ਸਿੱਖ ਸੰਗਤ ਨੇ ਸੰਜਮ ਬਣਾਈ ਰੱਖਿਆ ਅਤੇ ਟਕਰਾਅ ਤੋਂ ਬਚਣ ਨੂੰ ਤਰਜੀਹ ਦਿੱਤੀ।
ਆਕਲੈਂਡ (ਨਿਊਜ਼ੀਲੈਂਡ) ਦੇ ਉਪ ਨਗਰ ਮਨੂਰੇਵਾ ਵਿਚ ਤਿੰਨ ਦਿਨ ਪਹਿਲਾਂ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਨੂੰ ਰੋਕਣ ਅਤੇ ਇਸ ਵਿਚ ਸ਼ਾਮਲ ਸਿੱਖਾਂ ਨੂੰ ਭਾਰਤ ਪਰਤਾਏ ਜਾਣ ਦੇ ਨਾਅਰੇ ਲਾਉਣ ਦੀ ਘਟਨਾ ਨਿਖੇਧੀਜਨਕ ਹੈ। ਇਹ ਹਰਕਤ ਇਕ ਕੱਟੜਪੰਥੀ ਇਸਾਈ ਸੰਪਰਦਾ (ਡੈਸਟਿਨੀ ਚਰਚ) ਦੇ ਕਾਰਕੁਨਾਂ ਨੇ ਕੀਤੀ। ਇਸ ਸੰਪਰਦਾ ਦਾ ਨੇਤਾ ਬਿਸ਼ਪ ਬ੍ਰਾਇਨ ਟਾਮਾਕੀ ਹੈ ਜੋ ਨਿਊਜ਼ੀਲੈਂਡ ਦੇ ਮੂਲਵਾਸੀ ਮਾਓਰੀ ਭਾਈਚਾਰੇ ਤੋਂ ਹੈ ਭਾਵੇਂ ਕਿ ਨਸਲੀ ਮਿਸ਼ਰਣ ਕਾਰਨ ਸ਼ਕਲ-ਸੂਰਤ ਤੋਂ ਉਹ ਮਾਓਰੀ ਨਹੀਂ ਜਾਪਦਾ। ਮੀਡੀਆ ਰਿਪੋਰਟਾਂ ਤੇ ਵਾਇਰਲ ਵੀਡੀਓਜ਼ ਦਰਸਾਉਂਦੇ ਹਨ ਕਿ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਬਾਜ਼ਬਤ ਢੰਗ ਨਾਲ ਜਾਰੀ ਸੀ ਕਿ ਅਚਾਨਕ ਡੈਸਟਿਨੀ ਚਰਚ ਦੇ ਕਾਰਕੁਨਾਂ ਨੇ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਗਰ ਕੀਰਤਨ ਦਾ ਰਾਹ ਰੋਕ ਲਿਆ। ਨਾਅਰੇਬਾਜ਼ੀ ਭੜਕਾਊ ਕਿਸਮ ਦੀ ਸੀ।
ਇਸ ਦੇ ਬਾਵਜੂਦ ਸਿੱਖ ਸੰਗਤ ਨੇ ਸੰਜਮ ਬਣਾਈ ਰੱਖਿਆ ਅਤੇ ਟਕਰਾਅ ਤੋਂ ਬਚਣ ਨੂੰ ਤਰਜੀਹ ਦਿੱਤੀ। ਦੋਹਾਂ ਧਿਰਾਂ ਦਰਮਿਆਨ ਧੱਕਾ-ਮੁੱਕੀ ਵਾਲੀ ਨੌਬਤ ਆਉਣ ਤੋਂ ਪਹਿਲਾਂ ਹੀ ਪੁਲੀਸ ਨੇ ਦਖ਼ਲ ਦੇ ਕੇ ਨਗਰ ਕੀਰਤਨ ਦਾ ਪ੍ਰਵਾਹ ਜਾਰੀ ਰੱਖਣਾ ਸੰਭਵ ਬਣਾ ਦਿੱਤਾ। ਅਜਿਹੀ ਭੂਮਿਕਾ ਦੇ ਬਾਵਜੂਦ ਪੁਲੀਸ ਵਲੋਂ ਵਿਖਾਵਾਕਾਰੀਆਂ ਜਾਂ ਉਨ੍ਹਾਂ ਦੇ ਆਗੂ ਬ੍ਰਾਇਨ ਟਾਮਾਕੀ ਖ਼ਿਲਾਫ਼ ਕਾਰਵਾਈ ਨਾ ਕਰਨਾ ਨਾਖ਼ੁਸ਼ਗਵਾਰ ਵਤੀਰਾ ਜਾਪਦਾ ਹੈ; ਖ਼ਾਸ ਕਰ ਕੇ ਇਸ ਤੱਥ ਦੇ ਮੱਦੇਨਜ਼ਰ ਕਿ ਟਾਮਾਕੀ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਨਿਊਜ਼ੀਲੈਂਡ, ਕਾਨੂੰਨ ਦੇ ਰਾਜ ਲਈ ਜਾਣਿਆ ਜਾਂਦਾ ਹੈ। ਇਸ ਮੁਲਕ ਦੀਆਂ ਸਰਕਾਰਾਂ ਸਭ ਧਰਮਾਂ ਤੇ ਸਭ ਨਸਲੀ ਫਿਰਕਿਆਂ ਦਾ ਸਤਿਕਾਰ ਕਰਦੀਆਂ ਆਈਆਂ ਹਨ। ਇਸ ਛੋਟੇ ਜਿਹੇ ਪ੍ਰਸ਼ਾਂਤ ਮਹਾਂਸਾਗਰੀ ਮੁਲਕ ਵਿਚ 53 ਹਜ਼ਾਰ ਦੇ ਕਰੀਬ ਸਿੱਖ ਵਸੇ ਹੋਏ ਹਨ। ਇਹ ਸੰਖਿਆ ਨਿਊਜ਼ੀਲੈਂਡ ਦੀ ਕੁਲ ਵਸੋਂ ਦਾ 1.1 ਫ਼ੀ ਸਦੀ ਬਣਦੀ ਹੈ। ਭਾਵੇਂ ਕੋਈ ਵੀ ਸਿੱਖ ਅਰਬਾਂਪਤੀ ਨਹੀਂ, ਫਿਰ ਵੀ ਇਹ ਭਾਈਚਾਰਾ ਅਪਣੀ ਖ਼ੁਸ਼ਹਾਲੀ ਤੇ ਪ੍ਰਫ਼ੁਲਤਾ ਸਦਕਾ ਨਿਊਜ਼ੀਲੈਂਡ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਪੱਖੋਂ ਜ਼ਿਕਰਯੋਗ ਭੂਮਿਕਾ ਨਿਭਾਉਂਦਾ ਆਇਆ ਹੈ।
ਨਸਲੀ ਸਹਿਣਸ਼ੀਲਤਾ ਤੇ ਧਰਮ-ਨਿਰਪੇਖਤਾ ਲਈ ਜਾਣੇ ਜਾਂਦੇ ਨਿਊਜ਼ੀਲੈਂਡ ਵਿਚ ਧਾਰਮਿਕ ਦੁਰਭਾਵਨਾ ਤੇ ਤਲਖ਼ੀ ਵਾਲੀ ਘਟਨਾ ਵਾਪਰਨੀ, ਅਤੇ ਉਹ ਵੀ ਸਿੱਖ ਭਾਈਚਾਰੇ ਵੱਲ ਸੇਧਿਤ ਹੋਣੀ, ਕੱਟੜਪੰਥੀ ਤਾਕਤਾਂ ਦੇ ਉਭਾਰ ਦੀ ਸੂਚਕ ਹੈ। ਮਾਓਰੀ ਸਮਾਜ ਕੱਟੜਪੰਥੀ ਤੋਂ ਅਮੂਮਨ ਮੁਕਤ ਰਿਹਾ ਹੈ। ਇਸ ਦੇ ਕਬੀਲਿਆਂ ਦੇ ਧਾਰਮਿਕ ਰਸਮੋ-ਰਿਵਾਜ ਕਦੇ ਕੁਦਰਤੀ ਤਾਕਤਾਂ ਦੀ ਪੂਜਾ-ਅਰਚਨਾ ਤਕ ਹੀ ਸੀਮਤ ਸਨ, ਪਰ ਦੋ ਸਦੀਆਂ ਤੋਂ ਇਸਾਈ ਮੱਤ ਦੇ ਪ੍ਰਚਾਰ-ਪਾਸਾਰ ਨੇ ਇਸ ਸਮਾਜ ਅੰਦਰ ਵੀ ਕੁੱਝ ਕੱਟੜਪੰਥੀ ਸੰਸਥਾਵਾਂ ਨੂੰ ਪਨਪਣ-ਉਭਰਨ ਦਾ ਆਧਾਰ ਬਖ਼ਸ਼ ਦਿੱਤਾ। ਇਸ ਆਧਾਰ ਦਾ ਲਾਭ ਬ੍ਰਾਇਨ ਟਾਮਾਕੀ ਵਰਗੇ ਨੇਤਾ ਲੈ ਰਹੇ ਹਨ ਜੋ ਬੁਨਿਆਦੀ ਤੌਰ ’ਤੇ ਰਾਜਸੀ ਤਾਕਤ ਦੇ ਲਾਲਸਾਵਾਨ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਾਮਾਕੀ, ਪਾਰਲੀਮਾਨੀ ਚੋਣਾਂ ਕਈ ਵਾਰ ਲੜ ਚੁੱਕਾ ਹੈ, ਪਰ ਅਜੇ ਤਕ ਕਾਮਯਾਬ ਨਹੀਂ ਹੋਇਆ। ਇਸ ਦੇ ਬਾਵਜੂਦ ਵੱਡੀਆਂ ਰਾਜਸੀ ਧਿਰਾਂ ਅਪਣੇ ਸਿਆਸੀ ਹਿਤਾਂ ਦੀ ਖ਼ਾਤਿਰ ਉਸ ਦੀਆਂ ਚਰਮਪੰਥੀ ਸਰਗਰਮੀਆਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਤੋਂ ਕਤਰਾਉਂਦੀਆਂ ਆਈਆਂ ਹਨ। ਹੁਣ ਵੀ ਚੰਦ ਸੰਸਦ ਮੈਂਬਰਾਂ ਤੇ ਮੁੱਠੀ ਭਰ ਹੋਰ ਰਾਜਨੇਤਾਵਾਂ ਨੇ ਉਸ ਦੀ ਭੜਕਾਊ ਹਰਕਤ ਦੀ ਖੁਲ੍ਹ ਕੇ ਨਿੰਦਾ ਕੀਤੀ ਹੈ, ਬਹੁਤਿਆਂ ਨੇ ਗਿਣਵੇਂ-ਮਿਣਵੇਂ ਸ਼ਬਦਾਂ ਤੋਂ ਅੱਗੇ ਜਾਣ ਦਾ ਯਤਨ ਨਹੀਂ ਕੀਤਾ।
ਭਾਰਤ ਵਿਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਨਗਰ ਕੀਰਤਨ ਵਿਚ ਵਿਘਨ ਪਾਉਣ ਵਰਗੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਪਾਸੋਂ ਵਿਦੇਸ਼ਾਂ ’ਚ ਸਿੱਖਾਂ ਦੇ ਧਾਰਮਿਕ ਹੱਕ ਸੁਰੱਖਿਅਤ ਬਣਾਏ ਜਾਣ ਦੀ ਮੰਗ ਕੀਤੀ ਹੈ। ਇਹ ਮੰਗ ਅਪਣੀ ਥਾਂ ਜਾਇਜ਼ ਹੈ, ਪਰ ਅਸਲੀਅਤ ਇਹ ਵੀ ਹੈ ਕਿ ਭਾਰਤ ਸਰਕਾਰ ਵੀ ਕੂਟਨੀਤਕ ਸੀਮਾਵਾਂ ਕਾਰਨ ਲਫ਼ਜ਼ੀ ਨਿੰਦਾ-ਨੁਕਤਾਚੀਨੀ ਤੋਂ ਅੱਗੇ ਨਹੀਂ ਜਾ ਸਕਦੀ। ਹਾਂ, ਜਿੱਥੇ ਜਿੱਥੇ ਸਿੱਖ ਵਸੇ ਹੋਏ ਹਨ, ਉੱਥੇ ਉਨ੍ਹਾਂ ਦੀ ਸ਼ਨਾਖ਼ਤ, ਇਤਿਹਾਸ ਤੇ ਸਬੰਧਤ ਮੁਲਕ ਵਿਚ ਉਨ੍ਹਾਂ ਦੇ ਸਮਾਜਿਕ-ਆਰਥਿਕ ਯੋਗਦਾਨ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਦੇ ਯਤਨਾਂ ਵਿਚ ਭਾਰਤੀ ਵਿਦੇਸ਼ ਮੰਤਰਾਲਾ ਅਪਣੇ ਸਫ਼ਾਰਤੀ ਮਿਸ਼ਨਾਂ ਰਾਹੀਂ ਸਹਿਯੋਗ ਜ਼ਰੂਰ ਦੇ ਸਕਦਾ ਹੈ। ਅਜਿਹਾ ਸਹਿਯੋਗ ਸੰਭਵ ਬਣਾਉਣ ਵਾਸਤੇ ਵੀ ਪਹਿਲ, ਮੁਕਾਮੀ ਪ੍ਰਤੀਨਿਧਾਂ ਵਲੋਂ ਹੋਣੀ ਚਾਹੀਦੀ ਹੈ।
ਨਿਊਜ਼ੀਲੈਂਡ ਸਥਿਤ 25 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਾਂਝੀ ਤਾਲਮੇਲ ਕਮੇਟੀ ਬਣਾ ਕੇ ਉਸ ਮੁਲਕ ਦੀ ਸਰਕਾਰ ਪਾਸੋਂ ਸਿੱਖਾਂ ਦੇ ਧਾਰਮਿਕ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ। ਇਹ ਸੁਚੱਜਾ ਉਪਰਾਲਾ ਹੈ। ਅਜਿਹਾ ਤਾਲਮੇਲ ਚਿਰ-ਸਥਾਈ ਬਣਾਇਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰਾਲਾ ਇਸ ਕਾਰਜ ਵਿਚ ਸੇਧਗਾਰ ਦੀ ਭੂਮਿਕਾ ਅਵੱਸ਼ ਨਿਭਾ ਸਕਦਾ ਹੈ, ਪਰ ਉਹ ਵੀ ਸਿੱਧੇ-ਅਸਿੱਧੇ ਪ੍ਰਚਾਰ ਤੋਂ ਪਰਹੇਜ਼ ਕਰ ਕੇ।
