
ਜਿਸ ਵਿਕਾਸ ਦੇ ਮੁੱਦੇ ਤੇ ਮੋਦੀ ਜੀ ਸੱਤਾ ਵਿਚ ਆਏ, ਉਸ ਨੂੰ ਤਾਂ ਅਮਿਤ ਸ਼ਾਹ ਨੇ ਆਪ ਹੀ ਜੁਮਲਾ ਕਹਿ ਕੇ ਛੁਟਿਆ ਦਿਤਾ ਸੀ। ਜਿਸ ਤਰ੍ਹਾਂ ਅੱਜ ਭਾਰਤ ਵਿਚ ਨਾਬਰਾਬਰੀ ਵੱਧ ...
ਜਿਸ ਵਿਕਾਸ ਦੇ ਮੁੱਦੇ ਤੇ ਮੋਦੀ ਜੀ ਸੱਤਾ ਵਿਚ ਆਏ, ਉਸ ਨੂੰ ਤਾਂ ਅਮਿਤ ਸ਼ਾਹ ਨੇ ਆਪ ਹੀ ਜੁਮਲਾ ਕਹਿ ਕੇ ਛੁਟਿਆ ਦਿਤਾ ਸੀ। ਜਿਸ ਤਰ੍ਹਾਂ ਅੱਜ ਭਾਰਤ ਵਿਚ ਨਾਬਰਾਬਰੀ ਵੱਧ ਰਹੀ ਹੈ, ਜਾਪਦਾ ਨਹੀਂ ਕਿ ਦੇਸ਼ ਦਾ ਵਪਾਰੀ ਵਰਗ ਅਪਣੇ ਮੁਨਾਫ਼ੇ ਦਾ ਕੁੱਝ ਹਿੱਸਾ ਆਮ ਇਨਸਾਨ ਤਕ ਪਹੁੰਚਾਉਣ ਲਈ ਤਿਆਰ ਹੈ। ਪਰ ਸਮਾਜ ਵਿਚ ਵਧਦੀ ਨਫ਼ਰਤ ਅਤੇ ਮੀਡੀਆ ਰੀਪੋਰਟਿੰਗ ਵਿਚ ਪਸਰਦਾ ਝੂਠ, ਭਾਰਤ ਦੇ ਵਿਕਾਸ ਦੀ ਕਹਾਣੀ ਨੂੰ ਜ਼ਿਆਦਾ ਦੇਰ ਨਹੀਂ ਚੱਲਣ ਦੇਣਗੇ।
ਅੱਜ ਭਾਰਤ ਨੂੰ ਸੋਚਣਾ ਪਵੇਗਾ ਕਿ ਇਸ ਗ਼ਰੀਬ, ਸੱਭ ਤੋਂ ਤੇਜ਼ੀ ਨਾਲ ਵਧਦੀ ਆਬਾਦੀ ਵਾਲੇ ਦੇਸ਼ ਵਾਸਤੇ, ਕਿਸ ਤਰ੍ਹਾਂ ਦੀ ਸੋਚ ਸਹੀ ਹੋਵੇਗੀ। ਕੀ ਭਾਜਪਾ ਸਰਕਾਰ ਅਪਣੇ ਵਾਅਦਿਆਂ ਉਤੇ ਅਮਲ ਕਰਨ ਵਿਚ ਕਾਮਯਾਬ ਰਹੀ ਹੈ?
ਮੋਦੀ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਚਰਚਾ, ਉਨ੍ਹਾਂ ਦੇ ਸਮਾਜ ਉਤੇ ਪਏ ਅਸਰ ਨੂੰ ਪੜਚੋਲੇ ਬਗ਼ੈਰ ਸੰਪੂਰਨ ਨਹੀਂ ਹੋ ਸਕਦੀ। ਮੋਦੀ ਸਰਕਾਰ ਦਾ, ਧਾਰਮਕ ਅਤੇ ਸਮਾਜਕ ਮੁੱਦਿਆਂ ਉਤੇ ਜਿਸ ਤਰ੍ਹਾਂ ਦਾ ਪ੍ਰਭਾਵ ਵੇਖਿਆ ਗਿਆ ਹੈ, ਉਹ ਐਨ.ਡੀ.ਏ.-1 ਜਾਂ ਐਨ.ਡੀ.ਏ.-2 ਦੀ ਨਹੀਂ ਸਗੋਂ ਇੰਦਰਾ ਗਾਂਧੀ ਦੀ ਰਣਨੀਤੀ ਨਾਲ ਮੇਲ ਖਾਂਦਾ ਹੈ।
ਇਸ ਕਰ ਕੇ ਕਈ ਵਾਰੀ ਮੌਜੂਦਾ ਸਰਕਾਰ ਦੇ ਰਾਜ ਨੂੰ ਇਕ ਅਣਐਲਾਨੀ ਐਮਰਜੈਂਸੀ ਵੀ ਆਖਿਆ ਗਿਆ ਹੈ। ਆਰ.ਐਸ.ਐਸ. ਵਿਚੋਂ ਜਨਮੀ ਭਾਜਪਾ ਵਲੋਂ ਪਿਛਲੇ ਚਾਰ ਸਾਲਾਂ ਵਿਚ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਭਾਰਤ ਵਿਚ ਵੱਖ-ਵੱਖ ਤਰੀਕਿਆਂ ਨਾਲ ਪ੍ਰਚਲਿਤ ਕਰਨ ਦੇ ਯਤਨ ਵੇਖੇ ਗਏ ਹਨ। ਗਊਮਾਸ ਦਾ ਮਹੱਤਵ ਹਮੇਸ਼ਾ ਤੋਂ ਭਾਰਤ ਵਿਚ ਰਿਹਾ ਹੈ ਪਰ ਇਸ ਨੂੰ ਸਿਆਸੀ ਰੰਗਤ ਦੇ ਕੇ ਇਸ ਦੇ ਨਾਂ ਤੇ ਜਿਸ ਤਰ੍ਹਾਂ ਹਿੰਸਾ ਵਾਰ ਵਾਰ ਵੇਖੀ ਗਈ ਅਤੇ ਲਗਾਤਾਰ ਵੇਖੀ ਜਾ ਰਹੀ ਹੈ, ਉਸ ਨੇ ਭਾਰਤ ਦੇ ਕੋਮਾਂਤਰੀ ਅਕਸ ਨੂੰ ਦਾਗ਼ਦਾਰ ਕੀਤਾ ਹੈ।
ਇਸੇ ਕੱਟੜ ਸੋਚ ਨੇ ਮੁਸਲਮਾਨਾਂ ਵਿਰੁਧ ਸੋਚ ਨੂੰ ਹਵਾ ਦਿਤੀ ਜਿਸ ਦਾ ਅਸਰ ਦੇਸ਼ ਭਰ ਵਿਚ ਵੇਖਿਆ ਜਾ ਰਿਹਾ ਹੈ ਪਰ ਇਸ ਨਫ਼ਰਤ ਦਾ ਅਸਰ ਕਸ਼ਮੀਰ ਦੀ ਲਗਾਤਾਰ ਵਿਗੜਦੀ ਸਥਿਤੀ ਵਿਚ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਲਵ-ਜੇਹਾਦ, ਘਰ ਵਾਪਸੀ ਵਰਗੇ ਮੁੱਦੇ ਗਲੀਆਂ ਚੌਰਾਹਿਆਂ ਵਿਚ ਉਛਾਲੇ ਗਏ ਜਿਸ ਨਾਲ ਫ਼ਿਰਕੂ ਹਿੰਸਾ ਵਿਚ ਉਲਝੀਆਂ ਭੀੜਾਂ ਦਾ ਭੱਦਾ ਚਿਹਰਾ ਵੇਖਣ ਨੂੰ ਮਿਲਿਆ। ਅਖ਼ਲਾਕ, ਜੁਨੈਦ, ਕਠੂਆ ਕਾਂਡ ਵਰਗੇ ਕਤਲਾਂ ਨੇ ਸਿਆਸਤਦਾਨਾਂ ਦੀ ਪੁਸ਼ਤ-ਪਨਾਹੀ ਕਾਰਨ ਫੈਲੀ ਨਫ਼ਰਤ ਦਾ ਭਾਰਤੀ ਸਮਾਜ ਉਤੇ ਅਸਰ ਹੁੰਦਾ ਵਿਖਾ ਕੇ ਘੱਟ ਗਿਣਤੀਆਂ ਦੇ ਮਨਾਂ ਵਿਚ ਖ਼ੌਫ਼ ਭਰ ਦਿਤਾ ਹੈ।
ਇਨ੍ਹਾਂ ਚਾਰ ਸਾਲਾਂ ਵਿਚ ਭਾਰਤੀ ਪੱਤਰਕਾਰੀ ਅਤੇ ਮੀਡੀਆ ਦੇ ਕਿਰਦਾਰ ਵਿਚ ਵੀ ਵੱਡੀ ਗਿਰਾਵਟ ਆਈ ਹੈ ਜਿਸ ਨੂੰ ਵਾਰ ਵਾਰ ਕੋਮਾਂਤਰੀ ਪੱਧਰ ਦੇ ਸਰਵੇਖਣ ਨੇ ਉਜਾਗਰ ਕੀਤਾ। ਭਾਰਤ ਦੇ ਵਿਧਾਇਕਾਂ ਵਿਚ ਅਪਰਾਧੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਸ ਵਿਚੋਂ ਸੱਭ ਤੋਂ ਅੱਗੇ ਭਾਜਪਾ ਰਹੀ ਹੈ ਜਿਨ੍ਹਾਂ ਦੇ 40% ਵਿਧਾਇਕਾਂ ਉਤੇ ਕਿਸੇ ਨਾ ਕਿਸੇ ਅਪਰਾਧ ਦਾ ਮਾਮਲਾ ਦਰਜ ਹੈ। ਭਾਰਤ ਵਿਚ ਔਰਤਾਂ ਦੇ ਮੁੱਦਿਆਂ ਤੇ ਕਮਜ਼ੋਰੀ ਵਧੀ ਹੈ ਤੇ ਬਲਾਤਕਾਰਾਂ ਵਿਚ ਵਾਧਾ ਹੋਇਆ ਹੈ। ਔਰਤਾਂ ਨੂੰ ਸਿਆਸਤ ਵਿਚ 30% ਰਾਖਵਾਂਕਰਨ ਨਹੀਂ ਦਿਤਾ ਗਿਆ ਅਤੇ ਨਾ ਹੀ ਔਰਤਾਂ ਦੇ ਹੱਕਾਂ ਬਾਰੇ ਕਾਨੂੰਨਾਂ ਨੂੰ ਤਾਕਤਵਰ ਬਣਾਇਆ ਗਿਆ ਹੈ।
Dr. B.R Ambedkar
ਕੰਮਕਾਜੀ ਔਰਤਾਂ ਦੇ ਪਤੀਆਂ ਦੀ ਜਾਇਦਾਦ ਉਤੇ ਹੱਕ ਬਾਰੇ ਕਾਨੂੰਨ ਨੂੰ ਭਾਜਪਾ ਦੇ ਆਉਂਦੇ ਹੀ ਵਿਆਹ ਦੇ ਰਿਸ਼ਤੇ ਨੂੰ ਬਚਾਉਣ ਦੇ ਨਾਂ ਤੇ ਰੋਕ ਲਿਆ ਗਿਆ। ਬੇਟੀ ਬਚਾਉ-ਬੇਟੀ ਪੜ੍ਹਾਉ ਸਿਰਫ਼ ਪ੍ਰਚਾਰ ਦਾ ਇਕ ਨਾਹਰਾ ਬਣ ਕੇ ਰਹਿ ਗਿਆ ਹੈ। ਇਨ੍ਹਾਂ ਚਾਰ ਸਾਲਾਂ ਵਿਚ ਸਮਾਜ ਅੰਦਰ ਨਫ਼ਰਤ ਵਧੀ ਹੈ ਪਰ ਅਫ਼ਸੋਸ ਕਿ ਇਸ ਨਫ਼ਰਤ ਨੂੰ ਵਧਾਉਣ ਪਿੱਛੇ ਇਕ ਸੋਚੀ-ਸਮਝੀ ਯੋਜਨਾ ਕੰਮ ਕਰਦੀ ਵੇਖੀ ਜਾਂਦੀ ਰਹੀ ਜਿਸ ਨੇ ਭਾਰਤ ਦੇ ਧਰਮ ਅਤੇ ਜਾਤ ਦੀਆਂ ਦਰਾੜਾਂ ਨੂੰ ਚੌੜਾ ਕਰ ਕੇ ਸਿਆਸੀ ਲਾਹਾ ਤਾਂ ਲਿਆ ਹੀ ਪਰ ਹੁਣ ਭਾਰਤ ਦੇ ਸਭਿਆਚਾਰ ਦੀ ਪਰਿਭਾਸ਼ਾ ਦੀ ਚਾਲ ਨੂੰ ਪੁਰਾਤਨ ਕਾਲ ਵਿਚ ਧੱਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਅੱਜ ਸਾਡਾ ਸਮਾਜ ਏਨਾ ਬੌਂਦਲ ਗਿਆ ਹੈ ਕਿ ਉਹ ਅਪਣੇ ਸੰਵਿਧਾਨ ਦੇ ਨਿਰਮਾਤਾਵਾਂ ਉਤੇ ਜਾਤ ਮੁਤਾਬਕ ਨਫ਼ਰਤ ਫੈਲਾਉਣ ਦਾ ਭਾਂਡਾ ਭੰਨ ਰਿਹਾ ਹੈ। ਬਾਬਾ ਸਾਹਿਬ ਅੰਬੇਦਕਰ, ਸ਼ਾਇਦ ਭਾਰਤ ਦੇ ਕੁੱਝ ਅਨਮੋਲ ਰਤਨਾਂ ਵਿਚੋਂ ਸਨ ਜਿਨ੍ਹਾਂ ਨੇ ਅਪਣੇ ਜੀਵਨਕਾਲ ਵਿਚ ਅਪਣੇ ਉਤੇ ਬੀਤੇ ਸਮੇਂ ਦੀ ਉਂਡੇਲੀ ਨਫ਼ਰਤ ਤੋਂ ਉਪਰ ਉਠ ਕੇ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੇ ਕਾਨੂੰਨ ਬਣਾਏ ਸਨ ਪਰ ਅੱਜ ਉਨ੍ਹਾਂ ਦੀ ਜਾਤ ਕਰ ਕੇ ਹੀ ਉਨ੍ਹਾਂ ਦੇ ਬੁੱਤਾਂ ਦੀ ਥਾਂ ਥਾਂ ਤੋੜਭੰਨ ਹੁੰਦੀ ਰਹਿੰਦੀ ਹੈ।
ਜਿਸ ਵਿਕਾਸ ਦੇ ਮੁੱਦੇ ਤੇ ਮੋਦੀ ਜੀ ਸੱਤਾ ਵਿਚ ਆਏ, ਉਸ ਨੂੰ ਤਾਂ ਅਮਿਤ ਸ਼ਾਹ ਨੇ ਆਪ ਹੀ ਜੁਮਲਾ ਕਹਿ ਕੇ ਛੁਟਿਆ ਦਿਤਾ ਸੀ। ਜਿਸ ਤਰ੍ਹਾਂ ਅੱਜ ਭਾਰਤ ਵਿਚ ਨਾਬਰਾਬਰੀ ਵੱਧ ਰਹੀ ਹੈ, ਜਾਪਦਾ ਨਹੀਂ ਕਿ ਦੇਸ਼ ਦਾ ਵਪਾਰੀ ਵਰਗ ਅਪਣੇ ਮੁਨਾਫ਼ੇ ਦਾ ਕੁੱਝ ਹਿੱਸਾ ਆਮ ਇਨਸਾਨ ਤਕ ਪਹੁੰਚਾਉਣ ਲਈ ਤਿਆਰ ਹੈ।
ਪਰ ਸਮਾਜ ਵਿਚ ਵਧਦੀ ਨਫ਼ਰਤ ਅਤੇ ਮੀਡੀਆ ਰੀਪੋਰਟਿੰਗ ਵਿਚ ਪਸਰਦਾ ਝੂਠ, ਭਾਰਤ ਦੇ ਵਿਕਾਸ ਦੀ ਕਹਾਣੀ ਨੂੰ ਜ਼ਿਆਦਾ ਦੇਰ ਨਹੀਂ ਚੱਲਣ ਦੇਣਗੇ। ਅੱਜ ਭਾਰਤ ਨੂੰ ਸੋਚਣਾ ਪਵੇਗਾ ਕਿ ਇਸ ਗ਼ਰੀਬ, ਸੱਭ ਤੋਂ ਤੇਜ਼ੀ ਨਾਲ ਵਧਦੀ ਆਬਾਦੀ ਵਾਲੇ ਦੇਸ਼ ਵਾਸਤੇ, ਕਿਸ ਤਰ੍ਹਾਂ ਦੀ ਸੋਚ ਸਹੀ ਹੋਵੇਗੀ। ਕੀ ਭਾਜਪਾ ਸਰਕਾਰ ਅਪਣੇ ਵਾਅਦਿਆਂ ਉਤੇ ਅਮਲ ਕਰਨ ਵਿਚ ਕਾਮਯਾਬ ਰਹੀ ਹੈ? -ਨਿਮਰਤ ਕੌਰ