ਸਾਨੂੰ ਸਿਆਸੀ ਪਾਰਟੀਆਂ ਨੇ ਮੁਫ਼ਤਖ਼ੋਰੀ ਦੀ ਐਸੀ ਆਦਤ ਪਾ ਦਿਤੀ ਹੈ ਕਿ ਅਸੀ ਉਨ੍ਹਾਂ ਵਾਅਦਿਆਂ ਵਲ ਵੇਖ ਕੇ ਹੀ ਵੋਟਾਂ ਪਾਉਣ ਲੱਗ ਜਾਂਦੇ ਹਾਂ।
ਕੋਟਾ ਰਾਜਸਥਾਨ ਵਿਚ ਦੋ ਨੌਜੁਆਨਾਂ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਤੋਂ ਪ੍ਰੀਖਿਆਵਾਂ ਤੇ ਟੈਸਟਾਂ ਦਾ ਦਬਾਅ ਬਰਦਾਸ਼ਤ ਨਾ ਹੋਇਆ। ਇਸ ਸਾਲ ਹੁਣ ਤਕ 23 ਬੱਚਿਆਂ ਨੇ ਕੋਟਾ ਵਿਚ ਖ਼ੁਦਕੁਸ਼ੀ ਕਰ ਲਈ ਹੈ। ਉਥੇ ਜੋ ਬੱਚੇ ਅਫ਼ਸਰੀ, ਇੰਜੀਨੀਅਰਿੰਗ, ਡਾਕਟਰੀ ਦੇ ਇਮਤਿਹਾਨਾਂ ਵਾਸਤੇ ਜਾਂਦੇ ਹਨ, ਉਹ ਲੱਖਾਂ ਦੀ ਗਿਣਤੀ ਵਿਚ ਹੁੰਦੇ ਹਨ ਜਿਨ੍ਹਾਂ ’ਚੋਂ ਹਜ਼ਾਰਾਂ ਨੂੰ ਕਿਸੇ ਕਿਸੇ ਥਾਂ ਸਫ਼ਲਤਾ ਮਿਲ ਵੀ ਜਾਂਦੀ ਹੈ ਤੇ ਬਾਕੀ ਦੇ ਫਿਰ ਜਦੋਜਹਿਦ ਵਿਚ ਪਿਸਣ ਲੱਗ ਜਾਂਦੇ ਹਨ। ਇਨ੍ਹਾਂ ਖ਼ੁਦਕੁਸ਼ੀਆਂ ਤੋਂ ਬਾਅਦ ਕੋਟਾ ਵਿਚ ਪੱਖਿਆਂ ਅਤੇ ਛੱਤਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਪਰ ਕੀ ਪੱਖਿਆਂ ਵਿਚ ਸਪਰਿੰਗ ਤੇ ਛੱਤਾਂ ’ਤੇ ਜਾਲੀਆਂ ਲਗਾਉਣ ਨਾਲ ਇਨ੍ਹਾਂ ਬੱਚਿਆਂ ਦਾ ਭਵਿੱਖ ਬਦਲਿਆ ਜਾ ਸਕਦਾ ਹੈ? ਪ੍ਰਧਾਨ ਮੰਤਰੀ ਨੇ 51 ਹਜ਼ਾਰ ਸਰਕਾਰੀ ਨੌਕਰੀਆਂ ਵੰਡੀਆਂ (ਜਿਨ੍ਹਾਂ ਵਿਚ ਫ਼ੌਜ ਵਿਚ ਸ਼ਾਰਟ ਸਰਵਿਸ ਦੀ ਆਸਾਮੀ ਵੀ ਸ਼ਾਮਲ ਹੈ) ਤੇ ਨੌਕਰੀ ਮੇਲਿਆਂ ਦੀ ਸ਼ੁਰੂਆਤ ਕੀਤੀ।
ਪਰ ਹਕੀਕਤ ਇਹ ਵੀ ਹੈ ਕਿ ਭਾਰਤ ਵਿਚ ਹਰ ਸਾਲ 3-4 ਕਰੋੜ ਨਵੇਂ ਬੇਰੁਜ਼ਗਾਰ ਪੈਦਾ ਹੋ ਜਾਂਦੇ ਹਨ। ਭਾਰਤ ਵਿਚ ਸਟਾਰਟਅਪਸ ਦੀ ਵਿਦੇਸ਼ੀ ਨਿਵੇਸ਼ ਨਾਲ ਜਿਹੜੀ ਸ਼ੁਰੂਆਤ ਹੋਈ ਸੀ, ਉਹ ਵੀ 68 ਫ਼ੀ ਸਦੀ ਹੇਠਾਂ ਡਿੱਗ ਕੇ ਮੱਠੀ ਪੈ ਰਹੀ ਹੈ। ਸਾਡੇ ਦੇਸ਼ ਵਿਚ 118 ਅਰਬਪਤੀ ਹਨ ਪਰ ਕਰੋੜਾਂ ਬੇਰੁਜ਼ਗਾਰਾਂ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਸਰਕਾਰੀ ਨੌਕਰੀਆਂ ਤੇ ਅਫ਼ਸਰਾਂ, ਇੰਜੀਨੀਅਰਾਂ, ਡਾਕਟਰਾਂ ਅਤੇ ਵਿਦੇਸ਼ਾਂ ਵਿਚ ਜਾਂਦੇ ਬੱਚਿਆਂ ਦੀ ਗਿਣਤੀ ਹਰ ਸਾਲ ਲੱਖਾਂ ਤਕ ਪਹੁੰਚ ਜਾਂਦੀ ਹੈ।
ਸਾਡੇ ਨੀਤੀਕਾਰਾਂ ਨੂੰ ਕਰੋੜਾਂ ਬੇਰੁਜ਼ਗਾਰਾਂ ਵਾਸਤੇ ਰੁਜ਼ਗਾਰ ਪੈਦਾ ਕਰਨ ਦੀ ਨੀਤੀ ਬਣਾਉਣੀ ਪਵੇਗੀ। ਇਹ ਬੱਚੇ ਪੜ੍ਹਾਈ ਦੇ ਭਾਰ ਕਾਰਨ ਖ਼ੁਦਕੁਸ਼ੀ ਨਹੀਂ ਕਰ ਰਹੇ ਬਲਕਿ ਇਹ ਅਪਣੇ ਭਵਿੱਖ ਵਿਚ ਆਈ ਨਿਰਾਸ਼ਾ ਕਾਰਨ ਖ਼ੁਦਕੁਸ਼ੀ ਕਰਨ ਵਾਸਤੇ ਮਜਬੂਰ ਹੋ ਰਹੇ ਹਨ। ਬੱਚਿਆਂ ਨੂੰ ਪਤਾ ਹੈ ਕਿ ਜੇ ਇਹ ਇਮਤਿਹਾਨ ਨਾ ਪਾਸ ਕੀਤੇ ਤਾਂ ਭਵਿੱਖ ਵਿਚ ਕੋਈ ਉਮੀਦ ਨਹੀਂ ਬਚੇਗੀ ਤੇ ਜਦ ਬੱਚਾ ਇਸ ਤਰ੍ਹਾਂ ਦੇ ਇਮਤਿਹਾਨ ਦੀ ਤਿਆਰੀ ਕਰਦਾ ਹੈ ਤਾਂ ਉਹ ਵੱਡੇ ਖ਼ੁਆਬ ਸਜਾਉਂਦਾ ਹੈ ਤਾਕਿ ਅਪਣੇ ਆਪ ਅੰਦਰ ਇਕ ਉਮੀਦ ਜਗਾ ਸਕੇ। ਤੇ ਉਸ ਖ਼ੁਆਬ ਦੇ ਟੁੱਟਣ ਤੋਂ ਬਾਅਦ ਦੂਜਾ ਖ਼ੁਆਬ ਸਮਝ ਤੋਂ ਬਾਹਰ ਹੋ ਜਾਂਦਾਹੈ।
ਸਾਨੂੰ ਸਿਆਸੀ ਪਾਰਟੀਆਂ ਨੇ ਮੁਫ਼ਤਖ਼ੋਰੀ ਦੀ ਐਸੀ ਆਦਤ ਪਾ ਦਿਤੀ ਹੈ ਕਿ ਅਸੀ ਉਨ੍ਹਾਂ ਵਾਅਦਿਆਂ ਵਲ ਵੇਖ ਕੇ ਹੀ ਵੋਟਾਂ ਪਾਉਣ ਲੱਗ ਜਾਂਦੇ ਹਾਂ। ਮੁਫ਼ਤ ਬਿਜਲੀ ਦਾ ਫ਼ਾਇਦਾ ਸਿਰਫ਼ ਉਸ ਵਕਤ ਹੈ ਜਦ ਤੁਸੀ ਅਪਣੇ ਵਾਸਤੇ ਪੱਖਾ ਜਾਂ ਏਸੀ ਖ਼ਰੀਦਣ ਦੀ ਸਮਰੱਥਾ ਰਖਦੇ ਹੋਵੋ। 5 ਕਿਲੋ ਚਾਵਲ ਜਾਂ 2 ਹਜ਼ਾਰ ਰੁਪਏ ਲੈਣ ਲਈ, ਵੋਟ ਵੇਚਦੇ ਵਕਤ ਸਿਆਸਤਦਾਨ ਦੀ ਖੇਡ ਵਲ ਧਿਆਨ ਕਿਉਂ ਦੇਂਦੇ ਹੋ? ਕੀ ਉਹ ਐਸੀ ਨੀਤੀ ਲੈ ਕੇ ਆਵੇਗਾ ਜਿਸ ਨਾਲ ਤੁਹਾਨੂੰ ਅਪਣੇ ਪੱਧਰ ਤੇ ਕੋਈ ਮੱਧਮ ਜਾਂ ਛੋਟਾ ਕਾਰੋਬਾਰ ਕਰਨ ਦੀ ਆਜ਼ਾਦੀ ਹੋਵੇਗੀ? ਉਸ ਧਿਰ ਨੂੰ ਵੋਟ ਪਾਉ ਜੋ ਤੁਹਾਡੇ ਆਸ ਪਾਸ ਐਸਾ ਮਾਹੌਲ ਸਿਰਜਦੀ ਹੈ ਜਿਥੇ ਹਰ ਕਾਰੋਬਾਰ ਫੈਲ ਸਕਦਾ ਹੈ। ਸਿਰਫ਼ 0.01 ਫ਼ੀ ਸਦੀ ਲੋਕ ਹੀ ਅਰਬਪਤੀ ਜਾਂ ਪੂੰਜੀਪਤੀ ਬਣਦੇ ਹਨ। ਅਪਣੇ ਸੁਪਨਿਆਂ ਵਿਚ ਸਵੈ-ਨਿਰਭਰ ਆਰਥਕਤਾ ਨੂੰ ਜਗਾ ਦੇਵੋ। ਮੁਫ਼ਤਖ਼ੋਰੀ ਬਦਲੇ ਨਹੀਂ ਬਲਕਿ ਤੁਹਾਡੀ ਆਮਦਨ (ਕਮਾਈ) ਵਿਚ ਵਾਧਾ ਕਰਨ ਦੇ ਸਾਧਨਾਂ ਦਾ ਪ੍ਰਬੰਧ ਕਰਨ ਵਾਲੇ ਨੂੰ ਹੀ ਵੋਟ ਪਾਉ।
- ਨਿਮਰਤ ਕੌਰ