
Editorial: ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਾਜ-ਕਾਲ ਦੌਰਾਨ ਭਾਰਤ-ਕੈਨੇਡਾ ਸਬੰਧ ਲਗਾਤਾਰ ਨਿਘਰਦੇ ਚਲੇ ਗਏ ਸਨ।
Progress towards improving Indo-Canada relations Editorial: ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰੀਆਂ ਦਰਮਿਆਨ ਐਤਵਾਰ ਨੂੰ ਹੋਈ ਫ਼ੋਨ-ਵਾਰਤਾ ਸਦਕਾ ਦੋਵਾਂ ਮੁਲਕਾਂ ਦੇ ਤਿੜਕੇ ਰਿਸ਼ਤੇ ਦੀ ਮੁਰੰਮਤ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ। ਇਸ ਫ਼ੋਨ-ਵਾਰਤਾ ਤੋਂ ਬਾਅਦ ਦੋਵਾਂ ਨੇਤਾਵਾਂ - ਡਾ. ਸੁਬਰਾਮਣੀਅਮ ਜੈਸ਼ੰਕਰ ਤੇ ਅਨੀਤਾ ਆਨੰਦ ਨੇ ਮਾਈਕਰੋਬਲੌਗਿੰਗ ਮੰਚ ‘X’’ (ਐਕਸ) ਉੱਤੇ ਜਾਰੀ ਆਪੋ ਅਪਣੇ ਸੁਨੇਹਿਆਂ ਵਿਚ ਇਸ ਵਾਰਤਾਲਾਪ ਨੂੰ ਸੁਖਾਵਾਂ ਅਤੇ ਬਿਹਤਰੀ ਵਲ ਸੇਧਿਤ ਦਸਿਆ ਅਤੇ ਉਮੀਦ ਪ੍ਰਗਟਾਈ ਕਿ ਛੇਤੀ ਹੀ ਦੋਵੇਂ ਦੇਸ਼ ਦੁਵੱਲੇ ਤੇ ਕੌਮਾਂਤਰੀ ਮਾਮਲਿਆਂ ਵਿਚ ਸਹਿਯੋਗ ਵਧਾਉਂਦੇ ਹੋਏ ਨਜ਼ਰ ਆਉਣਗੇ। ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਦੋਵਾਂ ਮੁਲਕਾਂ ਦਾ ਸਫ਼ਾਰਤੀ ਰਿਸ਼ਤਾ, ਹਾਈ ਕਮਿਸ਼ਨਰਾਂ ਦੇ ਪੱਧਰ ਵਾਲਾ ਹੋਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਾਜ-ਕਾਲ ਦੌਰਾਨ ਭਾਰਤ-ਕੈਨੇਡਾ ਸਬੰਧ ਲਗਾਤਾਰ ਨਿਘਰਦੇ ਚਲੇ ਗਏ ਸਨ। ਖ਼ਾਲਿਸਤਾਨੀ ਸਰਗਨੇ ਹਰਜੀਤ ਸਿੰਘ ਨਿੱਜਰ ਦੀ 2023 ਵਿਚ ਹੱਤਿਆ ਮਗਰੋਂ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿਚ ਨਿੱਜਰ ਹੱਤਿਆ ਕਾਂਡ ’ਚ ਭਾਰਤ ਸਰਕਾਰ ਦੇ ਸ਼ਰੀਕ ਹੋਣ ਦੇ ਦੋਸ਼ ਬਿਨਾਂ ਕਿਸੇ ਸਬੂਤ ਦੇ ਲਾਏ ਸਨ। ਰੋਸ ਵਜੋਂ ਭਾਰਤ ਨੇ ਅਪਣੇ ਹਾਈ ਕਮਿਸ਼ਨਰ ਤੇ ਕੁੱਝ ਹੋਰ ਸੀਨੀਅਰ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਸੀ।
ਨਾਲ ਹੀ ਕੈਨੇਡਾ ਸਰਕਾਰ ਨੂੰ ਵੀ ਘੱਟੋ-ਘੱਟ 40 ਸਫ਼ਾਰਤੀ ਅਧਿਕਾਰੀ ਤੇ ਕਾਰਿੰਦੇ ਵਾਪਸ ਬੁਲਾਉਣ ਦਾ ਫ਼ਰਮਾਨ ਸੁਣਾ ਦਿਤਾ ਗਿਆ ਸੀ। ਇਸ ਹੱਤਿਆ ਦੇ ਸਬੰਧ ਵਿਚ ਪੰਜਾਬੀ ਮੂਲ ਦੇ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐੱਮ.ਪੀ.), ਜੋ ਕਿ ਭਾਰਤੀ ਐਨ.ਆਈ.ਏ. ਦਾ ਕੈਨੇਡੀਅਨ ਬਦਲ ਹੈ, ਉਨ੍ਹਾਂ ਚੌਹਾਂ ਮੁਲਜ਼ਮਾਂ ਦੇ ਹਤਿਆਰੇ ਹੋਣ ਜਾਂ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤ ਦੇ ਸ਼ਰੀਕ ਹੋਣ ਵਰਗੇ ਸੰਗੀਨ ਦੋਸ਼ਾਂ ਦੇ ਸਬੰਧ ਵਿਚ ਕੋਈ ਨਿੱਗਰ ਸਬੂਤ ਅਦਾਲਤਾਂ ਵਿਚ ਪੇਸ਼ ਕਰਨ ਵਿਚ ਨਾਕਾਮ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਨਿੱਜਰ ਹੱਤਿਆ ਕਾਂਡ ਦੇ ਚੌਹਾਂ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, ਪਰ ਤਫ਼ਤੀਸ਼ੀ ਏਜੰਸੀਆਂ ਉਨ੍ਹਾਂ ਦੀ ਰਿਹਾਈ ਇਸ ਤਕਨੀਕੀ ਆਧਾਰ ’ਤੇ ਰੁਕਵਾਉਣ ਵਿਚ ਕਾਮਯਾਬ ਹੋ ਗਈਆਂ ਕਿ ਚਹੁੰਆਂ ਦੀਆਂ ਹੋਰਨਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਤਹਿਕੀਕਾਤ ਅਜੇ ਜਾਰੀ ਹੈ ਅਤੇ ਇਸ ਸੂਰਤ ਵਿਚ ਉਨ੍ਹਾਂ ਦੀ ਰਿਹਾਈ ਉਪਰੋਕਤ ਤਹਿਕੀਕਾਤ ਲਈ ਵਿਘਨਕਾਰੀ ਅਤੇ ਗਵਾਹਾਂ ਤੇ ਮੁਖ਼ਬਰਾਂ ਨੂੰ ਡਰਾਉਣ ਵਾਲੀ ਸਾਬਤ ਹੋ ਸਕਦੀ ਹੈ।
ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦਿਆਂ ਤੋਂ ਅਸਤੀਫ਼ੇ ਅਤੇ ਪਾਰਲੀਮਾਨੀ ਚੋਣਾਂ ਵਿਚ ਲਿਬਰਲ ਪਾਰਟੀ ਦੇ ਹੀ ਮਾਰਕ ਕਾਰਨੀ ਦੀ ਜਿੱਤ ਮਗਰੋਂ ਸ੍ਰੀ ਕਾਰਨੀ ਨੇ ਅਪਣੀ ਕੈਬਨਿਟ ਵਿਚ ਉਨ੍ਹਾਂ ਸਿੱਖ ਸੰਸਦ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਜੋ ਖ਼ਾਲਿਸਤਾਨ-ਪੱਖੀ ਅਨਸਰਾਂ ਪ੍ਰਤੀ ਨਰਮਗੋਸ਼ੀ ਦਿਖਾਉਂਦੇ ਆਏ ਸਨ। ਦੂਜੇ ਪਾਸੇ ਅਨੀਤਾ ਆਨੰਦ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਅਹਿਮ ਵਜ਼ਾਰਤੀ ਅਹੁਦੇ ਦੇ ਕੇ ਉਨ੍ਹਾਂ ਨੇ ਕੈਨੇਡੀਅਨ ਹਿੰਦੂ ਭਾਈਚਾਰੇ ਦੀਆਂ ਸੰਵੇਦਨਾਵਾਂ ਪ੍ਰਤੀ ਸੁਚੇਤ ਹੋਣ ਦਾ ਸੰਕੇਤ ਵੀ ਦਿਤਾ। ਇਹ ਭਾਈਚਾਰਾ ਖ਼ਾਲਿਸਤਾਨੀ ਅਨਸਰਾਂ, ਖ਼ਾਸ ਕਰ ਕੇ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀਆਂ ਧਮਕੀਆਂ ਕਾਰਨ ਟਰੂਡੋ ਤੇ ਲਿਬਰਲ ਪਾਰਟੀ ਤੋਂ ਖਫ਼ਾ ਸੀ।
ਕਾਰਨੀ ਦਾ ਭਾਰਤ ਪ੍ਰਤੀ ਰਵੱਈਆ ਕਿੰਨਾ ਕੁ ਦੋਸਤਾਨਾ ਹੈ, ਇਸ ਦਾ ਪਤਾ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ-ਪੱਤਰ ਮਿਲਣ ਜਾਂ ਨਾ ਮਿਲਣ ਤੋਂ ਲੱਗੇਗਾ। ਮੱਧ ਜੂਨ ਵਿਚ ਹੋਣ ਵਾਲੇ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਇਸ ਵਾਰ ਕੈਨੇਡਾ ਕਰ ਰਿਹਾ ਹੈ। ਹਾਲਾਂਕਿ ਭਾਰਤ ਜੀ-7 ਸੰਗਠਨ ਦਾ ਮੈਂਬਰ ਨਹੀਂ, ਫਿਰ ਵੀ 2020 ਤੋਂ ਸ੍ਰੀ ਮੋਦੀ ਨੂੰ ਵੱਖ-ਵੱਖ ਮੇਜ਼ਬਾਨ ਮੁਲਕਾਂ ਤੋਂ ਸੱਦਾ-ਪੱਤਰ ਬਾਕਾਇਦਾ ਮਿਲਦੇ ਆਏ ਹਨ। ਸ੍ਰੀ ਮੋਦੀ ਨੇ ਸ੍ਰੀ ਕਾਰਨੀ ਵਲੋਂ ਚੋਣ ਜਿੱਤਣ ਅਤੇ ਪ੍ਰਧਾਨ ਮੰਤਰੀ ਬਣਨ ਵੇਲੇ ਅਪਣੇ ਵਧਾਈ ਸੰਦੇਸ਼ ਜ਼ਰੂਰ ਭੇਜੇ ਸਨ, ਫਿਰ ਵੀ ਦੋਵਾਂ ਪ੍ਰਧਾਨ ਮੰਤਰੀਆਂ ਦੀ ਫ਼ੋਨ ’ਤੇ ਗੱਲਬਾਤ ਇਕ ਵਾਰ ਵੀ ਨਾ ਹੋਣਾ ਬਹੁਤਾ ਚੰਗਾ ਸ਼ਗਨ ਨਹੀਂ ਮੰਨਿਆ ਜਾ ਰਿਹਾ।
ਟਰੂਡੋ ਵਲੋਂ ਦੁਵੱਲੇ ਸਬੰਧਾਂ ਨੂੰ ਲਗਾਤਾਰ ਸੱਟਾਂ ਮਾਰੇ ਜਾਣ ਦੇ ਬਾਵਜੂਦ ਭਾਰਤ-ਕੈਨੇਡਾ ਕਾਰੋਬਾਰ 20 ਅਰਬ ਡਾਲਰਾਂ ਦੇ ਆਸ-ਪਾਸ ਪਿਛਲੇ ਕੁੱਝ ਵਰਿ੍ਹਆਂ ਤੋਂ ਚਲਿਆ ਆ ਰਿਹਾ ਹੈ। ਇਸ ਵਿਚ ਵਾਧੇ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹਨ। ਭਾਰਤੀ ਮੂਲ ਦੇ 18 ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਵਸੇ ਹੋਏ ਹਨ। ਉਹ ਭਾਰਤੀ ਵਸਤਾਂ ਵਾਸਤੇ ਵੱਡਾ ਖਪਤਕਾਰ ਬੈਂਕ ਹਨ। ਭਾਰਤ, ਕੈਨੇਡਾ ਤੋਂ ਦਾਲਾਂ, ਇੰਜਨੀਅਰਿੰਗ ਖੇਤਰ ਲਈ ਲੋੜੀਂਦੀਆਂ ਭਾਰੀ ਮਸ਼ੀਨਾਂ, ਅਖ਼ਬਾਰੀ ਕਾਗ਼ਜ਼ ਆਦਿ ਮੰਗਵਾਉਂਦਾ ਆ ਰਿਹਾ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਵਸਤਾਂ ਦੀ ਫਹਿਰਿਸਤ ਲੰਮੀ-ਚੌੜੀ ਹੈ ਜਿਸ ਕਰ ਕੇ ਵਪਾਰਕ ਤਵਾਜ਼ਨ ਭਾਰਤ ਦੇ ਹੱਕ ਵਿਚ ਹੈ। ਸ੍ਰੀ ਕਾਰਨੀ, ਪ੍ਰਧਾਨ ਮੰਤਰੀ ਬਣਨ ਮਗਰੋਂ ਦੋ ਵਾਰ ਕੌਮੀ ਮੰਚਾਂ ’ਤੇ ਭਾਰਤ ਨਾਲ ਕਾਰੋਬਾਰੀ ਤੇ ਸਫ਼ਾਰਤੀ ਸਬੰਧਾਂ ਨੂੰ ਵਿਆਪਕ ਬਣਾਉਣ ਦੀ ਗੱਲ ਕਰ ਚੁੱਕੇ ਹਨ। ਜੈਸ਼ੰਕਰ-ਆਨੰਦ ਵਾਰਤਾਲਾਪ ਇਸ ਸੋਚ ਨੂੰ ਹੁਲਾਰਾ ਦੇਣ ਵਿਚ ਕਿੰਨੀ ਕੁ ਕਾਰਗਰ ਹੁੰਦੀ ਹੈ, ਇਸ ਦਾ ਨਤੀਜਾ ਅਗਲੇ ਇਕ-ਦੋ ਮਹੀਨਿਆਂ ਦੌਰਾਨ ਦੋਵਾਂ ਦੇਸ਼ਾਂ ਵਲੋਂ ਉਠਾਏ ਜਾਣ ਵਾਲੇ ਕਦਮਾਂ ਤੋਂ ਸਾਹਮਣੇ ਆ ਜਾਵੇਗਾ। ਫ਼ਿਲਹਾਲ, ਜੋ ਸੰਕੇਤ ਹਨ, ਉਹ ਸੁਖਾਵੇਂ ਹਨ ਅਤੇ ਸੁਖਾਵੇਂ ਹੀ ਰਹਿਣੇ ਚਾਹੀਦੇ ਹਨ।