
Editorial: ਪੰਜਾਬ ਵਿਚ ਸ਼ਰਾਬ ਦੀ ਵਿਕਰੀ ਲੋੜ ਤੋਂ ਵੱਧ ਹੈ ਤੇ ਇਸ ਤੱਥ ਨੂੰ ਮੰਨ ਲੈਣਾ ਹੀ ਠੀਕ ਰਹੇਗਾ।
Counterfeit liquor became a headache for governments Editorial: ਜਦੋਂ 2020 ’ਚ ਅੰਮ੍ਰਿਤਸਰ ’ਚ ਨਕਲੀ ਸ਼ਰਾਬ ਕਾਰਨ 123 ਲੋਕਾਂ ਦੀਆਂ ਮੌਤਾਂ ਹੋਈਆਂ ਤਾਂ ਬੜੀ ਹੈਰਾਨੀ ਹੋਈ ਸੀ ਕਿ ਜੋ ਕਦੇ ਸਿਰਫ਼ ਦੂਜੇ ਸੂਬਿਆਂ ਵਿਚ ਹੁੰਦਾ ਸੀ, ਉੁਹ ਪੰਜਾਬ ਵਿਚ ਵੀ ਹੋ ਗਿਆ ਹੈ। ਗੁਰਦਾਸ ਮਾਨ ਦੇ ਗੀਤਾਂ ਵਾਲੀ ‘ਘਰ ਦੀ ਸ਼ਰਾਬ’ ਹੁਣ ਪੰਜਾਬ ਵਿਚ ਨਕਲੀ ਸ਼ਰਾਬ ਬਣ ਗਈ ਹੈ ਜੋ ਵਧਦੀ ਗ਼ਰੀਬੀ ਕਾਰਨ, ਗ਼ਰੀਬਾਂ ਦਾ ਇਕੋ ਇਕ ਸਸਤਾ ‘ਸ਼ੁਗਲ’ ਬਣ ਕੇ ਰਹਿ ਗਈ ਹੈ। ਗ਼ਰੀਬ ਆਦਮੀ, ਜਿਹੜੀ ਸ਼ਰਾਬ ਪੀਣ ਲਈ ਮਜਬੂਰ ਹੈ, ਉਹ 130 ਰੁਪਏ ਦੀ ਮਿਲਦੀ ਹੈ। ਕਈ ਸਿਆਸਤਦਾਨਾਂ ਦੀ ਸੋਚ ਮੁਤਾਬਕ, ਜੇ ਪੰਜਾਬ ਵਿਚ ਤਮਿਲਨਾਡੂ ਵਾਲੀ ਪਾਲਿਸੀ ਲਾਗੂ ਹੋ ਗਈ ਤਾਂ ਹੋਰ ਲੋਕ ਇਹ ਨਕਲੀ ਸ਼ਰਾਬ ਪੀਣ ਵਾਸਤੇ ਮਜਬੂਰ ਹੋ ਜਾਣਗੇ ਕਿਉਂਕਿ ਜੇ ਕਾਰਪੋਰੇਸ਼ਨਾਂ ਦੇ ਰਸਤੇ ਸਰਕਾਰ ਨੇ ਖ਼ਜ਼ਾਨੇ ਭਰਨੇ ਸ਼ੁਰੂ ਕਰ ਦਿਤੇ ਤਾਂ ਪੰਜਾਬ ਦੀ ਸ਼ਰਾਬ 30 ਤੋਂ 40 ਫ਼ੀ ਸਦੀ ਮਹਿੰਗੀ ਕਰਨੀ ਪਵੇਗੀ।
ਪੰਜਾਬ ਵਿਚ ਸ਼ਰਾਬ ਦੀ ਵਿਕਰੀ ਲੋੜ ਤੋਂ ਵੱਧ ਹੈ ਤੇ ਇਸ ਤੱਥ ਨੂੰ ਮੰਨ ਲੈਣਾ ਹੀ ਠੀਕ ਰਹੇਗਾ। ਸਾਡੀਆਂ ਸਰਕਾਰਾਂ ਅੱਜ ਦੇ ਦਿਨ ਸ਼ਰਾਬ ਦੀ ਵਿਕਰੀ ਦੀ ਆਮਦਨ ਨਾਲ ਚਲ ਰਹੀਆਂ ਹਨ। ‘ਘਰ ਦੀ ਸ਼ਰਾਬ’ ਪੀਣ ਵਾਲਾ ਵੱਡਾ ਤਬਕਾ ਹੈ ਜੋ ਕਿ ਗ਼ਰੀਬ ਹੈ। ਗ਼ਰੀਬ ਵਾਸਤੇ 150 ਦੀ ਬੋਤਲ ਹੀ ਉਸ ਦੀ ਅੱਧੀ ਦਿਹਾੜੀ ਦੀ ਕਮਾਈ ਖਾ ਜਾਂਦੀ ਹੈ। ਤੇ ਜੇ ਪੰਜਾਬ ਵਿਚ ਗ਼ਰੀਬ ਸਸਤੀ ਸ਼ਰਾਬ ਪੀਂਦਾ ਹੈ ਤਾਂ ਇਹ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਕਿ ਇਸ ਵਿਚ ਸਸਤੀ ਸ਼ਰਾਬ ਦੇ ਨਾਮ ’ਤੇ ਲੋਕਾਂ ਨੂੰ ਜ਼ਹਿਰ ਨਾ ਪੀਣਾ ਪਵੇ।
ਸੰਗਰੂਰ ਵਿਚ ਜਿਸ ਨਕਲੀ ਸ਼ਰਾਬ ਕਾਰਨ 20 ਲੋਕਾਂ ਦੀ ਮੌਤ ਹੋਈ, ਉਹ ਕੋਈ ਵਿਰਲਾ ਹਾਦਸਾ ਨਹੀਂ ਸੀ। ਇਹ ਪੰਜਾਬ ਦੇ ਪਿੰਡਾਂ ਵਿਚ ਨਕਲੀ ਸ਼ਰਾਬ ਦਾ ਵਿਛਿਆ ਜਾਲ ਹੈ ਜੋ 2020 ਤੋਂ ਬਾਅਦ ਘਟਿਆ ਨਹੀਂ ਤੇ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪੰਜਾਬ ਪੁਲਿਸ ਉਤੇ ਆਉਂਦੀ ਹੈ। ਪਟਿਆਲਾ ਤਾਏਪੁਰ ਦੇ ਪਿੰਡ ਦੇ ਘਰ ਤੋਂ 17 ਸ਼ਰਾਬ ਦੇ ਬਕਸੇ ਚਲਦੇ ਹਨ ਤੇ ਹੱਥ ਬਦਲਦੇ ਬਦਲਦੇ ਸੰਗਰੂਰ ਦੇ ਗ਼ਰੀਬ ਦੇ ਘਰ ਪਹੁੰਚਦੇ ਹਨ ਅਤੇ ਇਸ ਸਾਰੇ ਘਟਨਾਕ੍ਰਮ ਦੀ ਪੰਜਾਬ ਪੁਲਿਸ ਨੂੰ ਜਾਣਕਾਰੀ ਹੀ ਨਹੀਂ ਮਿਲਦੀ।
ਐਕਸਾਈਜ਼ ਵਿਭਾਗ ਦੇ ਇਕ ਕਮਿਸ਼ਨਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਅੱਗੇ ਆ ਕੇ ਦਸਣਾ ਚਾਹੀਦਾ ਹੈ ਕਿ ਇਥੇ ਨਕਲੀ ਸ਼ਰਾਬ ਵਿਕ ਰਹੀ ਹੈ। ਪਰ ਆਮ ਵੇਖਿਆ ਗਿਆ ਹੈ ਕਿ ਜਦ ਲੋਕ ਪੁਲਿਸ ਕੋਲ ਜਾ ਕੇ ਦਸਦੇ ਹਨ ਤਾਂ ਪੁਲਿਸ ਉਨ੍ਹਾਂ ਨੂੰ ਹੀ ਹਿਰਾਸਤ ਵਿਚ ਲੈ ਲੈਂਦੀ ਹੈ। ਪਿੰਡਾਂ ਵਿਚ ਜਿਹੜੇ ਨਸ਼ਾ ਵਿਰੋਧੀ ਮੰਚ ਬਣੇ ਹੋਏ ਹਨ, ਉਹ ਲਹਿਰ ਵੀ ਅਟਕ ਜਾਣ ਲਈ ਮਜਬੂਰ ਹੋ ਗਈ ਹੈ ਕਿਉਂਕਿ ਐਸਐਚਓ ਪੱਧਰ ਤੇ ਸਮਰਥਨ ਦੀ ਥਾਂ ਰੁਕਾਵਟ ਤੇ ਦਿਕਤਾਂ ਵੇਖਣ ਨੂੰ ਮਿਲਦੀਆਂ ਹਨ।
ਅੱਜ ਅਸੀ ਵੇਖਿਆ ਹੈ ਕਿ ਪੰਜਾਬ ਪੁਲਿਸ ਨੂੰ ਕਦੇ ਜੇਲਾਂ ਵਿਚ ਫ਼ੋਨ ਮਿਲਣ ਤੇ ਕਦੇ ਨਸ਼ੇ ਦੀ ਵਿਕਰੀ ਕਾਰਨ ਅਦਾਲਤਾਂ ਤੋਂ ਫਟਕਾਰ ਮਿਲ ਰਹੀ ਹੈ। ਹੁਣ ਇਹ ਇਕ ਨਵਾਂ ਕਾਰੋਬਾਰ ਹੈ ਜੋ ਪੰਜਾਬ ਪੁਲਿਸ ਦੇ ਨੱਕ ਹੇਠ ਵੱਧ ਤੇ ਫੈਲ ਰਿਹਾ ਹੈ। ਇਹ ਨਾ ਸਿਰਫ਼ ਨਸ਼ਾ ਜਾਂ ਨਕਲੀ ਸ਼ਰਾਬ ਦਾ ਬਲਕਿ ਪੰਜਾਬ ਪੁਲਿਸ ਦੇ ਕਮਜ਼ੋਰ ਈਮਾਨ ਵਾਲੇ ਮੁਲਾਜ਼ਮਾਂ ਦਾ ਮਾਮਲਾ ਹੈ ਜੋ ਭਾਵੇਂ ਗਿਣਤੀ ਵਿਚ ਘੱਟ ਹਨ ਪਰ ਸੂਬੇ ਦਾ ਵੱਡਾ ਨੁਕਸਾਨ ਕਰ ਰਹੇ ਹਨ। ਵਰਦੀ ਦੀ ਗ਼ਲਤ ਵਰਤੋਂ ਨੂੰ ਰੋਕਣ ਲਈ ਚੁੱਕੇ ਗਏ ਸਖ਼ਤ ਕਦਮਾਂ ਸਦਕਾ ਪੰਜਾਬ ਦੇ ਕਈ ਮਸਲੇ ਵੀ ਹੱਲ ਹੋ ਜਾਣਗੇ। - ਨਿਮਰਤ ਕੌਰ