
ਹਰ ਸਿਆਸੀ ਦਬਾਅ ਤੋਂ ਉਪਰ ਉਠ ਕੇ ਕਾਰਗੁਜ਼ਾਰੀ ਤੇ ਕਾਬਲੀਅਤ ਮੁਤਾਬਕ ਚੋਣਾਂ ਵਿਚ ਵੋਟ ਪਾਉਣ ਦੀ ਲੋੜ ਹੈ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗੱਦੀ ਨਸ਼ੀਨ ਹੋਣ ਮਗਰੋਂ ਹਰ ਪਾਸੇ ਇਕ ਬਿਆਨ ਗੂੰਜ ਰਿਹਾ ਹੈ ਕਿ ਪੰਜਾਬ ਵਿਚ ਪਹਿਲਾ ‘ਦਲਿਤ ਸਿੱਖ’ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਗਿਆ ਹੈ। ਪਰ ਇਹ ਫ਼ਿਕਰਾ ਅਪਣੇ ਆਪ ਵਿਚ ਗ਼ਲਤ ਹੈ ਕਿਉਂਕਿ ਜੇ ਉਹ ਸਿੱਖ ਹਨ ਤਾਂ ਉਹ ਦਲਿਤ ਨਹੀਂ ਹਨ ਕਿਉਂਕਿ ਸਿੱਖਾਂ ਵਿਚ ਸਾਰੇ ਬਰਾਬਰ ਹਨ। ਇਸ ਵਿਚ ‘ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ’ ਹੈ। ਸੋ ਫਿਰ ਦਲਿਤ, ਜੱਟ, ਭਾਪਾ ਦੀਆਂ ਵੰਡੀਆਂ ਦਾ ਮਤਲਬ ਹੀ ਨਹੀਂ ਰਹਿ ਜਾਂਦਾ। ਪਰ ਇਹ ਹਕੀਕਤ ਵੀ ਮੰਨਣੀ ਪਵੇਗੀ ਕਿ ਇਹ ਵੰਡੀਆਂ ਸਾਡੇ ਸਮਾਜ ਵਿਚ ਪੁਰਾਣੇ ਸਮੇਂ ਤੋਂ ਬਹੁਤ ਡੂੰਘੀਆਂ ਧੱਸ ਚੁਕੀਆਂ ਹਨ ਤੇ ਕਈ ਲੋਕਾਂ ਅੰਦਰ ਇਹ ਘਬਰਾਹਟ ਵੀ ਹੈ ਕਿ ਅੱਜ ਪੰਜਾਬ ਦਾ ਜੱਟ ਭਾਈਚਾਰਾ ਕਿਸ ਤਰ੍ਹਾਂ ਇਕ ਦੂਜੀ ਜਾਤੀ ਦੇ ਮੁੱਖ ਮੰਤਰੀ ਨੂੰ ਬਰਦਾਸ਼ਤ ਕਰੇਗਾ?
Charanjit Singh Channi
ਦੋ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਮਤਲਬ ਇਹੀ ਹੈ ਕਿ ਉਨ੍ਹਾਂ ਭਾਈਚਾਰਿਆਂ ਨੂੰ ਵੀ ਸ਼ਾਂਤ ਰਖਿਆ ਜਾਵੇ। ਇਹ ਵੰਡ ਅਸੀ ਹਾਲ ਵਿਚ ਗੁਜਰਾਤ ਵਿਚ ਵੀ ਵੇਖੀ। ਜਿਥੇ ਪਟੇਲ ਤਬਕੇ ਨੂੰ ਰੀਝਾਉਣ ਲਈ ਤੇ ਹਾਰਦਿਕ ਪਟੇਲ ਨੂੰ ਕਮਜ਼ੋਰ ਕਰਨ ਲਈ, ਮੁੱਖ ਮੰਤਰੀ ਬਦਲ ਦਿਤਾ ਗਿਆ। ਉਥੇ ਕਾਂਗਰਸ, ਭਾਜਪਾ ਉਤੇ ਧਰਮ ਤੇ ਜਾਤ-ਪਾਤ ਆਧਾਰਤ ਸਿਆਸਤ ਕਰਨ ਦੇ ਦੋਸ਼ ਲਗਾਉਂਦੀ ਸੀ। ਪਰ ਪੰਜਾਬ ਵਿਚ ਕਾਂਗਰਸ ਆਪ ਉਹੀ ਕੰਮ ਕਰ ਰਹੀ ਹੈ।
Deputy CM's
ਇਸ ਤੋਂ ਪਤਾ ਲਗਦਾ ਹੈ ਕਿ ਸਿਆਸਤ ਧਰਮ ਤੋਂ ਵੀ ਤਾਕਤਵਰ ਬਣ ਗਈ ਹੈ। ਜਿਸ ਸੂਬੇ ਵਿਚ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਜਨਮ ਹੋਇਆ, ਉਥੇ ਵੀ ਉਹੀ ਦਰਾੜਾਂ ਹਨ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਨੂੰ ਆਰ ਪਾਰ ਖੜੇ ਕਰ ਕੇ ਇਕ ਦੂਜੇ ਵਿਰੁਧ ਲਾਮਬੰਦ ਕੀਤਾ ਹੋਇਆ ਹੈ। ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦਾ ਅਹੁਦਾ, ਉਨ੍ਹਾਂ ਦੇ ਧਰਮ ਕਾਰਨ ਹੀ ਨਾ ਦਿਤਾ ਜਾ ਸਕਿਆ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਪੰਜਾਬੀਅਤ ਮਨੂਵਾਦ ਦੀ ਪਿਛਲੱਗ ਬਣ ਕੇ ਰਹਿ ਗਈ ਹੈ। ਇਸ ਦਾ ਅਸਰ ਅਸੀ ਪਿਛਲੇ ਦੋ ਦਹਾਕਿਆਂ ਵਿਚ ਵੇਖਿਆ ਜਦ ਗੁਰੂ ਘਰਾਂ ਵਿਚ ਪਿਛੜੀਆ ਜਾਤਾਂ ਵਾਲਿਆਂ ਵਾਸਤੇ ਵਖਰੇ ਦਰਵਾਜ਼ੇ ਬਣਾਏ ਗਏ, ਅਲੱਗ ਸ਼ਮਸ਼ਾਨਘਾਟ ਬਣਾਏ ਗਏ ਤੇ ਅਲੱਗ ਭਵਨ ਬਣਾਏ ਗਏ। ਸਾਡੇ ਸਭਿਆਚਾਰ ਵਿਚ ਇਸ ਦਾ ਅਸਰ ਗੀਤਾਂ ਅਤੇ ਫ਼ਿਲਮਾਂ ਵਿਚ ਵੀ ਨਜ਼ਰ ਆਉਂਦਾ ਹੈ ਜਿਥੇ ਮੁੱਖ ਕਿਰਦਾਰ ਸਦਾ ‘ਜੱਟ’ ਹੀ ਹੁੰਦਾ ਹੈ। ਹਰ ਗੀਤ ਵਿਚ ‘ਜੱਟ’ ਸ਼ਬਦ ਲਿਆ ਕੇ ਦਰਾੜਾਂ ਨੂੰ ਖਾਈਆਂ ਦਾ ਰੂਪ ਦਿਤਾ ਜਾ ਰਿਹਾ ਹੈ।
PHOTO
ਅੱਜ ਜੋ ਮੁੱਖ ਮੰਤਰੀ ਬਣਿਆ ਹੈ, ਉਹ ਅਸਲ ਵਿਚ ਨੌਜਵਾਨਾਂ ਵਾਸਤੇ ਇਕ ਮਿਸਾਲ ਹੈ। ਇਕ ਆਮ ਗ਼ਰੀਬ ਪ੍ਰਵਾਰ ਤੋਂ ਉਠ ਕੇ ਉਹ ਅੱਜ ਮੁੱਖ ਮੰਤਰੀ ਅਪਣੀ ਜਾਤ ਕਾਰਨ ਨਹੀਂ ਬਲਕਿ ਅਪਣੀ ਮਿਹਨਤ ਸਦਕਾ ਬਣੇ ਹਨ। ਜੇ ਉਹ ਅਪਣੇ ਆਪ ਨੂੰ ਅਪਣੀ ਜਾਤ ਦੇ ਬੋਝ ਹੇਠ ਦਬਾ ਲੈਂਦੇ ਤਾਂ ਉਹ ਇਸ ਮੁਕਾਮ ਤੇ ਨਾ ਪਹੁੰਚ ਸਕਦੇ। ਸਿਆਸਤ ਵਿਚ ਉਤਾਰਨ ਤੋਂ ਪਹਿਲਾਂ ਉਨ੍ਹਾਂ ਅਪਣੇ ਆਪ ਨੂੰ ਕਈ ਤਰ੍ਹਾਂ ‘ਅਮੀਰ’ ਬਣਾਇਆ। ਅਪਣੇ ਵਿਦਿਅਕ ਮਿਆਰ ਨੂੰ ਅੱਜ ਤਕ ਵਧਾਉਂਦੇ ਜਾ ਰਹੇ ਸਨ। ਵਧਣ ਦੀ ਲਾਲਸਾ ਵੰਡੀਆਂ ਤੋਂ ਉਪਰ ਸੀ ਤੇ ਉਨ੍ਹਾਂ ਅਪਣੇ ਆਪ ਨੂੰ ਪਛਾਣਨਾ ਸ਼ੁਰੂ ਕੀਤਾ। ਜਦ ਤੁਹਾਡੇ ਗੁਰੂ ਨੇ ਤੁਹਾਨੂੰ ਬਰਾਬਰ ਮੰਨ ਲਿਆ ਸੀ ਤਾਂ ਫਿਰ ਕੋਈ ਇਨਸਾਨ ਤੁਹਾਨੂੰ ਜਾਤਾਂ ਵਿਚ ਕਿਵੇਂ ਵੰਡ ਸਕਦਾ ਹੈ ਜਾਂ ਸਿਆਸੀ ਸੋਚ ਤੁਹਾਡੇ ਗੁਰੂ ਤੋਂ ਉਪਰ ਕਿਸ ਤਰ੍ਹਾਂ ਹੋ ਸਕਦੀ ਹੈ?
ਸਾਡੇ ਨੌਜਵਾਨ ਅਪਣੇ ਆਪ ਨੂੰ ਉੱਚ ਜਾਤੀਆਂ ਦੇ ਸਮਝ ਕੇ ਸਰਕਾਰੀ ਨੌਕਰੀਆਂ ਦੀ ਆਸ ਵਿਚ ਬੈਠੇ ਹੋਏ ਹਨ ਜਾਂ ਝੱਟਪਟ ਵਿਦੇਸ਼ ਜਾ ਕੇ ਕਮਾਈ ਕਰਨ ਦੇ ਚੱਕਰ ਵਿਚ ਹਨ ਜਿਹੜੇ ਅਪਣੇ ਆਪ ਨੂੰ ਜਾਤ ਤੇ ਧਰਮ ਕਰ ਕੇ ਨੀਵਾਂ ਸਮਝਦੇ ਹਨ, ਉਹ ਅਪਣੀ ਤਾਕਤ ਗੁਆ ਰਹੇ ਹਨ। ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਅਪਣੇ ਆਪ ਤੇ ਵਿਸ਼ਵਾਸ ਕਰਦੇ ਹਨ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਦਲਿਤ, ਜਾਟ, ਹਿੰਦੂ ਉਮੀਦਵਾਰਾਂ ਦੀ ਗੱਲ ਹਰ ਪਾਰਟੀ ਕਰੇਗੀ। ਪੰਜਾਬ ਦੀ ਪੰਥਕ ਪਾਰਟੀ ਤਾਂ ਪਹਿਲਾਂ ਹੀ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦਲਿਤ ਲਈ ਰਾਖਵਾਂ ਕਰ ਚੁੱਕੀ ਹੈ।
Charanjit Singh Channi
ਪਰ ਹਰ ਸਿਆਸੀ ਦਬਾਅ ਤੋਂ ਉਪਰ ਉਠ ਕੇ ਕਾਰਗੁਜ਼ਾਰੀ ਤੇ ਕਾਬਲੀਅਤ ਮੁਤਾਬਕ ਚੋਣਾਂ ਵਿਚ ਵੋਟ ਪਾਉਣ ਦੀ ਲੋੜ ਹੈ। ਇਸ ਨਵੇਂ ਮੁੱਖ ਮੰਤਰੀ ਕੋਲ ਸਿਰਫ਼ ਸਾਢੇ ਚਾਰ ਮਹੀਨੇ ਦਾ ਸਮਾਂ ਹੈ ਜਿਸ ਵਿਚ ਉਹ ਅਪਣੀ ਕਾਬਲੀਅਤ ਵਿਖਾ ਸਕਦਾ ਹੈ ਤੇ ਅਗਲੇ ਸਾਰੇ ਫ਼ੈਸਲੇ ਸਿਰਫ਼ ਤੇ ਸਿਰਫ਼ ਇਸੇ ਗੱਲ ਨੂੰ ਲੈ ਕੇ ਹੋਣਗੇ।
-ਨਿਮਰਤ ਕੌਰ