮੁਕਾਬਲੇ ਨਾ ਕਮਾ ਰਹੀਆਂ ਹਨ ਤੇ ਨਾ ਹੀ ਅੱਗੇ ਆਉਣ ਦਾ ਮੌਕਾ ਲੱਭ ਰਹੀਆਂ ਹਨ।
flag
ਸਾਡੀ ਕੇਂਦਰ ਸਰਕਾਰ ਵਿਚ ਔਰਤਾਂ ਦੀ ਸ਼ਮੂਲੀਅਤ 23 ਫ਼ੀ ਸਦੀ ਤੋਂ ਘੱਟ ਕੇ 9.1 ਫ਼ੀ ਸਦੀ ਤੇ ਆ ਗਈ ਹੈ। ਫਿਰ ਇਸ ਆਜ਼ਾਦੀ ਦੇ ਮਹਾਂਉਤਸਵ ਤੇ ਸਾਨੂੂੰ ਭਾਰਤ ਵਿਚ ਆਜ਼ਾਦ ਭਾਰਤ ਦੀ ਗਿਰਾਵਟ ਵੀ ਸਮਝਣੀ ਪਵੇਗੀ ਜੋ ਕਿ ਹੁਣ ਡਿੱਗ ਕੇ ਭਾਰਤ ਦੀ ਸੱਤਾ ਸੰਭਾਲੀ ਪਾਰਟੀ ਦੀ ਆਜ਼ਾਦੀ ਹੀ ਮੰਨੀ ਜਾਣ ਲੱਗੀ ਹੈ। ਨਾ ਭਾਰਤ ਵਿਚ ਚੋਣ ਮੁਹਿੰਮ ਦੀ ਨਿਰਪੱਖਤਾ ਤੇ ਪਾਰਦਰਸ਼ਤਾ ਦਾ ਵਿਸ਼ਵਾਸ ਕਾਇਮ ਰਿਹਾ ਹੈ ਤੇ ਨਾ ਸਿਆਸੀ ਪਾਰਟੀਆਂ ਅਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੀਆਂ ਹਨ। ਰਾਜ-ਪ੍ਰਬੰਧ ਵਿਚ ਭ੍ਰਿਸ਼ਟਾਚਾਰ ਇਕ ਵੱਡਾ ਸੱਚ ਬਣ ਚੁੱਕਾ ਹੈ ਜਿਸ ਦੇ ਬਿਨਾਂ ਕੋਈ ਕੰਮ ਹੋ ਹੀ ਨਹੀਂ ਸਕਦਾ। ਪਿਛਲੀ ਕਾਂਗਰਸ ਸਰਕਾਰ ਵੇਲੇ ਅਗਸਤਾ ਦੇ ਨਾਮ ਤੇ ਇਲਜ਼ਾਮ ਵਿਰੋਧੀ ਧਿਰ ਨੇ ਲਗਾਏ ਸਨ ਅਤੇ ਇਸ ਸਰਕਾਰ ਵਲੋਂ ਫ਼ਰਾਂਸ ਨਾਲ ਕੀਤੇ ਰਫ਼ੇਲ ਜਹਾਜ਼ ਦੇ ਕੀਤੇ ਸਮਝੌਤੇ ਤੇ ਫ਼ਰਾਂਸੀਸੀ ਅਜਿਨਮੀਆ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
Farmers Protest
ਆਜ਼ਾਦੀ ਦਿਵਸ ਤੇ ਕਿਸਾਨਾਂ ਤੇ ਖ਼ਾਸ ਕਰ ਕੇ ਛੋਟੇ ਕਿਸਾਨਾਂ ਦੀ ਗੱਲ ਵੀ ਕੀਤੀ ਗਈ ਪਰ ਜਦ ਦੇਸ਼ ਦੇ ਕਿਸਾਨ ਦੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਸੱਭ ਵਿਚ ਸਰਹੱਦਾਂ ਤੇ ਬੈਠੇ ਕਿਸਾਨ ਵੀ ਸ਼ਾਮਲ ਹਨ ਜਾਂ ਨਹੀਂ? ਅੱਜ ਲੋੜ ਹੈ ਕਿ ਸਾਡੀ ਸਰਕਾਰ ਬੈਠ ਕੇ ਮੰਥਨ ਕਰੇ ਕਿ ਸਾਡੀਆਂ ਨੀਤੀਆਂ ਦਾ ਅਸਰ ਉਹੀ ਹੋਇਆ ਹੈ ਜੋ ਅਸੀ ਚਾਹੁੰਦੇ ਸੀ? ਜੇ ਨਹੀਂ ਤਾਂ ਫਿਰ ਹੁਣ ਰਸਤਾ ਬਦਲਿਆ ਜਾਵੇ। ਪਰ ਕੀ ਇਸ ਤਰ੍ਹਾਂ ਦੀ ਬਰਾਬਰੀ ਹੀ ਉਨ੍ਹਾਂ ਦਾ ਸੁਪਨਾ ਸੀ ਤੇ ਅੱਜ ਵੀ ਹੈ? ਤਾਂ ਫਿਰ ‘ਸੱਭ’ ਦੀ ਪ੍ਰੀਭਾਸ਼ਾ ਹੀ ਕਿਉਂ ਨਾ ਬਦਲ ਦਿਤੀ ਜਾਵੇ?
-ਨਿਮਰਤ ਕੌਰ