ਟੋਰਾਂਟੋ (ਕੈਨੇਡਾ) ਵਿਚ ਇਕ ਹਫ਼ਤੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀਆਂ ਹੱਤਿਆਵਾਂ ਹੌਲਨਾਕ ਵਰਤਾਰਾ ਹੈ
ਟੋਰਾਂਟੋ (ਕੈਨੇਡਾ) ਵਿਚ ਇਕ ਹਫ਼ਤੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀਆਂ ਹੱਤਿਆਵਾਂ ਹੌਲਨਾਕ ਵਰਤਾਰਾ ਹੈ। 20 ਵਰਿ੍ਹਆਂ ਦੇ ਸ਼ਿਵੰਕ ਅਵਸਥੀ ਦੀ ਗੋਲੀ ਨਾਲ ਹੱਤਿਆ ਦਾ ਮਾਮਲਾ ਬੁੱਧਵਾਰ (25 ਦਸੰਬਰ) ਨੂੰ ਸਾਹਮਣੇ ਆਇਆ ਜਦੋਂ ਕਿ ਹਿਮਾਂਸ਼ੀ ਖੁਰਾਣਾ (30) ਦੀ ਹੱਤਿਆ ਦਾ ਪਤਾ 20 ਦਸੰਬਰ ਨੂੰ ਲੱਗਿਆ ਸੀ। ਸ਼ਿਵੰਕ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਕਾਰਬਰੋ ਕੈਂਪਸ ਵਿਚ ਪੀਐੱਚ.ਡੀ. ਦਾ ਵਿਦਿਆਰਥੀ ਸੀ। ਉਸ ਦੀ ਦੇਹ ਸਕਾਰਬਰੋ ਕੈਂਪਸ ਵਲ ਜਾਂਦੀ ਇਕ ਸੜਕ ਤੋਂ ਮਿਲੀ। ਵੀਰਵਾਰ ਰਾਤ ਤਕ ਪੁਲੀਸ ਇਸ ਹੱਤਿਆ ਦੇ ਮੁਲਜ਼ਿਮਾਂ ਦਾ ਪਤਾ ਲਾਉਣ ਵਿਚ ਨਾਕਾਮ ਰਹੀ ਸੀ। ਹਿਮਾਂਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਹੱਤਿਆ ਉਸ ਦੇ ਜਾਣਕਾਰ ਅਬਦੁਲ ਗ਼ਫੂਰੀ ਨੇ ਕੀਤੀ, ਪਰ ਉਸ ਨੂੰ ਵੀ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਸਕੀ।
ਅਜਿਹੀਆਂ ਘਟਨਾਵਾਂ ਤੋਂ ਭਾਰਤੀ ਵਿਦਿਆਰਥੀਆਂ ਦੇ ਭਾਰਤ ਵਿਚ ਰਹਿੰਦੇ ਮਾਪਿਆਂ ਜਾਂ ਹੋਰਨਾਂ ਸਕੇ ਸਬੰਧੀਆਂ ਦਾ ਫ਼ਿਕਰਮੰਦ ਹੋਣਾ ਸੁਭਾਵਿਕ ਹੀ ਹੈ। ਇਕ ਦਹਾਕਾ ਪਹਿਲਾਂ ਤਕ ਕੈਨੇਡਾ, ਪੱਛਮ ਦੇ ਸਭ ਤੋਂ ਸੁਰੱਖਿਅਤ ਅਤੇ ਕਾਨੂੰਨ ਦੇ ਰਾਜ ਵਾਲੇ ਮੁਲਕਾਂ ਵਿਚ ਸ਼ੁਮਾਰ ਹੁੰਦਾ ਸੀ। ਹੁਣ ਇਹ ਅਕਸ ਤਿੜਕ ਚੁੱਕਾ ਹੈ। ਹੋਰਨਾਂ ਮੁਲਕਾਂ ਦੇ ਵਿਦਿਆਰਥੀਆਂ ਜਾਂ ਨਾਗਰਿਕਾਂ ਵਲੋਂ ਕੈਨੇਡਾ ਵਿਚ ਜਾਨਾਂ ਗੁਆਉਣ ਦੇ ਮਾਮਲੇ ਅਕਸਰ ਵਾਪਰਦੇ ਰਹਿੰਦੇ ਹਨ, ਪਰ ਭਾਰਤੀ, ਖ਼ਾਸ ਕਰ ਕੇ ਪੰਜਾਬੀ, ਵਿਦਿਆਰਥੀਆਂ ਦੇ ਕਤਲਾਂ ਦੇ ਮਾਮਲੇ ਅਪਣੀ ਗਿਣਤੀ ਤੇ ਲਗਾਤਾਰਤਾ ਕਾਰਨ ਮੀਡੀਆ ਦੀਆਂ ਸੁਰਖ਼ੀਆਂ ਦਾ ਵਿਸ਼ਾ ਨਿਰੰਤਰ ਬਣਦੇ ਆਏ ਹਨ। ਅਜੇ ਇਕ ਕਤਲ ਬਾਰੇ ਚਰਚਾ ਮੱਠੀ ਨਹੀਂ ਪਈ ਹੁੰਦੀ ਕਿ ਨਵਾਂ ਮਾਮਲਾ ਸਾਹਮਣੇ ਆ ਜਾਂਦਾ ਹੈ।
ਤਾਨੀਆ ਤਿਆਗੀ, ਧਰਮੇਸ਼ ਕਠੀਰੀਆ, ਹਰਸਿਮਰਤ ਕੌਰ ਰੰਧਾਵਾ ਤੇ ਵੰਸ਼ਿਕਾ ਸੈਣੀ ਉਹ ਨਾਮ ਹਨ ਜੋ ਸ਼ਿਵੰਕ ਜਾਂ ਹਿਮਾਂਸ਼ੀ ਤੋਂ ਪਹਿਲਾਂ ਪਿਛਲੇ ਅੱਠ ਮਹੀਨਿਆਂ ਦੌਰਾਨ ਹੱਤਿਆਰਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ। ਇਨ੍ਹਾਂ ਵਿਚੋਂ ਬਹੁਤੇ ਮਾਮਲਿਆਂ ਵਿਚ ਕੈਨੇਡੀਅਨ ਪੁਲੀਸ ਬਲ, ਹੱਤਿਆਰਿਆਂ ਦਾ ਸੁਰਾਗ਼ ਲਾਉਣ ਜਾਂ ਉਨ੍ਹਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੇ ਹਨ। ਅਜਿਹਾ ਵਰਤਾਰਾ ਖ਼ੌਫ਼ ਤਾਂ ਪੈਦਾ ਕਰਦਾ ਹੀ ਹੈ, ਪੁਲੀਸ ਬਲਾਂ ਜਾਂ ਸੂਹੀਆ ਏਜੰਸੀਆਂ ਦੀ ਕਾਬਲੀਅਤ ਪ੍ਰਤੀ ਸ਼ੱਕ-ਸ਼ੁਬਹੇ ਵੀ ਵੱਧ ਉਭਾਰਦਾ ਹੈ।
ਕੈਨੇਡੀਅਨ ਅਧਿਕਾਰੀ ਇਸ ਸੋਚ ਜਾਂ ਪ੍ਰਚਾਰ ਨੂੰ ਗ਼ਲਤ ਦੱਸਦੇ ਹਨ ਕਿ ਕੈਨੇਡਾ, ਕੌਮਾਂਤਰੀ ਵਿਦਿਆਰਥੀਆਂ ਲਈ ਸੁਰੱਖਿਅਤ ਨਹੀਂ। ਉਨ੍ਹਾਂ ਦਾ ਦਾਅਵਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਵਿਰੁੱਧ ਹਿੰਸਾ (ਤੇ ਕਤਲਾਂ) ਦੇ ਮਾਮਲੇ ਹਿੰਸਕ ਹੱਤਿਆਵਾਂ ਦੇ ਹੋਰਨਾਂ ਮਾਮਲਿਆਂ ਦੇ ਅਨੁਪਾਤ ਵਿਚ ਕਾਫ਼ੀ ਘੱਟ ਹਨ। ਇਸ ਤੱਥ ਦੇ ਬਾਵਜੂਦ ਵਿਦੇਸ਼ੀ ਮੀਡੀਆ, ਖ਼ਾਸ ਕਰ ਕੇ ਭਾਰਤੀ ਮੀਡੀਆ, ਹਰ ਮਾਮਲੇ ਨੂੰ ਏਨਾ ਜ਼ਿਆਦਾ ਉਛਾਲਦਾ ਹੈ ਕਿ ਕੈਨੇਡਾ ਦੇ ਸੁਰੱਖਿਅਤ ਮੁਲਕ ਵਾਲੇ ਅਕਸ ਨੂੰ ਖ਼ੋਰਾ ਲੱਗਦਾ ਜਾ ਰਿਹਾ ਹੈ। ਅਧਿਕਾਰੀਆਂ ਦੀ ਅਜਿਹੀ ਸੋਚ ਤੋਂ ਉਲਟ ਗ਼ੈਰ-ਗੋਰੇ ਲੋਕਾਂ ਅੰਦਰ ਇਹ ਪ੍ਰਭਾਵ ਆਮ ਹੀ ਹੈ ਕਿ ਕੈਨੇਡਾ ਵਿਚ ਅਪਰਾਧੀਆਂ ਦੇ ਹੱਕਾਂ ਨੂੰ ਪੀੜਤਾਂ ਦੇ ਹੱਕਾਂ ਨਾਲੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਇਸੇ ਕਾਰਨ ਅਪਰਾਧੀ ਅਨਸਰ ਸੰਗੀਨਤਰੀਨ ਮਾਮਲਿਆਂ ਵਿਚ ਵੀ ਸਹਿਜੇ ਹੀ ਜ਼ਮਾਨਤ ’ਤੇ ਰਿਹਾਅ ਹੋ ਜਾਂਦੇ ਹਨ। ਮੁਕੱਦਮਿਆਂ ਦੇ ਨਿਪਟਾਰੇ ਵਿਚ ਦੇਰੀ ਅਤੇ ਨਿਆਂਇਕ ਅਧਿਕਾਰੀਆਂ ਵਲੋਂ ਅਪਣੇ ਫ਼ੈਸਲਿਆਂ ਵਿਚ ਦਿਖਾਇਆ ਜਾਂਦਾ ਨਸਲੀ ਭੇਦਭਾਵ ਵੀ ਕੈਨੇਡੀਅਨ ਅਦਾਲਤੀ ਨਿਜ਼ਾਮ ਬਾਰੇ ਸ਼ੱਕ-ਸ਼ੁਬਹੇ ਵਧਾਉਂਦਾ ਜਾ ਰਿਹਾ ਹੈ।
ਕੈਨੇਡੀਅਨ ਸੁਪਰੀਮ ਕੋਰਟ ਨੇ ਕਤਲ ਦਾ ਮੁਕੱਦਮਾ 30 ਮਹੀਨਿਆਂ ਵਿਚ ਨਿਬੇੜਨ ਦੀ ਹੱਦ ਮਿਥੀ ਹੋਈ ਹੈ, ਪਰ ਇਸ ਹੱਦ ਦੀ ਉਲੰਘਣਾ ਵੱਧ ਹੋ ਰਹੀ ਹੈ, ਪਾਲਣਾ ਘੱਟ। ਇਸ ਦਾ ਲਾਭ ਅਪਰਾਧੀ ਅਨਸਰਾਂ ਨੂੰ ਹੋ ਰਿਹਾ ਹੈ। ਕੈਨੇਡਾ ਵਿਚ ਇਸ ਵੇਲੇ 12 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਤਾਦਾਦ (ਚਾਰ ਲੱਖ) ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀ ਹੈ। ਇਹ ਵਿਦਿਆਰਥੀ ਵਰਗ ਕਈ ਦੁਸ਼ਵਾਰੀਆਂ ਝੱਲ ਰਿਹਾ ਹੈ। ਇਨ੍ਹਾਂ ਵਿਚ ਆਰਥਿਕ ਮੰਦਹਾਲੀ ਕਾਰਨ ਵੱਧ ਕੰਮ ਕਰਨ ਲਈ ਮਜਬੂਰ ਹੋਣਾ, ਜੋਖ਼ਿਮ-ਭਰੇ ਕੰਮ ਕਰਨਾ, ਗ਼ਰੀਬ ਬਸਤੀਆਂ ਜਾਂ ਅਪਰਾਧੀ ਅਨਸਰਾਂ ਦੀ ਬਹੁਤਾਤ ਵਾਲੇ ਇਲਾਕਿਆਂ ਵਿਚ ਕਮਰੇ ਕਿਰਾਏ ’ਤੇ ਲੈਣੇ, ਇਕੱਲਤਾ ਅਤੇ ਅਪਣਿਆਂ ਤੋਂ ਦੂਰ ਹੋਣ ਦੇ ਅਹਿਸਾਸ ਨਾਲ ਲਗਾਤਾਰ ਲੜਨ ਵਰਗੀਆਂ ਵਿਸ਼ਮਤਾਵਾਂ ਸ਼ਾਮਲ ਹਨ। ਕਦੇ ਕੈਨੇਡੀਅਨ ਪੰਜਾਬੀ ਭਾਈਚਾਰਾ ਨਿਆਸਰਿਆਂ ਦਾ ਆਸਰਾ ਬਣਨ ਲਈ ਜਾਣਿਆ ਜਾਂਦਾ ਸੀ, ਪਰ ਹੁਣ ਕੈਨੇਡੀਅਨ ਅਰਥਚਾਰੇ ਦੇ ਨਿਘਾਰ ਕਾਰਨ ਉਸ ਦਾ ਰੁਖ਼ ਵੀ ਉਦਾਸੀਨਤਾ ਵਾਲਾ ਹੈ।
ਉਪਰੋਂ ਗਰੋਹੀ ਹਿੰਸਾ ਅਤੇ ਜਬਰੀ ਵਸੂਲੀਆਂ ਵਰਗੇ ਅਪਰਾਧਾਂ ਦੀ ਗਿਣਤੀ ਵਿਚ ਨਿਰੰਤਰ ਇਜ਼ਾਫ਼ੇ ਨੇ ਵੀ ਪੰਜਾਬੀ ਭਾਈਚਾਰੇ ਇਹਤਿਆਤ ਵਰਤਣ ਦੇ ਰਾਹ ਪਾਇਆ ਹੋਇਆ ਹੈ। ਅਜਿਹੇ ਆਲਮ ਵਿਚ ਜ਼ਰੂਰੀ ਹੈ ਕਿ ਭਾਰਤੀ ਵਿਦਿਆਰਥੀ ਵੀ ‘ਬਚਾਓ ਵਿਚ ਹੀ ਬਚਾਓ’ ਵਾਲੇ ਗੁਰਮੰਤਰ ਦਾ ਪਾਲਣ ਕਰਨ। ਕੈਨੇਡਾ ਸਥਿਤ ਭਾਰਤੀ ਸਫ਼ਾਰਤੀ ਅਧਿਕਾਰੀ, ਸੰਕਟ ਦੀ ਘੜੀ ਵਿਚ ਮਦਦਗਾਰ ਅਵੱਸ਼ ਹੋ ਸਕਦੇ ਹਨ, ਸਥਾਈ ਸੁਰੱਖਿਆ ਛਤਰ ਨਹੀਂ ਬਣ ਸਕਦੇ। ਕੈਨੇਡਾ ਹੁਣ ਸੁਪਨ ਭੂਮੀ ਨਹੀਂ ਰਿਹਾ, ਇਹ ਅਸਲੀਅਤ ਹੁਣ ਸਪਸ਼ਟ ਹੈ। ਲਿਹਾਜ਼ਾ, ਉੱਥੇ ਜਾ ਵੱਸਣ ਦੇ ਚਾਹਵਾਨਾਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਉਪਰੋਕਤ ਅਸਲੀਅਤ ਵਿਸਾਰਨੀ ਜਾਂ ਨਜ਼ਰਅੰਦਾਜ਼ ਨਹੀਂ ਕਰਨੀ ਚਾਹੀਦੀ।
