ਹਿੰਦੁਸਤਾਨ ਵਿਚ ਮੁਸਲਮਾਨਾਂ ਤੇ ਪਾਕਿਸਤਾਨ ਵਿਚ ਹਿੰਦੂਆਂ ਨਾਲ ਧੱਕਾ ਚਰਮ ਸੀਮਾ ਤੇ ਪਰ ਦੋਵੇਂ ਚਾਹੁੰਦੇ ਹਨ, ਕੇਵਲ ਦੂਜਾ ਹੀ ਬਦਲੇ
ਗੁਰੂਗ੍ਰਾਮ ਵਿਚ ਇਕ ਮੁਸਲਮਾਨ ਪ੍ਰਵਾਰ ਨਾਲ ਹਿੰਸਾ ਭਾਵੇਂ ਗੁੰਡਿਆਂ ਨੇ ਕੀਤੀ ਹੈ ਪਰ ਉਨ੍ਹਾਂ ਦੇ ਲਫ਼ਜ਼ਾਂ ਅਤੇ ਡਾਂਸ ਪਿੱਛੇ ਦੇਸ਼ ਵਿਚ ਚਲ ਰਹੀ ਇਕ ਲਹਿਰ ਦਾ ਅਸਰ ਕੰਮ ਕਰਦਾ ਨਜ਼ਰ ਆ ਰਿਹਾ ਸੀ। ਜਿਸ ਬੇਰਹਿਮੀ ਨਾਲ ਇਕ ਮੁਸਲਮਾਨ ਔਰਤ ਅਤੇ ਮਰਦ ਨੂੰ ਮਾਰ ਮਾਰ ਕੇ ਅੱਧਮੋਇਆ ਕਰ ਦਿਤਾ ਗਿਆ, ਇਹ ਕੋਈ ਕ੍ਰਿਕਟ ਦੀ ਖੇਡ ਦੀ ਲੜਾਈ ਨਹੀਂ ਸੀ। 'ਮੁੱਲੇ ਪਾਕਿਸਤਾਨ ਚਲੇ ਜਾਉ' ਚੀਕਣ ਵਾਲੇ ਗੁੰਡੇ ਨਾਰਾਜ਼ ਸਨ ਕਿ ਇਹ ਪ੍ਰਵਾਰ ਹੋਲੀ ਕਿਉਂ ਨਹੀਂ ਸੀ ਖੇਡ ਰਿਹਾ। ਉਨ੍ਹਾਂ ਨੂੰ ਏਨਾ ਗੁੱਸਾ ਆਇਆ ਕਿ ਉਹ ਨਫ਼ਰਤ ਵਿਚ ਅਪਣੀ ਇਨਸਾਨੀਅਤ ਨੂੰ ਵੀ ਭੁੱਲ ਬੈਠੇ। ਛੇ ਬੱਚਿਆਂ ਦੇ ਮਨਾਂ ਵਿਚ ਧਰਮ ਅਧਾਰਤ ਦਹਿਸ਼ਤ ਛੱਡ ਗਏ।
ਅੱਜ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਅੱਜ ਦੇ ਪਿੱਛੇ ਦੀ ਇਤਿਹਾਸਕ ਪੀੜ ਸਮਝਣੀ ਜ਼ਰੂਰੀ ਹੈ ਜਿਸ ਦੇ ਸਿਰ ਉਤੇ ਅੱਜ ਹਿੰਦੂਤਵੀ ਲੋਕ ਮੁਸਲਮਾਨਾਂ ਵਾਸਤੇ ਏਨੀ ਨਫ਼ਰਤ ਪਾਲ ਰਹੇ ਹਨ। ਭਾਰਤ 'ਚ ਦੁਨੀਆਂ ਦਾ ਸੱਭ ਤੋਂ ਵੱਡਾ ਬੁੱਤ ਗੁਜਰਾਤ 'ਚ ਸਥਾਪਤ ਕੀਤਾ ਗਿਆ ਹੈ। ਇਹ ਸਰਦਾਰ ਪਟੇਲ ਦਾ ਬੁੱਤ ਹੈ ਜਿਨ੍ਹਾਂ ਨੂੰ ਇਤਿਹਾਸ 'ਚ ਮੁਸਲਮਾਨਾਂ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਿੰਦੂਆਂ ਅਤੇ ਸਿੱਖਾਂ ਨਾਲ ਵੰਡ ਸਮੇਂ ਕੀਤੀ ਗਈ ਹਿੰਸਾ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਮੰਨਦੇ ਸਨ।
ਸ਼ਾਇਦ ਇਸੇ ਕਰ ਕੇ ਉਨ੍ਹਾਂ ਦੇ ਇਸ ਬੁੱਤ ਨੂੰ ਭਾਜਪਾ ਵਲੋਂ ਏਕਤਾ ਦਾ ਬੁੱਤ ਆਖਿਆ ਗਿਆ। ਇਹੋ ਬੁੱਤ ਅੱਜ 'ਹਿੰਦੂਤਵ' ਦੀ ਸੋਚ ਦਾ ਪ੍ਰਤੀਕ ਬਣਾ ਦਿਤਾ ਗਿਆ ਹੈ ਜਿਸ ਨੂੰ ਆਰ.ਐਸ.ਐਸ. ਅਤੇ ਭਾਜਪਾ ਵਾਲੇ ਮਾਨਤਾ ਦੇਂਦੇ ਹਨ। ਪਰ ਜੇ ਇਤਿਹਾਸਕਾਰਾਂ ਦੀ ਖੋਜ ਪੜ੍ਹੀਏ ਤਾਂ ਇਕ ਗੱਲ ਸਾਫ਼ ਹੈ ਕਿ ਭਾਵੇਂ ਉਹ ਮੁਸਲਮਾਨਾਂ ਨੂੰ ਦੇਸ਼ ਵੰਡ ਸਮੇਂ ਦੀ ਹਿੰਸਾ ਵਾਸਤੇ ਜ਼ਿੰਮੇਵਾਰ ਮੰਨਦੇ ਸਨ, ਉਨ੍ਹਾਂ ਕਦੇ ਕਿਸੇ ਮੁਸਲਮਾਨ ਨਾਲ ਜ਼ਿਆਦਤੀ ਨਹੀਂ ਸੀ ਕੀਤੀ। ਜੋ ਲੋਕ ਭਾਰਤ ਛੱਡ ਕੇ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਰੋਕਿਆ ਨਹੀਂ ਸਗੋਂ ਜਾਣ ਵਿਚ ਮਦਦ ਕੀਤੀ। ਪਰ ਜੋ ਲੋਕ ਭਾਰਤ ਵਿਚ ਰਹਿਣਾ ਚਾਹੁੰਦੇ ਸਨ, ਉਨ੍ਹਾਂ ਨਾਲ ਵਿਤਕਰਾ ਨਾ ਕੀਤਾ।
ਪਰ ਅੱਜ ਭਾਜਪਾ ਨੇ ਮੁਗ਼ਲਾਂ ਪ੍ਰਤੀ ਨਫ਼ਰਤ ਨੂੰ ਵਰਤ ਕੇ ਭਾਰਤੀ ਮੁਸਲਮਾਨਾਂ ਨਾਲ ਨਫ਼ਰਤ ਕਰਨ ਦਾ ਇਕ ਬਹਾਨਾ ਬਣਾ ਲਿਆ ਹੈ। ਪਰ ਜਿਸ ਸਰਦਾਰ ਪਟੇਲ ਦੀ ਅੱਜ ਇਹ ਜੈਜੈਕਾਰ ਕਰ ਰਹੇ ਹਨ, ਉਸ ਦੀ ਸੋਚ ਨੂੰ ਤਾਂ ਇਹ ਆਪ ਨਹੀਂ ਮੰਨਦੇ। ਇਹ ਇਕ ਅੰਕੜਿਆਂ ਉਤੇ ਅਧਾਰਤ ਸੱਚਾਈ ਹੈ ਕਿ 2014 ਤੋਂ 98% ਹਿੰਸਾ ਗਊ ਰਕਸ਼ਾ ਦੇ ਨਾਂ ਤੇ ਹੋਈ ਜਿਸ ਵਿਚ 78% ਮੁਸਲਮਾਨ ਜ਼ੁਲਮ ਦਾ ਸ਼ਿਕਾਰ ਹੋਏ। 98% ਵਾਰਦਾਤਾਂ, 2014 ਤੋਂ ਬਾਅਦ ਭਾਜਪਾ ਹੇਠਲੇ 14 ਸੂਬਿਆਂ ਵਿਚ ਹੋਈਆਂ ਸਨ।
ਹੋਲੀ ਦੀ ਮਾਰਕੁਟ ਗੁਰੂਗ੍ਰਾਮ 'ਚ ਹੋਈ ਸੀ। ਕਠੂਆ 'ਚ 8 ਸਾਲ ਦੀ ਬੱਚੀ ਨੂੰ ਮੰਦਰ 'ਚ ਕਈ ਦਿਨਾਂ ਤਕ ਬਲਾਤਕਾਰ ਸਹਿਣਾ ਪਿਆ ਜਿਸ ਤੋਂ ਬਾਅਦ ਉਸ ਨੂੰ ਮਾਰ ਦਿਤਾ ਗਿਆ। ਇਹ ਮੁਸਲਮਾਨ ਕੌਮ ਨੂੰ ਸਬਕ ਸਿਖਾਉਣ ਦਾ ਤਰੀਕਾ ਸੀ। ਇਹ ਕਿਹੜੀ ਸੋਚ ਹੈ ਜੋ ਇਕ ਮੰਦਰ ਨੂੰ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਸਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਂਦੀ ਹੈ? ਜੁਨੈਦ ਖ਼ਾਨ ਇਕ 16 ਸਾਲ ਦਾ ਮੁੰਡਾ, ਉਸ ਨੂੰ ਵੀ ਰੇਲ ਗੱਡੀ 'ਚ ਬੈਠਣ ਲਈ ਕੁਟ ਕੁਟ ਕੇ ਮਾਰ ਦਿਤਾ ਗਿਆ ਸੀ।
ਅੱਜ ਕਿੰਨੀਆਂ ਹੀ ਉਦਾਹਰਣਾਂ ਸਾਹਮਣੇ ਆ ਚੁਕੀਆਂ ਹਨ ਜੋ ਵਾਰ ਵਾਰ ਇਨਸਾਨੀਅਤ ਨੂੰ ਸ਼ਰਮਸਾਰ ਬਣਾਉਂਦੀਆਂ ਹਨ। ਭਾਜਪਾ ਦੇ ਆਗੂ ਕਈ ਵਾਰ ਭਾਰਤ ਵਿਚ ਵਧਦੇ ਅਤਿਵਾਦ ਅਤੇ ਹਿੰਸਾ ਵਾਸਤੇ ਮੁਸਲਮਾਨ ਕੌਮ ਦੀ ਵਧਦੀ ਆਬਾਦੀ ਨੂੰ ਕਾਰਨ ਮੰਨਦੇ ਹਨ। ਜਦਕਿ ਅਸਲੀਅਤ ਇਹ ਹੈ ਕਿ ਸਿਰਫ਼ ਹਿੰਦੂ ਆਬਾਦੀ ਹੀ ਵਾਧੇ ਤੇ ਹੈ। ਅੱਜ ਮੰਚਾਂ ਤੋਂ ਕਾਗਰਸ ਦੇ ਮੁਸਲਮਾਨ ਆਗੂਆਂ ਨੂੰ ਪਾਕਿਸਤਾਨ ਦੇ ਮਸੂਦ ਅਜ਼ਹਰ ਨਾਲ ਮੇਲਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਮੰਚ ਉਤੇ ਆ ਕੇ ਆਖਦੇ ਹਨ ਕਿ ਕਾਂਗਰਸ ਦੇ ਉਮੀਦਵਾਰ ਮੰਜ਼ੂਰ ਆਲਮ ਨੂੰ ਇਕ ਦਿਨ ਉਸਾਮਾ ਬਿਨ ਲਾਦੇਨ ਵਾਂਗ ਖ਼ਤਮ ਕਰ ਦਿਤਾ ਜਾਵੇਗਾ।
ਇਨ੍ਹਾਂ ਆਗੂਆਂ ਦੀ ਨਫ਼ਰਤ ਭਰੀ ਸੋਚ ਅੱਜ ਇਕ ਕੱਟੜ ਗੁੰਡਾਗਰਦੀ ਦਾ ਰੂਪ ਧਾਰ ਚੁੱਕੀ ਹੈ ਜਿਸ ਦਾ ਜਵਾਬ ਸਰਹੱਦ ਦੇ ਪਾਰ ਮੁਸਲਮਾਨ ਦੇਸ਼ਾਂ ਵਿਚ ਹਿੰਦੂਆਂ ਨੂੰ ਦੇਣਾ ਪਵੇਗਾ। ਪਾਕਿਸਤਾਨ 'ਚ ਹੋਲੀ ਮੌਕੇ ਦੋ ਹਿੰਦੂ ਕੁੜੀਆਂ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕੀਤਾ ਗਿਆ। ਹੁਣ ਕਿਹੜੇ ਮੂੰਹ ਨਾਲ ਭਾਰਤ ਉਨ੍ਹਾਂ ਦੀ ਆਵਾਜ਼ ਬਣੇਗਾ ਅਤੇ ਕੌਣ ਉਨ੍ਹਾਂ ਦੀ ਸੁਣੇਗਾ ਜਦ ਭਾਰਤ ਦਾ ਦਾਮਨ ਮੁਸਲਮਾਨਾਂ ਦੇ ਖ਼ੂਨ ਨਾਲ ਰੰਗਿਆ ਜਾ ਰਿਹਾ ਹੈ?
ਅਜੇ ਵੋਟਾਂ ਪੈਣ ਵਿਚ 2 ਮਹੀਨੇ ਬਾਕੀ ਹਨ ਅਤੇ ਇਸ ਵਿਚ ਜੇ ਮੰਚਾਂ ਤੋਂ ਵਰਤੀ ਜਾਂਦੀ ਸ਼ਬਦਾਵਲੀ ਉਤੇ ਕਾਬੂ ਨਾ ਰਖਿਆ ਗਿਆ ਤਾਂ ਉਸ ਦਾ ਅਸਰ ਭਾਰਤ ਦੀਆਂ ਸੜਕਾਂ ਉਤੇ ਨਜ਼ਰ ਆਵੇਗਾ। ਮਾਹਰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਭਾਰਤ ਵਿਚ ਚੋਣਾਂ ਦੌਰਾਨ ਧਾਰਮਕ ਹਿੰਸਾ ਦੀ ਸੰਭਾਵਨਾ ਹੈ ਅਤੇ ਗੁਰੂਗ੍ਰਾਮ ਦਾ ਇਹ ਹਾਦਸਾ ਉਨ੍ਹਾਂ ਦੀ ਚੇਤਾਵਨੀ ਨੂੰ ਸਿੱਧ ਕਰਦਾ ਹੈ।
ਪਰ ਕੀ ਸਿਆਸਤਦਾਨ ਅਪਣੀ ਕੁਰਸੀ ਤੋਂ ਸਿਵਾ ਕਿਸੇ ਆਮ ਇਨਸਾਨ ਦੀ ਪ੍ਰਵਾਹ ਕਰਦਾ ਹੈ? ਸਿਰਫ਼ ਮੁਸਲਮਾਨ ਹੀ ਪੀੜਤ ਨਹੀਂ ਹਨ, ਨਫ਼ਰਤ ਨਾਲ ਡੋਲਦੇ ਮੁੰਡੇ ਵੀ ਅਪਣੀ ਇਨਸਾਨੀਅਤ ਗੁਆ ਕੇ ਜੇਲਾਂ ਵਿਚ ਹੀ ਸੜਨਗੇ। ਕੀ ਭਾਰਤ ਚੋਣਾਂ ਵਾਸਤੇ ਏਨੀ ਵੱਡੀ ਕੀਮਤ ਦੇਣ ਲਈ ਤਿਆਰ ਹੈ? - ਨਿਮਰਤ ਕੌਰ