ਇਹ ਵਕਾਰੀ ਟੂਰਨਾਮੈਂਟ 7 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਤੇ ਸ੍ਰੀਲੰਕਾ ਇਸ ਦੇ ਸਹਿ-ਮੇਜ਼ਬਾਨ ਹਨ
ਟੀ-20 ਵਿਸ਼ਵ ਕੱਪ ਕ੍ਰਿਕਟ ਚੈਂਪੀਅਨਸ਼ਿਪ ਵਿਚੋਂ ਬੰਗਲਾਦੇਸ਼ ਦਾ ਬਾਹਰ ਹੋਣਾ ਹੁਣ ਯਕੀਨੀ ਹੈ। ਕੌਮਾਂਤਰੀ ਕ੍ਰਿਕਟ ਕਾਉਂਸਿਲ (ਆਈ.ਸੀ.ਸੀ.) ਵਲੋਂ ਉਸ ਦੀ ਥਾਂ ਸਕੌਟਲੈਂਡ ਨੂੰ ਦੇਣ ਦਾ ਫ਼ੈਸਲਾ ਹਕੀਕੀ ਰੂਪ ਧਾਰਨ ਕਰ ਚੁੱਕਾ ਹੈ। ਇਸ ਦਾ ਰਸਮੀ ਐਲਾਨ ਕਿਸੇ ਵੀ ਵੇਲੇ ਸੰਭਵ ਹੈ। ਇਹ ਵਕਾਰੀ ਟੂਰਨਾਮੈਂਟ 7 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਤੇ ਸ੍ਰੀਲੰਕਾ ਇਸ ਦੇ ਸਹਿ-ਮੇਜ਼ਬਾਨ ਹਨ। ਬੰਗਲਾਦੇਸ਼ ਨੂੰ ਗਰੁੱਪ ‘ਸੀ’ ਵਿਚ ਰਖਿਆ ਗਿਆ ਸੀ ਅਤੇ ਇਸ ਗਰੁੱਪ ਵਿਚ ਉਸ ਦੇ ਤਿੰਨ ਮੁੱਢਲੇ ਲੀਗ ਮੈਚ ਕੋਲਕਾਤਾ ਵਿਚ ਅਤੇ ਆਖ਼ਰੀ ਮੈਚ ਮੁੰਬਈ ਵਿਚ ਹੋਣਾ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ‘‘ਭਾਰਤ ਵਿਚ ਸੁਰੱਖਿਆ ਹਾਲਾਤ ਬੰਗਲਾਦੇਸ਼ੀ ਕ੍ਰਿਕਟ ਟੀਮ ਲਈ ਮਾਕੂਲ ਨਾ ਹੋਣ’’ ਦੇ ਬਹਾਨੇ ਆਈ.ਸੀ.ਸੀ. ਨੂੰ ਸਾਰੇ ਚਾਰ ਮੈਚ ਸ੍ਰੀਲੰਕਾ ਵਿਚ ਸ਼ਿਫਟ ਕਰਨ ਦੀ ਬੇਨਤੀ ਕੀਤੀ। ਇਹ ਬੇਨਤੀ ਰੱਦ ਹੋ ਗਈ।
ਇਹ ਸਹੀ ਹੈ ਕਿ ਇਸ ਰੇੜਕੇ ਦੀ ਮੁੱਢਲੀ ਬੁਨਿਆਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪ੍ਰਦਾਨ ਕੀਤੀ ਜਦੋਂ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਇਕ ਪ੍ਰਮੁਖ ਟੀਮ ‘ਕੋਲਕਾਤਾ ਨਾਈਟ ਰਾਈਡਰਜ਼’ (ਕੇ.ਕੇ.ਆਰ.) ਨੂੰ ਬੰਗਲਾਦੇਸ਼ੀ ਖਿਡਾਰੀ ਮੁਸਤਫ਼ਿਜ਼ੁਰ ਰਹਿਮਾਨ ਨਾਲੋਂ ਨਾਤਾ ਤੋੜਨ ਲਈ ਕਿਹਾ। ਮੁਸਤਫ਼ਿਜ਼ੁਰ ਤੇਜ਼ ਗੇਂਦਬਾਜ਼ ਹੈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ ਆਈ.ਪੀ.ਐਲ. ਸਬੰਧੀ ਨਿਲਾਮੀ ਦੌਰਾਨ ਨੌਂ ਕਰੋੜ ਰੁਪਏ ਤੋਂ ਵੱਧ ਰਕਮ ਬਦਲੇ ਖ਼ਰੀਦਿਆ ਸੀ। ਕੁੱਝ ਕੱਟੜਪੰਥੀ ਹਿੰਦੂ ਸੰਗਠਨਾਂ ਵਲੋਂ ਅਚਾਨਕ ਇਸ ਕਦਮ ਦਾ ਵਿਰੋਧ ਕੀਤੇ ਜਾਣ ਅਤੇ ਮੁਸਤਫ਼ਿਜ਼ੁਰ ਦੀ ਸ਼ਮੂਲੀਅਤ ਵਾਲੇ ਮੈਚਾਂ ਵਿਚ ਵਿਘਨ ਪਾਉਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਭਾਰਤੀ ਬੋਰਡ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮੁਸਤਫ਼ਿਜ਼ੁਰ ਦੀ ਸ਼ਮੂਲੀਅਤ ਮਨਸੂਖ਼ ਕਰਨ ਦੀ ਹਦਾਇਤ ਕੀਤੀ।
ਇਸ ਕਦਮ ਦਾ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਤਾਂ ਬੁਰਾ ਮਨਾਇਆ ਹੀ, ਉਸ ਦੇਸ਼ ਦੀ ਅੰਤਰਿਮ ਸਰਕਾਰ ਦੇ ਖੇਡ ਸਲਾਹਕਾਰ (ਖੇਡਾਂ ਬਾਰੇ ਮੰਤਰੀ) ਆਸਿਫ਼ ਨਜ਼ਰੁਲ ਨੇ ਇਸ ਨੂੰ ਬੰਗਲਾਦੇਸ਼ ਦੀ ‘ਹੇਠੀ’ ਕਰਾਰ ਦਿਤਾ। ਖੇਡਾਂ ਦੇ ਖੇਤਰ ਵਿਚ ਸਿਆਸਤ ਦੀ ਇਸ ਕਿਸਮ ਦੀ ਘੁਸਪੈਠ ਨੇ ਬੀ.ਸੀ.ਬੀ. ਲਈ ਕਸੂਤੀ ਸਥਿਤੀ ਪੈਦਾ ਕਰ ਦਿਤੀ। ਉਸ ਨੂੰ ਆਈ.ਸੀ.ਸੀ. ਕੋਲ ਇਸ ਸਟੈੈਂਡ ’ਤੇ ਅੜਨਾ ਪਿਆ ਕਿ ਬੰਗਲਾਦੇਸ਼ੀ ਟੀਮ ਦੇ ਮੈਚ ਭਾਰਤ ਤੋਂ ਸ੍ਰੀਲੰਕਾ ਸ਼ਿਫ਼ਟ ਨਾ ਕੀਤੇ ਜਾਣ ਦੀ ਸੂਰਤ ਵਿਚ ਇਹ ਟੀਮ ਟੀ-20 ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਨਹੀਂ ਲਵੇਗੀ। ਆਈ.ਸੀ.ਸੀ. ਨੇ ਭਾਰਤੀ ਬੋਰਡ ਅਤੇ ਭਾਰਤੀ ਗ੍ਰਹਿ ਮੰਤਰਾਲੇ ਦੇ ਭਰੋਸਿਆਂ ਦੇ ਹਵਾਲੇ ਨਾਲ ਬੰਗਲਾਦੇਸ਼ੀ ਟੀਮ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ। ਇਸ ਵਾਅਦੇ ਦੇ ਬਾਵਜੂਦ ਬੰਗਲਾਦੇਸ਼ੀ ਬੋਰਡ, ਉਸ ਦੇਸ਼ ਦੀ ਅੰਤਰਿਮ ਸਰਕਾਰ ਦੇ ਦਬਾਅ ਕਾਰਨ ਅਪਣੀ ਜ਼ਿੱਦ ’ਤੇ ਅੜਿਆ ਰਿਹਾ। ਇਹ ਰੁਖ਼ ਮੰਦਭਾਗਾ ਸੀ।
ਇਸ ਤੋਂ ਬੰਗਲਾਦੇਸ਼ੀ ਕ੍ਰਿਕਟ ਨੂੰ ਬਹੁਤ ਵੱਡਾ (325 ਕਰੋੜ ਟਕੇ ਜਾਂ 245 ਕਰੋੜ ਰੁਪਏ ਦਾ) ਵਿੱਤੀ ਨੁਕਸਾਨ ਤਾਂ ਹੋਵੇਗਾ ਹੀ, ਉਸ ਦੇ ਖ਼ਿਲਾਫ਼ ਆਈ.ਸੀ.ਸੀ. ਵਲੋਂ ਅਨੁਸ਼ਾਸਨੀ ਕਾਰਵਾਈ ਵੀ ਸੰਭਵ ਹੋ ਸਕਦੀ ਹੈ। ਖੇਡਾਂ ਦੇ ਖੇਤਰ ਵਿਚ ਸਿਆਸਤ ਦੀ ਘੁਸਪੈਠ ਨਹੀਂ ਹੋਣੀ ਚਾਹੀਦੀ, ਪਰ ਇਹ ਤਲਖ਼ ਹਕੀਕਤ ਹੈ ਕਿ ਇਹ ਖੇਤਰ, ਸਿਆਸਤ ਦੀ ਦਖ਼ਲਅੰਦਾਜ਼ੀ ਤੋਂ ਕਦੇ ਵੀ ਨਹੀਂ ਬਚ ਸਕਿਆ। ਆਧੁਨਿਕ ਓਲੰਪਿਕ ਲਹਿਰ ਦੀ 1896 ਵਿਚ ਸਥਾਪਨਾ ਤੋਂ ਲੈ ਕੇ ਹੁਣ ਤਕ ਅਜਿਹੀ ਦਖ਼ਲਅੰਦਾਜ਼ੀ ਦੀਆਂ ਦਰਜਨਾਂ ਮਿਸਾਲਾਂ ਸਹਿਜੇ ਹੀ ਗਿਣਾਈਆਂ ਜਾ ਸਕਦੀਆਂ ਹਨ। ਮੁਸਤਫ਼ਿਜ਼ੁਰ ਨੂੰ ਕੁੱਝ ਕੱਟੜਪੰਥੀ ਗੁਟਾਂ ਦੀ ਮੰਗ ’ਤੇ ਆਈ.ਪੀ.ਐਲ. ਤੋਂ ਬਾਹਰ ਕਰਨਾ ਨਾਮੁਨਾਸਿਬ ਫ਼ੈਸਲਾ ਸੀ। ਪਰ ਇਸ ਫ਼ੈਸਲੇ ਖ਼ਿਲਾਫ਼ ਬੰਗਲਾਦੇਸ਼ ਸਰਕਾਰ ਦਾ ਪ੍ਰਤੀਕਰਮ ਲੋੜੋਂ ਵੱਧ ਸਖ਼ਤ ਸੀ।
ਬੰਗਲਾਦੇਸ਼ੀ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਆਈ.ਪੀ.ਐਲ. ਨਾਲ ਜੁੜੇ ਮਾਮਲੇ ਨੂੰ ਵਿਸ਼ਵ ਕੱਪ ਵਰਗੀ ਵਕਾਰੀ ਚੈਂਪੀਅਨਸ਼ਿਪ ਨਾਲ ਜੋੜ ਕੇ ਬੰਗਲਾਦੇਸ਼ੀ ਬੋਰਡ ਵਾਸਤੇ ਸਮਝੌਤੇ ਦਾ ਸਪੇਸ ਹੀ ਖ਼ਤਮ ਕਰ ਦਿਤਾ। ਆਈ.ਸੀ.ਸੀ. ਦੀ ਦਲੀਲ ਸੀ ਕਿ ਆਈ.ਪੀ.ਐਲ. ਭਾਰਤ ਦੀ ਘਰੇਲੂ ਲੀਗ ਹੈ। ਇਸ ਨਾਲ ਸਬੰਧਤ ਕਿਸੇ ਵੀ ਘਟਨਾ ਨੂੰ ਆਈ.ਸੀ.ਸੀ. ਦੀ ਸਰਪ੍ਰਸਤੀ ਵਾਲੇ ਟੂਰਨਾਮੈਂਟ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪਰ ਬੰਗਲਾਦੇਸ਼ੀ ਨਿਜ਼ਾਮ ਇਸ ਦਲੀਲ ਅੰਦਰਲੇ ਵਜ਼ਨ ਨੂੰ ਮਹੱਤਵ ਦੇਣ ਲਈ ਤਿਆਰ ਨਹੀਂ ਸੀ।
ਲਿਹਾਜ਼ਾ, ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਸਰਕਾਰੀ ਹੱਠਧਰਮੀ ਅੱਗੇ ਗੋਡੇ ਟੇਕਣੇ ਪਏ। ਆਸਿਫ਼ ਨਜ਼ਰੁਲ ਨੇ ਵੀਰਵਾਰ ਨੂੰ ਕੌਮੀ ਟੀਮ ਨਾਲ ਮੁਲਾਕਾਤ ਕਰਨ ਮਗਰੋਂ ਜੋ ਮੀਡੀਆ ਕਾਨਫ਼ਰੰਸ ਕੀਤੀ, ਉਸ ਵਿਚ ਖਿਡਾਰੀਆਂ ਤੋਂ ਇਲਾਵਾ ਬੰਗਲਾਦੇਸ਼ੀ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ‘ਬੁਲਬੁਲ’ ਦੇ ਰੁਖ਼ ਤੋਂ ਸਾਫ਼ ਸੀ ਕਿ ਉਨ੍ਹਾਂ ਉਪਰ ਫ਼ੈਸਲਾ ਠੋਸਿਆ ਗਿਆ ਹੈ, ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।
ਉਂਜ ਵੀ, ਬੰਗਲਾਦੇਸ਼ ਦੇ ਇਕ ਸਿਰਮੌਰ ਸਾਬਕਾ ਖਿਡਾਰੀ ਤਮੀਮ ਇਕਬਾਲ (ਜਿਸ ਨੇ ਵਿਸ਼ਵ ਕੱਪ ਬਾਰੇ ਸੰਜਮੀ ਤੇ ਸੁਹਜਮਈ ਪਹੁੰਚ ਦੀ ਵਕਾਲਤ ਕੀਤੀ ਸੀ) ਨੂੰ ਮੌਜੂਦਾ ਨਿਜ਼ਾਮ ਨੇ ‘ਭਾਰਤੀ ਏਜੰਟ’ ਦੱਸ ਕੇ ਜਿਸ ਤਰ੍ਹਾਂ ਜ਼ਲੀਲ ਕੀਤਾ, ਉਸ ਨੇ ਖਿਡਾਰੀਆਂ ਲਈ ਅਪਣਾ ਪੱਖ ਰੱਖਣ ਦੀ ਗੁੰਜਾਇਸ਼ ਹੀ ਬਾਕੀ ਨਹੀਂ ਛੱਡੀ। ਅਜਿਹੇ ਹਾਲਾਤ ਦੇ ਬਾਵਜੂਦ ਤਮੀਮ ਇਕਬਾਲ ਦੀ ਬੇਇੱਜ਼ਤੀ ਦੇ ਖ਼ਿਲਾਫ਼ 15 ਜਨਵਰੀ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ.ਪੀ.ਐਲ.) ਦੇ ਮੈਚ ਦਾ ਬਾਈਕਾਟ ਕਰਨ ਅਤੇ ਤਮੀਮ-ਵਿਰੋਧੀ ਗਾਲੀ-ਗਲੋਚ ਕਰਨ ਵਾਲੇ ਬੀ.ਸੀ.ਬੀ. ਅਧਿਕਾਰੀ ਨਜਮੁਲ ਇਸਲਾਮ ਨੂੰ ਅਸਤੀਫ਼ੇ ਵਾਸਤੇ ਮਜਬੂਰ ਕਰਨ ਵਰਗੇ ਕਦਮਾਂ ਨੇ ਦਰਸਾ ਦਿਤਾ ਕਿ ਖਿਡਾਰੀਆਂ ਤੇ ਸਰਕਾਰ ਦੀ ਸੋਚ ਦਰਮਿਆਨ ਕਿੰਨਾ ਵੱਡਾ ਫ਼ਾਸਲਾ ਹੈ।
ਬੰਗਲਾਦੇਸ਼ ਵਿਚ ਭਾਰਤ-ਵਿਰੋਧੀ ਫ਼ਿਜ਼ਾ ਹੈ, ਇਸ ਹਕੀਕਤ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਇਹ ਵੀ ਸੱਚ ਹੈ ਕਿ ਮੋਦੀ ਸਰਕਾਰ ਨੇ ਸ਼ੇਖ ਹਸੀਨਾ ਵਾਜੇਦ ਤੇ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਨੂੰ ਉਸ ਫ਼ਿਜ਼ਾ ਦੇ ਬਾਵਜੂਦ ਜਿਸ ਤਰ੍ਹਾਂ ਦੁਲਾਰਨਾ ਜਾਰੀ ਰੱਖਿਆ, ਉਸ ਤੋਂ ਭਾਰਤ-ਵਿਰੋਧੀ ਚਰਮਪੰਥੀ ਨੂੰ ਲਗਾਤਾਰ ਮਜ਼ਬੂਤੀ ਮਿਲੀ। ਅਜਿਹੀਆਂ ਪ੍ਰਸਥਿਤੀਆਂ ਦੇ ਬਾਵਜੂਦ ਉਸ ਦੇਸ਼ ਵਿਚ ਅਜਿਹੇ ਵਿਚਾਰਵਾਨਾਂ ਤੇ ਸੂਝਵਾਨਾਂ ਦੀ ਕਮੀ ਨਹੀਂ ਜੋ ਖਿਚਾਅ ਘਟਾਉਣ ਅਤੇ ਭਾਰਤ ਪ੍ਰਤੀ ਮੱਧਮਾਰਗੀ ਪਹੁੰਚ ਅਪਣਾਏ ਜਾਣ ਦੀ ਵਕਾਲਤ ਖੁਲ੍ਹ ਕੇ ਕਰਦੇ ਆ ਰਹੇ ਹਨ। ਦੋ ਪ੍ਰਮੁਖ ਬੰਗਲਾਦੇਸ਼ੀ ਅੰਗਰੇਜ਼ੀ ਅਖ਼ਬਾਰਾਂ-‘ਡੇਲੀ ਸਟਾਰ’ ਤੇ ‘ਢਾਕਾ ਟ੍ਰਿਬਿਊਨ’ ਅਤੇ ਬਾਂਗਲਾ ਅਖ਼ਬਾਰ ‘ਪ੍ਰਥਮ ਆਲੋ’ (ਸੱਜਰੀ ਸਵੇਰ) ਦੀਆਂ ਸ਼ੁੱਕਰਵਾਰ ਦੀਆਂ ਸੰਪਾਦਕੀਆਂ ਉਪਰੋਕਤ ਸੋਚ ਦੀ ਸਪੱਸ਼ਟ ਮਿਸਾਲ ਹਨ। ਮੌਜੂਦਾ ਸੰਦਰਭ ਵਿਚ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਸਿਆਸਤ ਨੇ ਬੰਗਲਾਦੇਸ਼ੀ ਕ੍ਰਿਕਟ ਨਾਲ ਤਾਂ ਧਰੋਹ ਕਮਾਇਆ ਹੀ ਹੈ, ਵਿਸ਼ਵ ਕੱਪ ਦੇ ਵਕਾਰ ਨੂੰ ਵੀ ਖੋਰਾ ਲਾਇਆ ਹੈ। ਅਜਿਹੇ ਰੁਝਾਨਾਂ ਨੂੰ ਠੱਲ੍ਹ ਪੈਣੀ ਚਾਹੀਦੀ ਹੈ।
