2022 ਦਾ ਪੰਜਾਬ ਅੱਜ ਵਾਲਾ ਪੰਜਾਬ ਨਹੀਂ ਹੋਵੇਗਾ
Published : May 28, 2019, 1:14 am IST
Updated : May 28, 2019, 1:14 am IST
SHARE ARTICLE
Pic
Pic

ਖ਼ਾਸ ਕਰ ਕੇ ਜੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਚੋਣ ਪਿੜ ਦੇ ਆਗੂ ਨਾ ਹੋਏ

2019 ਦੇ ਚੋਣ ਨਤੀਜਿਆਂ ਵਿਚੋਂ ਹੁਣ 2022 ਦੇ ਪੰਜਾਬੀ ਮੁਖੜੇ ਦੀ ਤਲਾਸ਼ ਸ਼ੁਰੂ ਹੋ ਚੁਕੀ ਹੈ। ਇਕ ਗੱਲ ਤਾਂ ਸਾਫ਼ ਹੈ, ਭਾਰਤ ਹੋਵੇ ਜਾਂ ਪੰਜਾਬ, ਲੋਕ ਇਕ ਤਾਕਤਵਰ ਆਗੂ ਮੰਗਦੇ ਹਨ। ਅੱਜ ਦੇ ਦਿਨ ਜੇ ਪੰਜਾਬ ਵਲ ਵੇਖੀਏ ਤਾਂ ਦੋ ਹੀ ਅਜਿਹੇ ਆਗੂ ਪ੍ਰਗਟ ਹੋਏ ਹਨ ਜੋ ਅਪਣੀ ਅਪਣੀ ਪਾਰਟੀ ਦੀ ਝੋਲੀ ਜਿੱਤ ਦੇ ਸ਼ਕਰਪਾਰਿਆਂ ਨਾਲ ਭਰ ਸਕੇ ਹਨ। ਇਕ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕੈਪਟਨ ਅਮਰਿੰਦਰ ਸਿੰਘ ਉਤੇ ਪੰਜਾਬ ਵਿਸ਼ਵਾਸ ਕਰਦਾ ਹੈ ਤੇ ਇਸ ਦਾ ਸਬੂਤ 8 ਸੀਟਾਂ ਉਤੇ ਹੋਈ ਉਨ੍ਹਾਂ ਦੀ ਜਿੱਤ ਹੈ।

Sunny Deol - Narendra ModiSunny Deol - Narendra Modi

ਪਰ ਜਿਹੜੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਜਿੱਤ ਹੈ, ਉਹ ਨਰਿੰਦਰ ਮੋਦੀ ਦੇ ਖਾਤੇ ਵਿਚ ਜਾਂਦੀ ਹੈ। ਸੰਨੀ ਦਿਉਲ ਦੀ ਫ਼ਿਲਮੀ ਪ੍ਰਸਿੱਧੀ ਦਾ ਅਸਰ ਜ਼ਰੂਰ ਹੋਇਆ ਹੈ ਪਰ ਜਿਸ ਤਰ੍ਹਾਂ ਹੁਸ਼ਿਆਰਪੁਰ ਵਿਚ ਬਿਨਾਂ ਕੋਈ ਖ਼ਾਸ ਪ੍ਰਚਾਰ ਕੀਤੇ, ਸੋਮ ਪ੍ਰਕਾਸ਼ ਜਿੱਤੇ ਹਨ ਅਤੇ ਜਿਸ ਤਰ੍ਹਾਂ ਚੰਡੀਗੜ੍ਹ ਵਿਚ ਕਿਰਨ ਖੇਰ ਅਪਣੀ ਪੰਜ ਸਾਲਾਂ ਦੀ ਕਮਜ਼ੋਰ ਕਾਰਗੁਜ਼ਾਰੀ ਦੇ ਬਾਵਜੂਦ ਜਿੱਤੇ, ਸਾਫ਼ ਹੈ ਕਿ ਇਨ੍ਹਾਂ ਭਾਜਪਾ ਸੀਟਾਂ ਉਤੇ ਨਰਿੰਦਰ ਮੋਦੀ ਦਾ ਜਾਦੂ ਬੋਲ ਰਿਹਾ ਸੀ। ਨਰਿੰਦਰ ਮੋਦੀ ਨੇ ਵਾਰ ਵਾਰ ਆਖਿਆ, ''ਤੁਹਾਡੀ ਵੋਟ ਮੈਨੂੰ ਜਾਵੇਗੀ।'' ਅਤੇ ਇਹੀ ਗੱਲ ਲੋਕਾਂ ਦੇ ਮਨਾਂ ਵਿਚ ਬੈਠ ਗਈ। ਹਿੰਦੂ ਵੋਟਰ ਅਤੇ ਵਪਾਰੀ, ਦੇਸ਼ ਭਰ ਵਿਚ ਮੋਦੀ ਦੇ ਅੰਗ ਸੰਗ ਰਹੇ ਹਨ ਅਤੇ ਪੰਜਾਬ ਵਿਚ ਵੀ ਇਹੀ ਕੁੱਝ ਵੇਖਿਆ ਗਿਆ।

Sukhbir BadalSukhbir Badal

ਅਕਾਲੀ ਦਲ ਦੀ ਜਿੱਤ ਸਿਰਫ਼ ਦੋ ਸੀਟਾਂ ਤਕ ਸੀਮਤ ਰਹੀ ਪਰ ਉਨ੍ਹਾਂ ਨੂੰ ਜੋ 24 ਵਿਧਾਨ ਸਭਾ ਸੀਟਾਂ ਉਤੇ ਬਾਕੀਆਂ ਨਾਲੋਂ ਵਾਧੂ ਵੋਟਾਂ ਮਿਲੀਆਂ, ਉਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਅੱਜ ਦੇ ਦਿਨ ਵਿਧਾਨ ਸਭਾ ਦੀਆਂ ਅਪਣੀਆਂ ਸੀਟਾਂ ਨੂੰ 14 ਤੋਂ 24 ਆਰਾਮ ਨਾਲ ਕਰ ਸਕਦੇ ਹਨ। ਪਰ ਇਥੇ ਆ ਕੇ ਹਿਸਾਬ ਦੇ ਅਰਬੇ ਖਰਬਿਆਂ ਵਿਚ ਇਕ ਘੁੰਡੀ ਅੜ ਜਾਂਦੀ ਹੈ ਕਿ 2017 ਵਿਚ ਜਿੱਤੀਆਂ ਪੰਜ ਸੀਟਾਂ ਤੇ ਅਕਾਲੀ ਦਲ ਪਛੜ ਵੀ ਗਿਆ। ਅਨੰਦਪੁਰ ਸਾਹਿਬ, ਸਰਦੂਲਗੜ੍ਹ, ਸਨੌਰ ਵਰਗੇ ਹਲਕੇ ਜੋ ਅਕਾਲੀ ਦਲ ਦੇ ਗੜ੍ਹ ਹੁੰਦੇ ਸਨ, ਉਥੇ ਅਕਾਲੀ ਦਲ ਕਮਜ਼ੋਰ ਕਿਉਂ ਪੈ ਗਿਆ?

Harsimrat BadalHarsimrat Badal

ਤਾਂ ਫਿਰ ਜਿਥੇ ਅਕਾਲੀ ਦਲ ਦੀ ਸਥਿਤੀ ਸੁਧਰੀ ਹੈ, ਉਸ ਨੂੰ ਅਕਾਲ ਦਲ ਦੀ ਤਾਕਤ ਵਿਚ ਵਾਧਾ ਮੰਨਿਆ ਜਾਏ ਜਾਂ ਕੀ ਇਸ ਨਾਲ ਬਰਗਾੜੀ ਮਸਲੇ ਦੀ ਮਾਰ ਤੋਂ ਅਕਾਲੀ ਦਲ ਮੁਕਤ ਹੁੰਦਾ ਨਜ਼ਰ ਆਉਂਦਾ ਹੈ? ਜੇ ਇਹ ਸੱਚ ਹੁੰਦਾ ਤਾਂ ਫਿਰ ਖਡੂਰ ਸਾਹਿਬ ਵਿਚ ਕਾਂਗਰਸ ਨਾ ਜਿੱਤਦੀ ਅਤੇ ਨਾ ਹੀ ਫ਼ਰੀਦਕੋਟ ਵਿਚ। ਅਸਲ ਵਿਚ ਇਹ ਜੋ 24 ਸੀਟਾਂ ਤੇ ਅਕਾਲੀ ਦਲ ਦੀ ਮਜ਼ਬੂਤੀ ਨਜ਼ਰ ਆਈ ਹੈ, ਇਹ ਨਰਿੰਦਰ ਮੋਦੀ ਨੂੰ ਮਿਲੀ ਪੰਜਾਬੀ ਹਿੰਦੂ ਦੀ ਵੋਟ ਹੈ ਜੋ ਭਾਈਵਾਲ ਅਕਾਲੀ ਦਲ ਦੇ ਖਾਤੇ ਵਿਚ ਪੈ ਗਈ। ਬਠਿੰਡਾ ਵਿਚ ਵੀ ਜੇ ਸ਼ਹਿਰੀ ਵੋਟਰ, ਨਰਿੰਦਰ ਮੋਦੀ ਦੀ ਮਦਦ ਕਰਨ ਲਈ ਅੱਗੇ ਨਾ ਆਉਂਦਾ ਤਾਂ 21,800 ਵੋਟਾਂ ਨਾਲ ਮਿਲੀ ਜਿੱਤ ਨਸੀਬ ਨਾ ਹੁੰਦੀ।

Narendra Modi - Parkash Singh BadalNarendra Modi - Parkash Singh Badal

ਇਸ ਜਿੱਤ ਵਿਚ ਡੇਰਾ ਪ੍ਰੇਮੀਆਂ ਦਾ ਸਮਰਥਨ ਵੀ ਸ਼ਾਮਲ ਹੈ ਜਿਨ੍ਹਾਂ ਨੇ ਹਰਿਆਣਾ ਵਿਚ ਤਾਂ ਖੁਲ੍ਹ ਕੇ ਭਾਜਪਾ ਨੂੰ ਸਮਰਥਨ ਦਿਤਾ ਪਰ ਪੰਜਾਬ ਵਿਚ ਵੀ ਉਸ ਦਾ ਅਸਰ ਜ਼ਰੂਰ ਹੋਇਆ। ਬਸ ਇਥੇ ਉਸ ਬਾਰੇ ਸ਼ੋਰ ਨਹੀਂ ਸੀ ਮਚਾਇਆ ਗਿਆ। ਪਰ 2022 ਵਿਚ ਨਰਿੰਦਰ ਮੋਦੀ ਅਕਾਲੀ ਉਮੀਦਵਾਰਾਂ ਦੀ ਮਦਦ ਨਹੀਂ ਕਰ ਸਕਣਗੇ ਜੇ ਅਕਾਲੀ ਦਲ ਆਪ ਇਨ੍ਹਾਂ ਤਿੰਨ ਸਾਲਾਂ ਵਿਚ ਪੰਜਾਬ ਦੀ ਆਵਾਜ਼ ਨਾ ਬਣ ਸਕਿਆ। ਪੰਜਾਬ ਦੇ ਕੁੱਝ ਮੁੱਦੇ ਹਨ ਜੋ ਕੇਂਦਰ ਦੀ ਸੋਚ ਦੇ ਉਲਟ ਜਾਂਦੇ ਹਨ ਅਤੇ ਪੰਜਾਬ ਦਾ ਕੋਈ ਵੀ ਸੱਚਾ ਪ੍ਰੇਮੀ, ਅਖ਼ਬਾਰੀ ਬਿਆਨਾਂ ਵਾਲੀ ਫੋਕੀ ਆਵਾਜ਼ ਨਹੀਂ ਬਲਕਿ ਠੋਸ ਕਾਰਵਾਈ ਮੰਗੇਗਾ ਜਿਸ ਵਿਚ ਬਗ਼ਾਵਤ ਵੀ ਕਰਨੀ ਪੈ ਸਕਦੀ ਹੈ।

Punjab Politics Punjab Politics

ਕਾਂਗਰਸ ਦੇ 8 ਐਮ.ਪੀ. ਅਤੇ ਭਗਵੰਤ ਮਾਨ ਸਿਰਫ਼ ਸ਼ੋਰ ਮਚਾ ਸਕਦੇ ਹਨ ਪਰ ਪੰਜਾਬ ਦੀਆਂ ਮੰਗਾਂ ਮਨਵਾਉਣ ਜਾਂ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਜੇ ਬਾਦਲ ਅਕਾਲੀ ਦਲ ਦੇ ਦੋ ਐਮ.ਪੀ. ਅਪਣੇ ਮੋਢਿਆਂ ਤੇ ਲੈਣਗੇ ਤਾਂ ਹੀ ਪਾਰਟੀ ਪੰਜਾਬ ਵਿਚ ਮੂੰਹ ਵਿਖਾ ਸਕੇਗੀ, ਨਿਰਾ ਕੇਂਦਰੀ ਵਜ਼ਾਰਤ ਵਿਚ ਬੈਠਣ ਨਾਲ ਕੁੱਝ ਨਹੀਂ ਹੋਣਾ। ਪੰਜਾਬ ਦੀ ਰਾਜਧਾਨੀ ਦਾ ਮੁੱਦਾ ਹੁਣ ਮੰਚਾਂ ਤੋਂ ਨਹੀ, ਸੰਸਦ ਵਿਚ ਚੁੱਕਣ ਦਾ ਮੌਕਾ ਹੈ। ਐਸ.ਵਾਈ.ਐਲ. ਨਹਿਰ 2017 ਦੀਆਂ ਚੋਣਾਂ ਤੋਂ ਪਹਿਲਾਂ ਰਸਮੀ ਤੌਰ ਤੇ ਬੰਦ ਕੀਤੀ ਗਈ ਸੀ, ਪਰ ਕੀ ਹੁਣ ਅਕਾਲੀ ਐਮ.ਪੀ., ਕੇਂਦਰ ਵਿਚ ਅਪਣੇ ਪਹਿਲਾਂ ਵਾਲੇ ਸਟੈਂਡ ਤੇ ਡੱਟ ਕੇ ਬੋਲ ਸਕਣਗੇ?

Harsimrat Kaur Badal and Sukhbir Singh BadalHarsimrat Kaur Badal and Sukhbir Singh Badal

ਜੋ ਨਦੀਆਂ ਨੂੰ ਜੋੜਨ ਦੀ ਯੋਜਨਾ ਹੈ ਤੇ ਜਿਸ ਬਾਰੇ ਹੁਣ ਮੰਤਰਾਲੇ ਬਣਨ ਜਾ ਰਿਹਾ ਹੈ, ਉਸ ਵਿਚ ਪੰਜਾਬ ਦੀਆਂ ਨਹਿਰਾਂ ਵਿਚ ਗਲੇਸ਼ੀਅਰਾਂ ਤੋਂ ਆਉਂਦੇ ਪਾਣੀ ਦੀ ਰਾਖੀ ਕਰਨ ਲਈ ਗਰਜ ਸਕਣਗੇ ਦੋਵੇਂ ਅਕਾਲੀ ਐਮ.ਪੀ. (ਪਤੀ-ਪਤਨੀ)? ਕੀ ਪੰਜਾਬ ਦੀਆਂ ਸਰਹੱਦਾਂ ਵਾਸਤੇ ਵਾਧੂ ਪੈਸੇ ਦੀ ਮੰਗ ਕਰਨਗੇ ਦੋਵੇਂ ਅਕਾਲੀ ਐਮ.ਪੀ. ਤਾਕਿ ਪੰਜਾਬ ਦੀ ਸਰਹੱਦ ਤੋਂ ਨਸ਼ਾ ਤਸਕਰੀ ਕਾਬੂ ਹੋ ਸਕੇ? ਕੀ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਅਕਾਲੀ ਐਮ.ਪੀ. ਅਪਣੇ ਭਾਈਵਾਲ ਕੋਲੋਂ ਪੰਜਾਬ ਵਾਸਤੇ ਉਦਯੋਗਾਂ ਲਈ ਵਿਸ਼ੇਸ਼ ਰਿਆਇਤਾਂ ਲੈ ਕੇ ਵਿਖਾ ਸਕਣਗੇ?

Navjot Singh Sidhu - Bhagwant MannNavjot Singh Sidhu - Bhagwant Mann

ਲੀਡਰਾਂ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਵਾਸੀਆਂ ਦੀ ਜ਼ੋਰਦਾਰ ਤੇ ਤਿੱਖੀ ਪਰਖ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਸੁਖਪਾਲ ਖਹਿਰਾ ਅਤੇ ਬੈਂਸ ਭਰਾ ਭਾਵੇਂ ਅਪਣੀ ਲੋਕ-ਪ੍ਰਿਯਤਾ ਨੂੰ ਲੋਕ ਸਭਾ ਚੋਣਾਂ ਵਿਚ ਜਿੱਤ ਦੇ ਕਰੀਬ ਨਹੀਂ ਲਿਜਾ ਸਕੇ ਪਰ ਇਨ੍ਹਾਂ ਦੀ ਪੰਜਾਬ ਪ੍ਰਤੀ ਲਗਨ ਸੱਚੀ ਹੈ। 2022 ਵਿਚ ਭਗਵੰਤ ਮਾਨ ਅਪਣੇ ਕਦਮ ਪੰਜਾਬ ਦੀ ਸਿਆਸਤ ਵਿਚ ਜ਼ਰੂਰ ਰੱਖਣਗੇ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਵਿਚ ਟਿਕਣਾ ਇਕ ਗੁੰਝਲਦਾਰ ਮਸਲਾ ਬਣ ਗਿਆ ਹੈ ਤੇ ਨਹੀਂ ਪਤਾ ਕਿ ਉਹ ਤੀਜੀ ਪਾਰਟੀ ਵਿਚ ਜਾਣਗੇ ਜਾਂ ਸਿਆਸਤ ਛੱਡਣਗੇ। ਇਹ ਗੱਲ ਤਾਂ ਸਮਾਂ ਹੀ ਦਸ ਸਕੇਗਾ।

Capt Amarinder Singh - Prakash Singh BadalCapt Amarinder Singh - Prakash Singh Badal

ਪਰ ਇਕ ਗੱਲ ਸਾਫ਼ ਹੈ ਕਿ ਪੰਜਾਬ ਦੇ ਵੋਟਰ ਦੇਸ਼ ਦੀ ਸਿਆਸੀ ਹਵਾ ਦੇ ਤੇਜ਼ ਝੌਂਕਿਆਂ ਤੋਂ ਬੇਪ੍ਰਵਾਹ ਹੋ ਕੇ ਵਖਰੀ ਡਗਰ ਤੇ ਚਲਣ ਵਾਸਤੇ ਵੀ ਤਿਆਰ ਰਹਿਣਾ ਜਾਣਦੇ ਹਨ। ਅਕਾਲੀ ਦਲ ਨੂੰ ਅਪਣੀ ਜਿੱਤ ਦੀ ਅਸਲੀਅਤ ਸਮਝਦੇ ਹੋਏ ਬਾਦਲ ਪਰਵਾਰ ਦੇ ਨਿਜੀ ਹਿਤਾਂ ਤੋਂ ਉਪਰ ਉਠ ਕੇ ਪੰਜਾਬ ਦੇ ਹਿਤਾਂ ਦੀ ਸੋਚ ਅਪਨਾਉਣੀ ਪਵੇਗੀ। 2022 ਦੇ ਨਤੀਜੇ 2019 ਤੋਂ ਬਹੁਤ ਅਲੱਗ ਹੋ ਸਕਦੇ ਹਨ ਖ਼ਾਸ ਕਰ ਕੇ ਜੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਆਗੂ ਵਾਲੀ ਹਾਲਤ ਵਿਚ ਚੋਣ ਪਿੜ ਵਿਚ ਮੌਜੂਦ ਨਾ ਹੋਏ। ਦੋਵੇਂ ਪਹਿਲਾਂ ਹੀ ਅਗਲੀਆਂ ਚੋਣਾਂ ਨਾ ਲੜਨ ਅਥਵਾ ਪਿੜ 'ਚੋਂ ਬਾਹਰ ਰਹਿ ਕੇ ਮੈਚ ਵੇਖਣ ਦੀ ਇੱਛਾ ਦਾ ਪ੍ਰਗਟਾਵਾ ਕਰ ਚੁੱਕੇ ਹਨ।    - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement