
ਸੱਭ ਤੋਂ ਗ਼ਰੀਬ ਤੇ ਭੁੱਖੇ ਸਾਡੇ ਸੱਤਾਧਾਰੀ ਹਨ ਜੋ ਅਪਣੀ ਕੁਰਸੀ ਨਾਲ ਚਿੰਬੜੇ ਰਹਿਣ ਵਾਸਤੇ ਧਰਮ, ਜਾਤ ਨੂੰ ਅਪਣੀ ਢਾਲ ਬਣਾ ਲੈਂਦੇ ਹਨ।
ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਅਮਰੀਕੀ ਸਾਂਸਦਾਂ ਦੀ ਵਿਸ਼ਵ ਧਾਰਮਕ ਆਜ਼ਾਦੀ ਤੇ ਆਧਾਰਤ ਕਮੇਟੀ ਨੇ ਭਾਰਤ ਵਿਚ ਧਾਰਮਕ ਆਜ਼ਾਦੀ ਭਾਰੀ ਦਬਾਅ ਹੇਠ ਹੋਣ ਦੀ ਰੀਪੋਰਟ ਦਿਤੀ ਹੈ। ਇਸ ਸਾਲ ਦੀ ਯੁੂ.ਐਸ. ਸੀ.ਆਈ.ਆਰ.ਐਫ਼ ਰੀਪੋਰਟ ਨੇ ਭਾਰਤ ਨੂੰ ਦੁਨੀਆਂ ਦੇ 14 ਹੋਰ ਦੇਸ਼ਾਂ ਨਾਲ ਜੋੜਦੇ ਹੋਏ, ਇਨ੍ਹਾਂ ਦੇਸ਼ਾਂ ਨੂੰ ਚਿੰਤਾ ਦਾ ਵਿਸ਼ਾ ਦਸਿਆ। ਇਨ੍ਹਾਂ ਵਿਚ ਰੂਸ, ਇਰਾਨ, ਨਾਈਜੀਰੀਆ, ਸੀਰੀਆ, ਸਾਊਦੀ ਅਰਬ ਆਦਿ ਸ਼ਾਮਲ ਹਨ। ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਕਮੇਟੀ ਦੀ ਖੋਜ ਨੂੰ ਨਕਾਰ ਕੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਤੇ ਭਾਰਤ ਸਰਕਾਰ ਨੇ ਵੀ ਇਸ ਰੀਪੋਰਟ ਨੂੰ ਰੱਦ ਕਰ ਦਿਤਾ। ਭਾਰਤ ਸਰਕਾਰ ਨੂੰ ਇਸ ਤਰ੍ਹਾਂ ਦੀ ਰੀਪੋਰਟ ਨਾਲ ਫ਼ਰਕ ਨਹੀਂ ਪੈਂਦਾ ਕਿਉਂਕਿ ਅੱਜ ਦੀਆਂ ਸਰਕਾਰਾਂ ਪੈਸੇ ਦੀ ਤਾਕਤ ਦੇ ਸਹਾਰੇ ਚਲਣ ਵਾਲੀਆਂ ਸਰਕਾਰਾਂ ਹਨ।
ਜੇ ਅਮਰੀਕਾ ਦੇ ਰਾਸ਼ਟਰਪਤੀ ਅਪਣੇ ਸਾਂਸਦਾਂ ਦੀ ਰੀਪੋਰਟ ਨੂੰ ਸਵੀਕਾਰ ਨਹੀਂ ਕਰ ਰਹੇ ਤਾਂ ਭਾਰਤ ਵੀ ਇਸ ਨੂੰ ਸੰਜੀਦਗੀ ਨਾਲ ਕਿਉਂ ਲਵੇਗਾ? ਪਰ ਅੱਜ ਭਾਰਤ ਦੇ ਅੰਦਰੋਂ ਵੀ ਇਹੀ ਆਵਾਜ਼ ਗੂੰਜ ਰਹੀ ਹੈ ਕਿ ਭਾਰਤ ਹੁਣ ਧਰਮ ਨਿਰਪੱਖ ਦੇਸ਼ ਨਹੀਂ ਰਿਹਾ। ਸਥਿਤੀ ਨੂੰ ਦਿਲੋਂ ਠੀਕ ਮੰਨਣ ਵਾਲੇ ਲੋਕਾਂ ਦੀ ਗਿਣਤੀ ਸ਼ਾਇਦ ਸੱਜੇ ਪੱਖੀ ਸੋਚ ਵਾਲੇ ਲੋਕਾਂ ਜਿੰਨੀ ਹੀ ਹੈ ਅਤੇ ਜੋ ਆਵਾਜ਼ ਉੱਚੀ ਉੱਚੀ ਨਿਕਲ ਕੇ ਆ ਰਹੀ ਹੈ, ਉਹ ਸੱਜੂਆਂ ਦੀ ਹੀ ਹੈ। ਚੋਣਾਂ ਦੌਰਾਨ ਸਰਕਾਰੀ ਸੰਸਥਾਵਾਂ ਦੀ ਵਰਤੋਂ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਕੀਤੀ ਜਾਣ ਲੱਗੀ ਹੈ ਅਤੇ ਅੱਜ ਇਕ ਹੋਰ ਲਹਿਰ ਚਲ ਪਈ ਹੈ ਜਿਥੇ ਛੋਟੀਆਂ ਛੋਟੀਆਂ ਗੱਲਾਂ ਨੂੰ, ਜੋ ਹਲਕੇ ਫੁਲਕੇ ਮਜ਼ਾਕ ਵਿਚ ਕਹੀਆਂ ਗਈਆਂ ਹੁੰਦੀਆਂ ਹਨ, ਨੂੰ ਲੈ ਕੇ ਅਪਣੇ ਵਿਰੋਧੀ ਨੂੰ ਦਬਾਉਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਸਾਮ ਵਿਚ ਜਿਗਨੇਸ਼ ਮਿਲਵਾਨੀ ਨੂੰ ਸਲਾਖ਼ਾਂ ਪਿਛੇ ਬੰਦ ਕਰਨ ਵਾਸਤੇ ਉਸ ਦੀ ਇਕ ਟਿਚਰ ਨੂੰ ‘ਕਾਨੂੰਨ-ਵਿਰੋਧੀ’ ਟਿਚਰ ਕਹਿ ਕੇ ਵਰਤਿਆ ਜਾ ਰਿਹਾ ਹੈ। ਜਿਗਨੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਬ ਮੰਨਣ ਦਾ ਟਵੀਟ ਪਾਇਆ ਸੀ। ਜਦ ਅਦਾਲਤ ਨੇ ਇਸ ਕਥਨ ਨੂੰ ਕਾਨੂੰਨ ਵਿਰੋਧੀ ਮੰਨਣ ਤੋਂ ਇਨਕਾਰ ਕਰ ਦਿਤਾ ਤਾਂ ਇਕ ਮਹਿਲਾ ਅਧਿਕਾਰੀ ਨੂੰ ਡਰਾਉਣ ਦੇ ਦੋਸ਼ ਹੇਠ ਮਿਲਵਾਨੀ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ ਮਹਾਰਾਸ਼ਟਰ ਵਿਚ ਰਾਣਾ ਤੇ ਉਸ ਦੀ ਸਾਂਸਦ ਪਤਨੀ ਨਵਨੀਤ ਨੂੰ ਮੁੱਖ ਮੰਤਰੀ ਉਤੇ ਹਿੰਦੂਤਵਾ ਦੇ ਨਾਹਰੇ ਤੋਂ ਦੂਰ ਹੋ ਜਾਣ ਦਾ ਦੋਸ਼ ਲਗਾਉਣ ਬਦਲੇ ਹਿਰਾਸਤ ਵਿਚ ਲੈ ਲਿਆ ਗਿਆ।
ਭਾਵੇਂ ਸੁਪਰੀਮ ਕੋਰਟ ਇਸ ਸੋਚ ਤੋਂ ਦੁਖੀ ਹੈ, ਛੋਟੀਆਂ ਅਦਾਲਤਾਂ ਸੁਪਰੀਮ ਕੋਰਟ ਦੀ ਸੋਚ ਨਾਲੋਂ ਜ਼ਿਆਦਾ ਸੂਬਾ ਸਰਕਾਰਾਂ ਦੀ ਸੋਚ ਵਲ ਹੀ ਧਿਆਨ ਦੇਂਦੀਆਂ ਹਨ। ਪਰ ਜੇ ਇਸ ਨੂੰ ਸੱਜੂ ਖੱਬੂ ਸੋਚ ਤੋਂ ਦੂਰ ਹੋ ਕੇ ਵੇਖੀਏ ਤਾਂ ਇਹ ਅਸਲ ਵਿਚ ਧਾਰਮਕ ਅਸਹਿਣਸ਼ੀਲਤਾ ਨਹੀਂ ਸਗੋਂ ਤਾਕਤ ਦੀ ਖੇਡ ਹੈ ਜਿਸ ਨੂੰ ਸੱਤਾ ਹਾਸਲ ਕਰਨ ਦੇ ਮਨੋਰਥ ਨਾਲ ਖੇਡਿਆ ਜਾ ਰਿਹਾ ਹੈ। ਜੋ ਲੋਕ ਅਪਣੇ ਆਪ ਨੂੰ ਖੱਬੇ ਪੱਖੀ ਜਾਂ ਧਰਮ ਨਿਰਪੱਖ ਵੀ ਆਖਦੇ ਹਨ, ਉਹ ਵੀ ਮਨ ਵਿਚ ਅਜਿਹੀ ਨਫ਼ਰਤ ਭਰ ਕੇ ਬੋਲੇ ਹਨ ਜੋ ਸਾਡੇ ਸੰਵਿਧਾਨ ਵਿਚ ਨਹੀਂ ਮਿਲਦੀ। ਅਸਲ ਵਿਚ ਸਾਡੇ ਦੇਸ਼ ਵਿਚ ਜਿਹੜੀ ਅਸਹਿਣਸ਼ੀਲਤਾ ਨਜ਼ਰ ਆ ਰਹੀ ਹੈ, ਉਸ ਦੀਆਂ ਜੜ੍ਹਾਂ ਸਾਡੀ ਗ਼ਰੀਬੀ ਤੇ ਭੁੱਖ ਵਿਚ ਗੜੁਚ ਹਨ।
ਸੱਭ ਤੋਂ ਗ਼ਰੀਬ ਤੇ ਭੁੱਖੇ ਸਾਡੇ ਸੱਤਾਧਾਰੀ ਹਨ ਜੋ ਅਪਣੀ ਕੁਰਸੀ ਨਾਲ ਚਿੰਬੜੇ ਰਹਿਣ ਵਾਸਤੇ ਧਰਮ, ਜਾਤ ਨੂੰ ਅਪਣੀ ਢਾਲ ਬਣਾ ਲੈਂਦੇ ਹਨ। ਇਹ ਨਾ ਸੱਜੂ ਹਨ, ਨਾ ਖੱਬੂ ਹਨ, ਇਹ ਸਿਰਫ਼ ਸੱਤਾ ਦੇ ਭੁੱਖੇ ਹਨ। ਅਪਣੀ ਤਾਕਤ ਦੇ ਨਸ਼ੇ ਵਿਚ ਕੁਦਰਤ ਦੀ ਤਾਕਤ ਨੂੰ ਭੁਲ ਗਏ ਹਨ। ਇਹ ਕਿਸੇ ਵੀ ਧਰਮ ਦੀ ਨਹੀਂ ਹਨ, ਬਸ ਅਧਰਮੀ ਹਨ ਕਿਉਂਕਿ ਧਰਮ ਹਿੰਸਾ ਤੇ ਨਫ਼ਰਤ ਨਹੀਂ ਸਿਖਾਉਂਦਾ।
-ਨਿਮਰਤ ਕੌਰ