
ਬੰਦ ਦਰਵਾਜ਼ੇ ਪਿੱਛੇ ਜਿਹੜੀ ਮੀਟਿੰਗ ਹੋਈ, ਉਸ ਵਿਚ ਵੀ ਉਪਰੋਕਤ ਗੱਲਾਂ ਦੋਹਰਾਈਆਂ ਗਈਆਂ।
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵਲੋਂ ਇਕ ਮੌਲਵੀ ਦੇ ਸੱਦੇ ’ਤੇ ਇਕ ਮਸਜਿਦ ਤੇ ਮਦਰੱਸੇ ਦਾ ਦੌਰਾ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਪੰਜ ਮੁਸਲਮਾਨ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਸਾਬਕਾ ਚੋਣ ਕਮਿਸ਼ਨਰ ਐਸ.ਵਾਈ. ਕੁਰੈਸ਼ੀ, ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਲੈ. ਜਨਰਲ ਜ਼ਮੀਰੂਦੀਨ ਸ਼ਾਹ ਆਦਿ ਵਰਗੇ ਉਘੇ ਮੁਸਲਮਾਨ ਸ਼ਾਮਲ ਸਨ। ਦੋਹਾਂ ਮੁਲਾਕਾਤਾਂ ਵਿਚ ਆਰ ਐਸ ਐਸ ਮੁਖੀ ਵਲੋਂ ਮੁਸਲਮਾਨਾਂ ਨੂੰ ਦੇਸ਼ ਦਾ ਹਿੱਸਾ ਦਸ ਕੇ ਦੋ ਕੌਮਾਂ ਵਿਚ ਵਧ ਰਹੀਆਂ ਦੂਰੀਆਂ ਨੂੰ ਘਟਾਉਣ ਦਾ ਦਾਅਵਾ ਕੀਤਾ ਗਿਆ।
ਇਹ ਕਦਮ ਹਾਲ ਵਿਚ ਇੰਗਲੈਂਡ ਵਿਚ ਹੋਏ ਹਿੰਦੂ ਮੁਸਲਮਾਨ ਦੰਗਿਆਂ ਕਾਰਨ ਚੁਕਿਆ ਗਿਆ ਜਾਂ ਅਰਬ ਦੇਸ਼ਾਂ ਵਲੋਂ ਪਾਏ ਗਏ ਦਬਾਅ ਹੇਠ ਚੁਕਣਾ ਪਿਆ ਪਰ ਇਹ ਜ਼ਰੂਰ ਸੱਚ ਹੈ ਕਿ ਇਹ ਬਹੁਤ ਦੇਰੀ ਨਾਲ ਚੁਕਿਆ ਗਿਆ ਕਦਮ ਸੀ। ਮੋਹਨ ਭਾਗਵਤ ਵਲੋਂ ਗੱਲਾਂ ਬਹੁਤ ਚੰਗੀਆਂ ਆਖੀਆਂ ਗਈਆਂ। ਮਦਰੱਸੇ ਵਿਚ ਬੱਚਿਆਂ ਨੂੰ ਹਿੰਦੀ ਪੜ੍ਹਾਉਣ ਬਾਰੇ ਵੀ ਆਖਿਆ ਗਿਆ ਤਾਕਿ ਉਹ ਅਪਣੇ ਆਪ ਨੂੰ ਦੇਸ਼ ਦਾ ਅਟੁਟ ਹਿੱਸਾ ਮਹਿਸੂਸ ਕਰਨ ਲੱਗਣ ਤੇ ਉਨ੍ਹਾਂ ਨੂੰ ਕਾਗ਼ਜ਼ੀ ਕਾਰਵਾਈਆਂ ਵਿਚ ਦਿੱਕਤਾਂ ਵੀ ਨਾ ਆਉਣ।
ਬੰਦ ਦਰਵਾਜ਼ੇ ਪਿੱਛੇ ਜਿਹੜੀ ਮੀਟਿੰਗ ਹੋਈ, ਉਸ ਵਿਚ ਵੀ ਉਪਰੋਕਤ ਗੱਲਾਂ ਦੋਹਰਾਈਆਂ ਗਈਆਂ। ਅਖ਼ੀਰ ਵਿਚ ਕਿਹਾ ਗਿਆ ਕਿ ਸੱਭ ਵਾਸਤੇ ਬਰਾਬਰੀ ਵਾਲੀ ਥਾਂ ਸਾਡਾ ਸੰਵਿਧਾਨ ਬਣਾਉਂਦਾ ਹੈ। ਉਨ੍ਹਾਂ ਇਹ ਤਕ ਆਖਿਆ ਕਿ ਹਿੰਦੂ ਰਾਸ਼ਟਰ ਵਿਚ ਬਾਕੀ ਧਰਮਾਂ ਵਾਸਤੇ ਪੂਰੀ ਖੁਲ੍ਹ ਹੈ। ਉਨ੍ਹਾਂ ਹਿੰਦੂਆਂ ਨੂੰ ਵੀ ਸੁਨੇਹਾ ਭੇਜਿਆ ਕਿ ਸਾਰੀਆਂ ਮਸਜਿਦਾਂ ਹੇਠੋਂ ਸ਼ਿਵਲਿੰਗ ਲਭਣੇ ਬੰਦ ਕਰਨ। ਭਾਵੇਂ ਮੋਹਨ ਜੀ ਨੇ ਇਹ ਵੀ ਆਖ ਦਿਤਾ ਕਿ ਉਹ ਮੁਸਲਮਾਨਾਂ ਦੇ ਹਲਾਲ ਮੀਟ ਖਾਣ ਜਾਂ ਵੇਚਣ ਆਦਿ ਤੇ ਇਤਰਾਜ਼ ਨਹੀਂ ਕਰਦੇ ਪਰ ਇਸ ਬਿਆਨ ਨੂੰ ਸਿਰਫ਼ ਗੱਲਾਂ ਤਕ ਤਾਂ ਸੀਮਤ ਨਹੀਂ ਨਾ ਰਖਿਆ ਜਾ ਸਕਦਾ।
ਉਵੈਸੀ ਵਲੋਂ ਆਰ ਐਸ ਐਸ ਮੁਖੀ ਦੀ ਇਨ੍ਹਾਂ ਉਘੀਆਂ ਮੁਸਲਮਾਨ ਸ਼ਖ਼ਸੀਅਤਾਂ ਨਾਲ ਮੁਲਾਕਾਤ ਨੂੰ ਬੇਕਾਰ ਦਸਦਿਆਂ ਕਿਹਾ ਗਿਆ ਕਿ ਇਹ ਗੱਲਾਂ ਜ਼ਮੀਨ ਪਧਰ ਦੇ ਹਾਲਾਤ ਨਾਲ ਮੇਲ ਨਹੀਂ ਖਾਂਦੀਆਂ ਤੇ ਉਨ੍ਹਾਂ ਦੇ ਇਸ ਦਾਅਵੇ ਵਿਚ ਸਚਾਈ ਜ਼ਰੂਰ ਹੈ ਕਿਉਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਦੀ ਤਰੀਕ ਵਿਚ ਹਿਜਾਬ ਪਾਉਣ ਲਈ ਮੁਸਲਮਾਨ ਬੱਚੀਆਂ ਕਰਨਾਟਕਾ ਵਿਚ ਅਪਣਾ ਹੱਕ ਲੈਣ ਲਈ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਵਿਚ ਬੈਠੀਆਂ ਹਨ। ਜੇ ਜਿੱਤ ਵੀ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਦਾ ਇਕ ਸਾਲ ਬਰਬਾਦ ਹੋ ਚੁੱਕਾ ਹੈ।
ਜੇ ਹਾਰ ਗਈਆਂ ਤਾਂ ਅਪਣੇ ਧਰਮ ਦੀਆਂ ਰੀਤਾਂ ਛੱਡਣਗੀਆਂ ਜਾਂ ਪੜ੍ਹਾਈ। ਨੁਪੁਰ ਸ਼ਰਮਾ ਜਿਸ ਨੇ ਮੁਹੰਮਦ ਸਾਹਿਬ ਵਿਰੁਧ ਗ਼ਲਤ ਸ਼ਬਦਾਵਲੀ ਵਰਤੀ ਸੀ, ਅੱਜ ਵੀ ਆਰਾਮ ਨਾਲ ਘੁੰਮ ਰਹੀ ਹੈ ਤੇ ਕਈ ਅਜਿਹੇ ਲੋਕ ਹਨ ਜੋ ਕਿਸੇ ਸਿਆਸਤਦਾਨ ਬਾਰੇ ਮਾੜੀ ਜਹੀ ਇਤਰਾਜ਼ਯੋਗ ਟਿਪਣੀ ਕਰਨ ਸਦਕਾ ਵੀ ਜੇਲ ਦੀ ਕਾਲ ਕੋਠੜੀ ਵਿਚ ਬੰਦ, ਸੁਣਵਾਈ ਦੀ ਉਡੀਕ ਵਿਚ ਬੈਠੇ ਹਨ।
ਅਪਣੇ ਆਪ ਵਿਚ ਇਹ ਕਦਮ ਚੰਗਾ ਹੈ ਤੇ ਜ਼ਰੂਰੀ ਹੈ ਪਰ ਅਜੇ ਬਹੁਤ ਛੋਟਾ ਹੈ। ਜਿਹੜੀਆਂ ਨਫ਼ਰਤਾਂ ਕੱਟੜ ਸੋਚ ਹਰ ਪਲ ਫੈਲਾ ਰਹੀ ਹੈ, ਉਹ ਇਸ ਮੁਲਾਕਾਤ ਨੂੰ ਉਵੈਸੀ ਦੀਆਂ ਨਜ਼ਰਾਂ ਨਾਲ ਹੀ ਵੇਖੇਗੀ। ਉਵੈਸੀ ਦਾ ਕਹਿਣਾ ਹੈ ਕਿ ਇਹ ਸਿਰਫ਼ ਵਿਖਾਵੇ ਦੇ ਕਦਮ ਹਨ। ਪਰ ਦੂਜੇ ਪਾਸੇ ਮੁਸਲਮਾਨ ਜਾਂ ਇਸਾਈ ਧਰਮਾਂ ਨੂੰ ਵੀ ਕੁੱਝ ਕਦਮ ਚੁਕਣੇ ਪੈਣਗੇ। ਉਨ੍ਹਾਂ ਵਲੋਂ ਭਾਰਤ ਵਿਚ ਅਪਣੀ ਗਿਣਤੀ ਵਧਾਉਣ ਲਈ ਧਰਮ ਪਰਵਰਤਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਹ ਵੀ ਬੰਦ ਕਰਨੀਆਂ ਪੈਣਗੀਆਂ।
ਬਹੁਗਿਣਤੀ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਪਰ ਘੱਟ ਗਿਣਤੀ ਵੀ ਅਪਣੀਆਂ ਗਲਤੀਆਂ ਕਬੂਲੇਗੀ ਤਾਂ ਹੀ ਸਫ਼ਲਤਾ ਮੁਮਕਿਨ ਹੋ ਸਕੇਗੀ। ਸਿੱਖ ਸੋਚ ਬਾਕੀ ਘੱਟ ਗਿਣਤੀਆਂ ਵਾਸਤੇ ਸਬਕ ਹੈ ਜੋ ਇਕ ਨੂੰ ਸਵਾ ਲੱਖ ਬਰਾਬਰ ਸਮਝਦੇ ਹਨ ਕਿਉਂਕਿ ਤਾਕਤ ਗਿਣਤੀ ਵਿਚ ਨਹੀਂ ਹੁੰਦੀ ਬਲਕਿ ਖ਼ਾਲਸ ਸੋਚ ਵਿਚ ਹੁੰਦੀ ਹੈ। ਗਿਣਤੀ ਵਿਚ ਹੀ ਤਾਕਤ ਹੁੰਦੀ ਤਾਂ ਹਿੰਦੁਸਤਾਨ ਵਿਚ ਮੁਗ਼ਲ, ਪਠਾਣ, ਅੰਗਰੇਜ਼, ਪੁਰਤਗੇਜ਼ੀ, ਹੂਣ, ਸਾਰੇ ਹੀ ਥੋੜੀ-ਥੋੜੀ ਗਿਣਤੀ ਵਿਚ ਇਥੇ ਆ ਕੇ ਰਾਜ ਕਿਵੇਂ ਸਥਾਪਤ ਕਰ ਲੈਂਦੇ?
-ਨਿਮਰਤ ਕੌਰ