
ਸ਼ਬਨਮ ਨੂੰ ਉਹੀ ਸਜ਼ਾ ਮਿਲ ਰਹੀ ਹੈ ਜੋ ਕਿਸੇ ਮਰਦ ਨੂੰ ਅਜਿਹੇ ਕਤਲ ਲਈ ਮਿਲਦੀ ਹੈ।
ਅੱਜ ਸਵੇਰ ਦੀਆਂ ਅਖ਼ਬਾਰਾਂ ਵਿਚ ਅਤੇ ਚੈਨਲਾਂ ਉਤੇ ਔਰਤਾਂ ਨਾਲ ਸਬੰਧਤ ਤਿੰਨ ਖ਼ਬਰਾਂ, ਸੁਰਖ਼ੀਆਂ ਵਿਚ ਛਾਈਆਂ ਹੋਈਆਂ ਹਨ। ਪਹਿਲੀ ਖ਼ਬਰ ਅਨੁਸਾਰ, ਆਜ਼ਾਦ ਭਾਰਤ ਵਿਚ ਪਹਿਲੀ ਵਾਰ ਇਕ ਔਰਤ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਜਾ ਰਹੀ ਹੈ। ਸ਼ਬਨਮ ਦਾ ਅਪਰਾਧ ਸਚਮੁਚ ਹੀ ਮਾਫ਼ੀ ਯੋਗ ਨਹੀਂ ਹੈ। ਦਿਲ ਕਹਿੰਦਾ ਹੈ, ਸਜ਼ਾ-ਏ-ਮੌਤ ਦੇਣ ਦਾ ਅਧਿਕਾਰ ਇਨਸਾਨ ਨੂੰ ਰੱਬ ਵਲੋਂ ਨਹੀਂ ਮਿਲਿਆ ਅਤੇ ਦਿਮਾਗ਼ ਕਹਿੰਦਾ ਹੈ ਕਿ ਕੇਦੀ ਇਕ ਕਾਲ-ਕੋਠੜੀ ਵਿਚ ਜੀਵਨ ਦਾ ਹਰ ਜ਼ਿੰਦਾ ਪਲ, ਦੂਜੇ ਇਨਸਾਨਾਂ ਤੋਂ ਅਲੱਗ ਥਲੱਗ ਰੱਖ ਕੇ ਬਿਤਾਏ, ਇਹ ਬਿਹਤਰ ਸਜ਼ਾ ਬਣਦੀ ਹੈ ਤੇ ਇਹ ‘ਫਾਂਸੀ’ ਸਮਝ ਵਿਚ ਆਉਂਦੀ ਹੈ। ਪ੍ਰੇਮੀ ਨਾਲ ਮਿਲ ਕੇ ਪਰਵਾਰ ਦੇ 7 ਜੀਆਂ ਦਾ ਕਤਲ ਕਰਨ ਵਾਲੀ ਔਰਤ ਇਨਸਾਨ ਨਹੀਂ ਹੈ, ਤੇ ਸ਼ਬਨਮ ਨੂੰ ਉਹੀ ਸਜ਼ਾ ਮਿਲ ਰਹੀ ਹੈ ਜੋ ਕਿਸੇ ਮਰਦ ਨੂੰ ਅਜਿਹੇ ਕਤਲ ਲਈ ਮਿਲਦੀ ਹੈ। ਸੋ ਬਰਾਬਰੀ ਵਾਲਾ ਇਹ ਕਦਮ ਪ੍ਰਵਾਨ ਕਰਨ ਯੋਗ ਹੈ।
shabnam
ਦੂਜੀ ਖ਼ਬਰ ਅਨੁਸਾਰ, ਪ੍ਰਿਯਾ ਰਮਾਨੀ ਤੇ ਐਮਜੇ ਅਕਬਰ ਦਾ ਮਾਣਹਾਨੀ ਦਾ ਕੇਸ ਖਾਰਜ ਕਰ ਦਿਤਾ ਗਿਆ ਹੈ ਤੇ ਆਖਿਆ ਇਹ ਗਿਆ ਹੈ ਕਿ ਇਕ ਔਰਤ ਨੂੰ ਅਪਣੇ ਵਿਰੁਧ ਹੋਈ ਨਾਇਨਸਾਫ਼ੀ ਵਿਰੁਧ ਆਵਾਜ਼ ਚੁਕਣ ਦਾ ਹੱਕ, ਦੇਰ ਹੋ ਜਾਣ ਦੇ ਬਾਵਜੂਦ ਵੀ ਮਿਲਣਾ ਚਾਹੀਦਾ ਹੈ। ਇਹ ਫ਼ੈਸਲਾ ਦੇਸ਼ ਦੀਆਂ ਲੱਖਾਂ ਧੀਆਂ ਵਾਸਤੇ ਇਕ ਵੱਡੀ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਭਾਵੇਂ ਪ੍ਰਿਯਾ ਸਬੂਤ ਪੇਸ਼ ਨਾ ਕਰ ਸਕੀ, ਉਸ ਦੀ ਆਵਾਜ਼ ਨੂੰ ਬਲ ਦੇ ਕੇ ਅਦਾਲਤ ਵਲੋਂ ਔਰਤਾਂ ਨੂੰ ਜੋ ਇਨਸਾਫ਼ ਦਿਤਾ ਗਿਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਕਿੰਨੀ ਵਾਰ ਸਬੂਤ ਨਾ ਹੋਣ ਕਰ ਕੇ ਔਰਤ ਚੁੱਪ ਹੋ ਜਾਂਦੀ ਹੈ। ਪ੍ਰਿਯਾ ਵਲੋਂ ਇਕ ਬੜੇ ਤਾਕਤਵਰ ਇਨਸਾਨ ਵਿਰੁਧ ਆਵਾਜ਼ ਚੁਕਣ ਦੀ ਹਿੰਮਤ ਅਪਣੇ ਆਪ ਵਿਚ ਇਕ ਮੁਹਿੰਮ ਸੀ ਤੇ ਅਦਾਲਤ ਵਲੋਂ ਉਸ ਨੂੰ ਇਸ ਕਦਰ ਆਜ਼ਾਦੀ ਬਖ਼ਸ਼ਣੀ ਬਰਾਬਰੀ ਵਲ ਇਕ ਹੋਰ ਕਦਮ ਹੈ। ਔਰਤਾਂ ਦੀ ਚੁੱਪੀ, ਪਤਾ ਨਹੀਂ ਕਿੰਨੀਆਂ ਦਰਦਨਾਕ ਤੇ ਸ਼ਰਮਨਾਕ ਕਹਾਣੀਆਂ ਦਿਲ ਵਿਚ ਦਬਾਈ ਰਖਦੀ ਹੈ। ਇਸ ਚੁੱਪੀ ਦਾ ਬਾਣ ਕਦੋਂ ਟੁਟੇਗਾ?
priya and ajay
ਕੁੱਝ ਮੌਕਾ ਪ੍ਰਸਤ ਔਰਤਾਂ ਇਸ ਦਾ ਫ਼ਾਇਦਾ ਉਠਾਉਣ ਲਈ ਵੀ ਅੱਗੇ ਆਉਣਗੀਆਂ ਪਰ ਅਦਾਲਤਾਂ ’ਤੇ ਯਕੀਨ ਹੈ ਕਿ ਉਹ ਸਹੀ ਤੇ ਗ਼ਲਤ ਦੀ ਪਛਾਣ ਕਰ ਲੈਣਗੀਆਂ। ਇਨ੍ਹਾਂ ਦੋਹਾਂ ਫ਼ੈਸਲਿਆਂ ਨੇ ਬਰਾਬਰੀ ਵਲ ਕਦਮ ਪੁੱਟੇ ਹਨ ਪਰ ਤੀਜੀ ਖ਼ਬਰ ਉਨਾਉ ਤੋਂ ਆਈ ਹੈ ਜੋ ਮੁੜ ਤੋਂ ਦਰਸਾਉਂਦੀ ਹੈ ਕਿ ਅਜੇ ਹੋਰ ਕਿੰਨਾ ਕੰਮ ਕਰਨਾ ਬਾਕੀ ਹੈ। ਉਨਾਉ ਵਿਚ ਤਿੰਨ ਲੜਕੀਆਂ ਚਾਰਾ ਲੈਣ ਗਈਆਂ ਤੇ ਬੇਹੋਸ਼ ਹਾਲਤ ਵਿਚ ਮਿਲੀਆਂ। ਦੋ ਦੀ ਮੌਤ ਹੋ ਗਈ। ਇਹੀ ਹਾਲਤ ਕੁੱਝ ਚਿਰ ਪਹਿਲਾਂ ਉਨਾਉ ਵਿਚ ਹੋਈ ਸੀ ਜਦੋਂ ਦੋ ਲੜਕੀਆਂ ਦੀਆਂ ਲਾਸ਼ਾਂ ਦਰਖ਼ਤ ਨਾਲ ਲਟਕਦੀਆਂ ਮਿਲੀਆਂ ਸਨ।
ਉਨਾਉ ਵਿਚ ਦੂਜੀ ਵਾਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਸ ਦੀ ਜਾਂਚ ਡੂੰਘਾਈ ਵਿਚ ਜਾ ਕੇ, ਕੀਤੀ ਜਾਣੀ ਚਾਹੀਦੀ ਹੈ। ਜਿਸ ਅਪਰਾਧੀ ਨੂੰ ਪਹਿਲਾਂ ਫੜਿਆ ਗਿਆ ਸੀ, ਕੀ ਉਹ ਅਸਲ ਕਾਤਲ ਸੀ? ਜਾਂ ਉਨਾਉ ਵਿਚ ਕੋਈ ਆਦਤ ਦਾ ਮਾਰਿਆ ਕਾਤਲ/ਬਲਾਤਕਾਰੀ ਕਿਸੇ ਤਾਕਤ ਦੀ ਕੁਰਸੀ ’ਤੇ ਬੈਠਾ ਅਜਿਹੇ ਕਾਂਡ ਕਰ ਰਿਹਾ ਹੈ? ਇਸ ਦੀ ਜਾਂਚ ਡੂੰਘਾਈ ਵਿਚ ਜਾ ਕੇ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦੀ ਪ੍ਰਥਾ ਹੀ ਬਣ ਚੁੱਕੀ ਹੈ ਕਿ ਉਹ ਲੜਕੀਆਂ ਦੇ ਮਾਮਲੇ ਵਿਚ ਅਪਣੀ ਜਾਂਚ ਨੂੰ ਸੱਚੀ ਸਾਬਤ ਕਰਨ ਵੇਲੇ ਉੱਚ ਜਾਤੀ ਵਾਲਿਆਂ ਜਾਂ ਤਾਕਤਵਰ ਕਾਤਲਾਂ ਤੇ ਬਲਾਤਕਾਰੀਆਂ ਦਾ ਸਾਥ ਦਿੰਦਾ ਹੈ। ਇਸ ਸੂਬੇ ਵਿਚ ਕੁਲਦੀਪ ਸਿੰਬਲ ਨੇ ਬਲਾਤਕਾਰ ਤੇ ਕਤਲ ਦੇ ਮਾਮਲੇ ਵਿਚ ਸੱਚ ਪੇਸ਼ ਕਰਨ ਦੀ ਲੜਾਈ ਵਿਚ ਇਕ ਲੜਕੀ ਦੀ ਜ਼ਿੰਦਗੀ ਦਾ ਜੋ ਹਾਲ ਕੀਤਾ, ਉਸ ਤੋਂ ਸੱਭ ਵਾਕਫ਼ ਹਨ।
Up Police
ਇਸੇ ਤਰ੍ਹਾਂ ਹਾਥਰਸ ਵਿਚ ਲੜਕੀ ਦੀ ਲਾਸ਼ ਨੂੰ ਉਸ ਦੇ ਪ੍ਰਵਾਰਕ ਮੈਂਬਰਾਂ ਦੀ ਮਰਜ਼ੀ ਪੁੱਛੇ ਬਿਨਾਂ, ਸਾੜ ਕੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਸੇ ਹੋਰ ਨੇ ਨਹੀਂ ਬਲਕਿ ਪੁਲਿਸ ਨੇ ਹੀ ਕੀਤੀ। ਅਜੇ ਤਕ ਉਸ ਬਲਾਤਕਾਰ/ਕਤਲ ਦਾ ਸੱਚ ਸਾਹਮਣੇ ਲਿਆਉਣ ਵਾਲਾ ਪੱਤਰਕਾਰ ਜੇਲ੍ਹ ਵਿਚ ਹੈ ਅਤੇ ਸੁਪਰੀਮ ਕੋਰਟ ਦੀ ਤਰੀਕ ਦਾ ਇੰਤਜ਼ਾਰ ਕਰ ਰਿਹਾ ਹੈ। ਉਸ ਨੂੰ ਦੇਸ਼ ਧ੍ਰੋਹੀ ਕਰਾਰ ਦਿਤਾ ਗਿਆ ਹੈ ਕਿਉਂਕਿ ਉਸ ਨੇ ਇਕ ਬੱਚੀ ਲਈ ਨਿਆਂ ਦੀ ਮੰਗ ਕੀਤੀ ਸੀ।
Hathras Case
ਇਕ ਪਾਸੇ ਸਾਡੇ ਕੋਲ ਬਰਾਬਰੀ ਵਾਲੇ ਪਾਸੇ ਵਧਦੇ ਦੋ ਕਦਮ ਹਨ ਤੇ ਦੂਜੇ ਪਾਸੇ ਉਹੀ ਪੁਰਾਣੀ, ਬੇਟੀਆਂ ਮਾਰਨ ਦੀ ਕਹਾਣੀ। ਇਹ ਮੌਕਾ ਹੈ ਜਦ ਦੇਸ਼ ਅਪਣੀ ਸੋਚ ਸਪੱਸ਼ਟ ਕਰੇ ਤੇ ਆਖੇ ਕਿ ਬਰਾਬਰੀ ਸਿਰਫ਼ ਪੜ੍ਹੀਆਂ ਲਿਖੀਆਂ ਤੇ ਸ਼ਹਿਰੀ ਔਰਤਾਂ ਦਾ ਹੀ ਹੱਕ ਨਹੀਂ ਬਲਕਿ ਭਾਰਤ ਦੇ ਹਰ ਪਿੰਡ ਤੇ ਗਲੀ ਵਿਚ ਹੁਣ ਔਰਤਾਂ ਨੂੰ ਬਰਾਬਰੀ ਮਿਲੇਗੀ। ਭਾਵੇਂ ਫਾਂਸੀ ਦੀ ਸਜ਼ਾ ਦੀ ਗੱਲ ਹੋਵੇ ਜਾਂ ਬਲਾਤਕਾਰੀਆਂ ਤੋਂ ਨਿਆਂ ਲੈਣ ਦੀ, ਭਾਰਤ ਦੀਆਂ ਔਰਤਾਂ ਨਿਆਂ ਦੀਆਂ ਉਨੀਆਂ ਹੀ ਹੱਕਦਾਰ ਹਨ ਜਿੰਨੇ ਕਿ ਮਰਦ। ਬੇਟੀ ਬਚਾਉ ਮੁਹਿੰਮ ਦਾ ਅਸਰ ਇਸ ਵਾਰ ਉਨਾਉ ਵਿਚ ਨਜ਼ਰ ਆਉਣਾ ਚਾਹੀਦਾ ਹੈ।
(ਨਿਮਰਤ ਕੌਰ)