
ਉਹ ਇਹ ਵੀ ਆਖ ਗਏ ਕਿ ਅਗਲਾ ਵਿਸ਼ਵ ਸੰਕਟ ਦੂਰ ਨਹੀਂ, ਮਹਾਂਮਾਰੀਆਂ ਜਾਂ ਕੋਈ ਹੋਰ ਕੁਦਰਤੀ ਸੰਕਟ, ਕਿਸੇ ਵਕਤ ਵੀ ਦੁਨੀਆਂ ’ਤੇ ਆ ਸਕਦਾ ਹੈ।
ਵਿਸ਼ਵ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਨੇ ਗੁਜਰਾਤ ਦੇ ਜੀ-20 ਸੰਮੇਲਨ ਵਿਚ ਬਹੁਤ ਹੀ ਮਹੱਤਵਪੂਰਨ ਗੱਲਾਂ ਆਖੀਆਂ ਹਨ ਜਿਨ੍ਹਾਂ ਨੂੰ ਸਾਡੇ ਨੀਤੀ ਘਾੜੇ ਪੱਲੇ ਬੰਨ੍ਹ ਲੈਣ ਤਾਂ ਦੇਸ਼ ਦਾ ਬਹੁਤ ਭਲਾ ਹੋ ਸਕਦਾ ਹੈ। ਉਨ੍ਹਾਂ ਨੇ ਭਾਰਤ ਦੀ ਇਸ ਗੱਲੋਂ ਤਾਰੀਫ਼ ਕਰਦਿਆਂ ਆਖਿਆ ਹੈ ਕਿ ਭਾਰਤ ਦਾ ਬਚਾਅ ਅੱਜ ਦੇ ਵਿਸ਼ਵ ਸੰਕਟ ਵਿਚ ਵੀ ਸੰਭਵ ਹੈ ਕਿਉਂਕਿ ਭਾਰਤ ਦੀ ਅਪਣੀ ਅਰਥ ਵਿਵਸਥਾ, ਅਪਣੇ ਆਪ ਵਿਚ ਹੀ, ਬਚਾਅ ਵਾਸਤੇ ਕਾਫ਼ੀ ਹੈ। ਉਨ੍ਹਾਂ ਭਾਰਤ ਵਾਸਤੇ ਚੰਗੇ ਸੰਕੇਤਾਂ ਦਾ ਵੀ ਜ਼ਿਕਰ ਕੀਤਾ ਕਿਉਂਕਿ ਭਾਰਤ ਬੁਨਿਆਦੀ ਢਾਂਚੇ ਉਤੇ ਪੈਸਾ ਲਗਾ ਰਿਹਾ ਹੈ। ਪਰ ਅਜਿਹੀਆਂ ਤਾਰੀਫ਼ਾਂ ਨਾਲ ਸੰਤੁਸ਼ਟ ਹੋ ਜਾਣ ਤੋਂ ਬਿਹਤਰ ਹੈ ਕਿ ਵਰਲਡ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਵਲੋਂ ਦਿਤੀਆਂ ਗਈਆਂ ਚੇਤਾਵਨੀਆਂ ਨੂੰ ਵੀ ਧਿਆਨ ਵਿਚ ਰਖਿਆ ਜਾਵੇ। ਉਹ ਇਹ ਵੀ ਆਖ ਗਏ ਕਿ ਅਗਲਾ ਵਿਸ਼ਵ ਸੰਕਟ ਦੂਰ ਨਹੀਂ, ਮਹਾਂਮਾਰੀਆਂ ਜਾਂ ਕੋਈ ਹੋਰ ਕੁਦਰਤੀ ਸੰਕਟ, ਕਿਸੇ ਵਕਤ ਵੀ ਦੁਨੀਆਂ ’ਤੇ ਆ ਸਕਦਾ ਹੈ।
ਪੰਜਾਬ ਵਿਚ ਬੈਠੇ ਅਸੀ ਵੇਖ ਹੀ ਰਹੇ ਹਾਂ ਕਿ ਕਿਵੇਂ ਪਲਾਂ ਵਿਚ ਹੀ ਘਰਾਂ ਦੇ ਘਰ ਤਬਾਹ ਹੋ ਗਏ ਹਨ ਤੇ ਪੰਜਾਬ ਦਾ ਅੰਦਾਜ਼ਨ 10 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਅਜੇ ਸਿੰਘ ਬਾਂਗਾ ਨੇ ਸਾਰੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਨੂੰ ਚੌਕੰਨਾ ਕਰਦਿਆਂ ਕਿਹਾ ਹੈ ਕਿ ਜੇ ਅਮੀਰ-ਗ਼ਰੀਬ ਦਰਮਿਆਨ ਅਮੀਰੀ-ਗ਼ਰੀਬੀ ਦਾ ਫ਼ਾਸਲਾ ਵਧਦਾ ਰਿਹਾ ਤਾਂ ਸੰਕਟ ਵੱਡਾ ਹੋ ਸਕਦਾ ਹੈ ਤੇ ਇਸ ਤੋਂ ਬਚਣ ਵਾਸਤੇ ਨੌਕਰੀਆਂ ਤੇ ਰੁਜ਼ਗਾਰ ਵਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਖ਼ਾਸ ਕਰ ਕੇ ਨੌਜੁਆਨਾਂ ਵਲ ਇਸ ਵਿਸ਼ੇ ਨੂੰ ਲੈ ਕੇ ਖ਼ਾਸ ਧਿਆਨ ਦੇਣ ਲਈ ਆਖਿਆ ਹੈ।
ਸਰਕਾਰਾਂ ਨੂੰ ਲਗਦਾ ਹੈ ਕਿ ਵੱਡੇ ਉਦਯੋਗ ਲੱਗਣ ਨਾਲ ਹੀ ਆਰਥਕਤਾ ਵੱਧ ਫੁੱਲ ਜਾਂਦੀ ਹੈ ਪਰ ਕੀ ਇਹ ਸਹੀ ਅਨੁਮਾਨ ਹੈ? ਅੱਜ ਧਰਤੀ ਮੌਸਮ, ਆਬਾਦੀ, ਘਟਦੇ ਕੁਦਰਤੀ ਸਾਧਨਾਂ ਵਲ ਵੇਖ ਰਹੇ ਹਨ ਤੇ ਜਿਥੇ ਅੱਜ ਹੜ੍ਹ ਆਏ ਹਨ, ਕਲ ਨੂੰ ਉਥੇ ਸੋਕਾ ਵੀ ਪੈ ਸਕਦਾ ਹੈ। ਜੇ ਅੱਜ ਦੀ ਅਰਥ ਵਿਵਸਥਾ ਵਾਲੇ ਹਾਲਾਤ ਵਿਚ ਇਕ ਮਹਾਂਮਾਰੀ ਨੇ ਫਿਰ ਦਸਤਕ ਦੇ ਦਿਤੀ ਤਾਂ ਕੀ ਅਸੀ ਬੱਚ ਵੀ ਸਕਾਂਗੇ? ਜੇ ਭਾਰਤ ਦਾ ਬਚਾਅ ਹੀ ਉਸ ਦੀ ਸਮਾਨਾਂਤਰ ਅਰਥ ਵਿਵਸਥਾ ਕਾਰਨ ਹੋਇਆ ਹੈ ਤਾਂ ਅੱਜ ਜਦ ਬੇਰੁਜ਼ਗਾਰੀ ਸਿਖਰ ’ਤੇ ਹੈ ਤੇ ਸਰਕਾਰਾਂ ਦੇ ਖ਼ਜ਼ਾਨੇ ਖ਼ਾਲੀ ਹੁੰਦੇ ਜਾ ਰਹੇ ਹਨ, ਅਮੀਰ ਗ਼ਰੀਬ ਦਾ ਪਾੜਾ ਦਿਨ ਬਦਿਨ ਹੀ ਨਹੀਂ ਬਲਕਿ ਘੰਟੇ-ਘੰਟੇ ’ਚ ਵਧੀ ਜਾ ਰਿਹਾ ਹੈ। ਤਾਂ ਫਿਰ ਇਹ ਦੇਸ਼ ਅਗਲੀ ਮਹਾਂਮਾਰੀ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕੇਗਾ?
ਅੱਜ ਜਿਸ ਚੌਰਾਹੇ ਉਤੇ ਭਾਰਤ ਖੜਾ ਹੈ, ਉਥੇ ਭਾਰਤ ਨੂੰ ਅਪਣੀ 1.4 ਅਰਬ ਦੀ ਆਬਾਦੀ ਮੁਤਾਬਕ ਅਪਣੀ ਨੀਤੀ ਬਣਾਉਣ ਦੀ ਸਖ਼ਤ ਲੋੜ ਹੈ। ਅੱਜ ਤਕ ਪੰਜਾਬ ਵਿਚ ਫ਼ੂਡ ਪ੍ਰੋਸੈਸਿੰਗ ਉਦਯੋਗ ਨਹੀਂ ਲੱਗ ਸਕਿਆ ਜੋ ਕਿ ਇਸ ਸੂਬੇ ਦੀ ਨੌਜੁਆਨ ਪੀੜ੍ਹੀ ਵਾਸਤੇ ਰੁਜ਼ਗਾਰ ਦੇ ਨਾਲ ਨਾਲ ਸਾਡੀ ਪੀੜ੍ਹੀ ਦਾ ਵਿਦੇਸ਼ਾਂ ਵਿਚ ਮਜ਼ਦੂਰੀ ਦਾ ਇਕ ਹੋਰ ਬਦਲ ਬਣ ਸਕਦਾ ਹੈ। ਨੌਜੁਆਨਾਂ ਵਿਚ ਵਧਦਾ ਨਸ਼ਾ ਵੀ ਬੇਰੁਜ਼ਗਾਰੀ ਦੀ ਹੀ ਬਦੌਲਤ ਹੈ। ਜਦ ਕਮਾਈ ਦੇ ਸਾਧਨ ਘਰ ਵਿਚ ਹੀ ਪ੍ਰਾਪਤ ਹੋਣ ਤਾਂ ਫਿਰ ਨੌਜੁਆਨ ਦੇਸ਼ ਛੱਡਣ ਦੀਆਂ ਗੱਲਾਂ ਨਹੀਂ ਕਰਦੇ। ਭਾਰਤ ਨੂੰ ਇਕ ਨਵੀਂ ਆਰਥਕ ਨੀਤੀ ਤੇ ਯੋਜਨਾ ਬਣਾਉਣ ਦੀ ਲੋੜ ਹੈ ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਾ ਸਕੇ।
ਪ੍ਰਧਾਨ ਮੰਤਰੀ ਮੋਦੀ ਨੇ ਸੋਚ ਦੀ ਸ਼ੁਰੂਆਤ ਤਾਂ ਕੀਤੀ ਸੀ ਪਰ ਅੰਤ ਵਿਚ ਜਦੋਂ ਮੁਫ਼ਤ ਦੇ ਜੁਮਲਿਆਂ ਨਾਲ ਹੀ ਵੋਟਾਂ ਮਿਲਣ ਲੱਗ ਪਈਆਂ ਤਾਂ ਸਿਆਸੀ ਲੋਕਾਂ ਨੇ ਔਖੇ ਕੰਮਾਂ ਤੋਂ ਕਿਨਾਰਾ ਕਰ ਲਿਆ। ਸ਼ਾਇਦ ‘ਇੰਡੀਆ’ ਦੇ ਸਥਾਪਤ ਹੋਣ ਨਾਲ ਸਿਆਸਤਦਾਨਾਂ ਨੂੰ ਵੀ ਸਮਰੱਥ ਵਿਵਸਥਾ ਦੇ ਮੁੱਦਿਆਂ ਪ੍ਰਤੀ ਸੰਜੀਦਗੀ ਵਿਖਾਣੀ ਪਵੇਗੀ ਕਿਉਂਕਿ ਮਜ਼ਬੂਤ ਵਿਰੋਧੀ ਧਿਰ ਦੇ ਹੁੰਦਿਆਂ, ਲੀਡਰਾਂ ਦੇ ਵਾਅਦੇ, ਜੁਮਲੇ ਨਹੀਂ ਬਣ ਸਕਦੇ। - ਨਿਮਰਤ ਕੌਰ