ਜੇ ਆਪ ਸਿੱਖੀ ਵਿਚ ਪੂਰਾ ਹੋਵੇ
Published : Dec 7, 2017, 10:35 pm IST
Updated : Dec 7, 2017, 5:05 pm IST
SHARE ARTICLE

ਚ ਰ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਪਿੰਡ ਦੇ ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਨੌਵੀਂ ਤੋਂ ਕਾਫ਼ੀ ਸਾਰੀ ਸੰਗਤ ਨੇ ਪ੍ਰਭਾਤ ਫੇਰੀ ਸ਼ੁਰੂ ਕਰ ਕੇ ਢਾਬਵਾਲਾ ਵਿਖੇ ਸਮਾਪਤ ਕੀਤੀ। ਕਹਿਣ ਨੂੰ ਤਾਂ ਇਹ ਪ੍ਰਭਾਤ ਫੇਰੀ ਸੀ, ਪਰ ਇਹ ਸ਼ੁਰੂ ਰਾਤ ਦੇ ਦੋ ਵਜੇ ਕੀਤੀ ਗਈ। ਜਦ ਇਹ ਸੰਗਤ ਬੱਸ ਅੱਡੇ ਪਹੁੰਚੀ ਤਾਂ ਵੇਖਿਆ ਕਿ ਇਨ੍ਹਾਂ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਦੀ ਤਸਵੀਰ ਰਿਕਸ਼ਾ ਰੇਹੜੀ ਵਿਚ ਸਜਾਈ ਹੋਈ ਸੀ। ਇਕ ਸੱਜਣ ਨੇ ਵੱਡਾ ਨਿਸ਼ਾਨ ਸਾਹਿਬ ਚੁਕਿਆ ਹੋਇਆ ਸੀ। ਢੋਲਕੀ, ਵਾਜੇ ਅਤੇ ਛੈਣਿਆਂ ਸਮੇਤ ਸਪੀਕਰ ਲਗਾ ਕੇ ਉੱਚੀ ਆਵਾਜ਼ ਵਿਚ ਸ਼ਬਦ ਪੜ੍ਹੇ ਜਾ ਰਹੇ ਸਨ। ਇਹ ਵਰਤਾਰਾ ਤਾਂ ਆਮ ਹੀ ਸੀ ਜੋ ਲਗਭਗ ਅਜਿਹੇ ਸਾਰੇ ਸਮਾਗਮਾਂ ਵਿਚ ਹਰ ਥਾਂ ਹੁੰਦਾ ਹੀ ਹੈ। ਪਰ ਮੇਰੇ ਲਈ ਇਹ ਗੱਲ ਅਚੰਭੇ ਵਾਲੀ ਸੀ ਕਿ ਕਈ ਸਿੱਖ ਗੁਰੂ ਸਾਹਿਬ ਦੀ ਤਸਵੀਰ ਨੂੰ ਰੁਪਇਆਂ ਨਾਲ ਮੱਥਾ ਟੇਕ ਰਹੇ ਸਨ। ਇਥੇ ਇਸ ਮਸਲੇ ਬਾਰੇ ਕਿੰਤੂ-ਪ੍ਰੰਤੂ ਕਰਨਾ ਮੈਂ ਮੁਨਾਸਬ ਨਾ ਸਮਝਿਆ ਅਤੇ ਅਪਣਾ ਗੁੱਭ-ਗੁਭਾਟ ਅੰਦਰ ਹੀ ਸਮੇਟ ਕੇ ਘਰ ਵਾਪਸ ਮੁੜ ਆਇਆ। ਅਜਿਹੀ ਸੰਗਤ ਦਾ ਹਿੱਸਾ ਤਾਂ ਮੈਂ ਕੀ ਬਣਨਾ ਸੀ, ਜਿਹੜੀ ਅੱਧੀ ਰਾਤ ਨੂੰ ਸੁੱਤੇ ਪਏ ਕਿਰਤੀ ਲੋਕਾਂ ਦੀ ਨੀਂਦ ਵਿਚ ਸਪੀਕਰ ਲਗਾ ਕੇ ਖ਼ਲਲ ਪੈਦਾ ਕਰ ਰਹੀ ਸੀ। ਸਹਿਜ ਸੁਭਾਅ ਲੰਘ ਜਾਂਦੇ ਤਾਂ ਗੱਲ ਹੋਰ ਸੀ। ਕੁੱਝ ਦਿਨ ਬਾਅਦ ਨਿਸ਼ਾਨ ਸਾਹਿਬ ਚੁੱਕਣ ਵਾਲੇ ਸ਼ਖ਼ਸ ਨਾਲ ਮੇਰੀ ਮੁਲਾਕਾਤ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਰਿਕਸ਼ਾ ਰੇਹੜੀ ਵਿਚ ਗੁਰੂ ਸਾਹਿਬ ਦੀ ਤਸਵੀਰ ਰੱਖ ਕੇ ਮੱਥਾ ਟੇਕਣ ਦਾ ਸਬੱਬ ਬਣਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ। ਇਹ ਮੂਰਤੀ ਪੂਜਾ ਹੈ। ਜੇ ਅੰਮ੍ਰਿਤਧਾਰੀ ਸਿੱਖ ਹੀ ਅਜਿਹਾ ਕਰਦੇ ਹੋਣ ਤਾਂ ਇਹ ਤਰਸਯੋਗ ਹਾਲਤ ਹੈ। ਹਾਲੇ ਮੈਂ ਅਪਣੀ ਗੱਲ ਪੂਰੀ ਵੀ ਨਹੀਂ ਸੀ ਕਿ ਕੀਤੀ ਕਿ ਉਹ ਚਾਰੇ ਪੈਰ ਚੁੱਕ ਕੇ ਮੈਨੂੰ ਪੈ ਪਿਆ। ਬੜੇ ਜੋਸ਼ ਵਿਚ ਆ ਕੇ ਕਹਿੰਦਾ, ''ਜੇ ਬੰਦਾ ਆਪ ਸਿੱਖੀ ਵਿਚ ਪੂਰਾ ਹੋਵੇ ਤਾਂ ਸਿੱਖੀ ਦੀ ਗੱਲ ਕਰੇ।'' ਪੂਰੇ ਸ਼ਾਂਤ ਸੁਭਾਅ ਵਿਚ ਉਸ ਦੀ ਗੱਲ ਨੂੰ ਮੈਂ ਪੂਰੀ ਗੰਭੀਰਤਾ ਨਾਲ ਲਿਆ ਤੇ ਚੁੱਪ ਕਰ ਗਿਆ। ਕਿੰਗ ਮੇਕਰ ਹਰਕ੍ਰਿਸ਼ਨ ਸਿੰਘ ਸੁਰਜੀਤ ਕਹਿੰਦਾ ਹੁੰਦਾ ਸੀ, ''ਜੇ ਤੁਹਾਡੇ ਵਿਚ ਕੋਈ ਕਮਜ਼ੋਰੀ ਹੈ ਤਾਂ ਆਪ ਤੋਂ ਤਕੜੇ ਵਿਰੋਧੀ ਨਾਲ ਮੌਕੇ ਤੇ ਪੰਗਾ ਲੈ ਕੇ ਅਪਣੀ ਸ਼ਕਤੀ ਬਰਬਾਦ ਨਾ ਕਰੋ। ਤੁਹਾਡੇ ਕੋਲ ਵੀ ਸ਼ਕਤੀ ਤੇ ਸਮਾਂ ਆਵੇਗਾ। ਫਿਰ ਉਸ ਬੰਦੇ ਨੂੰ ਇਉਂ ਰਗੜੋ ਜਿਵੇਂ ਬਾਂਦਰ ਸੱਪ ਦੀ ਸਿਰੀ ਨੂੰ ਰਗੜਦੈ। ਸਮੇਂ ਦੀ ਧੀਰਜ ਨਾਲ ਉਡੀਕ ਕਰੋ। ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਕੋਈ ਅਪਣੇ ਲਈ ਸੰਕਟ ਨਾ ਖੜਾ ਕਰੋ।''ਬਹੁਤ ਸਾਲਾਂ ਤੋਂ ਇਹ ਗੱਲ ਮੈਂ ਪੱਲੇ ਬੰਨ੍ਹੀ ਹੋਈ ਹੈ। ਕਈ ਮਹੀਨਿਆਂ ਬਾਅਦ ਮੇਰੇ ਲਈ ਵੀ ਉਹ ਸ਼ੁੱਭ ਮੌਕਾ ਆ ਭਿੜਿਆ। ਮੈਨੂੰ ਵੀ ਪਤਾ ਸੀ ਕਿ ਉਹ ਸੱਜਣ ਦਿਲ ਦਾ ਕਮਜ਼ੋਰ ਹੈ। ਅਪਣੇ ਲਿਬਾਸ ਦੇ ਜੋਸ਼ ਵਿਚ ਹੀ ਆ ਕੇ ਉਹ ਕੋਈ ਠੀਕ ਗੱਲ ਕਰਨ ਦੀ ਥਾਂ ਮੈਨੂੰ ਖਰਵ੍ਹਾ ਬੋਲ ਗਿਆ ਸੀ। ਮਾਜਰਾ ਕੀ ਸੀ ਕਿ ਉਸ ਦਿਨ ਦੀਵਾਲੀ ਸੀ। ਉਹ ਅਪਣੀ ਖਾਦ-ਬੀਜਾਂ ਦੀ ਦੁਕਾਨ ਅੱਗੇ ਝਾੜੂ ਲਗਾ ਰਿਹਾ ਸੀ। ਬਦਲਾ ਲੈਣ ਦੀ ਭਾਵਨਾ ਵਿਚ ਮੈਂ ਉਸ ਨੂੰ ਕਿਹਾ ਕਿ ਫਲਾਣੇ ਵੇਲੇ ਤੂੰ ਮੈਨੂੰ ਇਸ ਤਰ੍ਹਾਂ ਕਿਹਾ ਸੀ। ਝਾੜੂ ਫੇਰਨਾ ਛੱਡ ਕੇ ਠਠੰਬਰ ਗਿਆ।
''ਹਾਂ... ਸਿੰਘਾ?''

ਮੈਂ ਕਿਹਾ, ''ਤੂੰ ਮੈਨੂੰ ਕਿਹਾ ਸੀ ਕਿ 'ਜੇ ਆਪ ਬੰਦਾ ਸਿੱਖੀ ਵਿਚ ਪੂਰਾ ਹੋਵੇ ਤਾਂ ਸਿੱਖੀ ਦੀ ਗੱਲ ਕਰੇ।' ਤੂੰ ਤਾਂ ਸਿੱਖੀ ਵਿਚ ਪੂਰਾ ਹੈਂ। ਸਹਿਜ ਤੌਰ ਤੇ ਵੇਖਣ ਲਈ ਕੋਈ ਘਾਟ ਨਹੀਂ ਦਿਸਦੀ। ਪਰ ਮੈਂ ਅੱਜ ਵੇਖਣੈ ਤੂੰ ਸਿੱਖੀ ਤੇ ਕਿੰਨਾ ਪਹਿਰਾ ਦਿੰਨੈ, ਸਿੱਖੀ ਬਾਣਾ ਪਹਿਨ ਕੇ ਸਿੱਖ ਸਿਧਾਂਤਾਂ ਦੀ ਹੇਠੀ ਕਰਨ ਵਾਲੇ ਪ੍ਰਾਣੀਆਂ ਨਾਲ ਤੂੰ ਕਿਵੇਂ ਸਿਝਦੈਂ।'' ਏਨਾ ਸੁਣ ਕੇ ਉਸ ਦੇ ਸਿਰ ਉਤੇ ਸੌ ਘੜਾ ਪਾਣੀ ਦਾ ਪੈ ਗਿਆ। ਚੁੱਪ-ਚਪੀਤਾ ਝਾੜੂ ਦੀਆਂ ਤੀਲਾਂ ਨੂੰ ਤਾਸ਼ ਦੇ ਪਤਿਆਂ ਵਾਂਗ ਠੋਕ ਰਿਹਾ ਸੀ। ਅਖ਼ੀਰ ਵਿਚ ਹੌਸਲਾ ਕਰ ਕੇ ਬੋਲਿਆ, ''ਦੱਸ ਮੈਂ ਕੀ ਕਰਾਂ?'' ਮੈਂ ਉਸ ਨੂੰ ਠਰੰਮੇ ਨਾਲ ਕਿਹਾ, ''ਤੂੰ ਕਰਨਾ ਕੁੱਝ ਨਹੀਂ, ਬੱਸ ਦੋ-ਤਿੰਨ ਕਿੱਲਿਆਂ ਦੀ ਬਾਹੀ ਤੁਰ ਕੇ ਮੇਰੇ ਨਾਲ ਜਾਣੈ ਜਿਥੇ ਸਿੱਖੀ ਬਾਣੇ ਵਾਲੀਆਂ ਬੀਬੀਆਂ ਮੜ੍ਹੀ ਨੂੰ ਮੱਥਾ ਟੇਕ ਰਹੀਆਂ ਨੇ। ਉਨ੍ਹਾਂ ਵਲੋਂ ਸਿੱਖੀ ਬਾਣਾ ਪਹਿਨ ਕੇ ਸਿੱਖੀ ਦੀ ਹੇਠੀ ਕਰਨ ਬਾਰੇ ਪੁੱਛ-ਪੜਤਾਲ ਤਾਂ ਮੈਂ ਹੀ ਕਰਾਂਗਾ। ਤੂੰ ਤਾਂ ਸਿਰਫ਼ ਕੋਲ ਹੀ ਖੜਨੈ। ਤੂੰ ਸਿੱਖੀ ਵਿਚ ਪੂਰਾ ਹੈਂ, ਨਾਲ ਹੀ ਪੰਚਾਇਤ ਮੈਂਬਰ ਵੀ ਏਂ। ਤੇਰਾ ਪ੍ਰਭਾਵ ਚੰਗਾ ਪਵੇਗਾ ਕਿ ਉਹ ਕੀ ਗ਼ਲਤ ਕਰ ਰਹੀਆਂ ਹਨ। ਭੁੱਲੇ ਭਟਕੇ ਨੂੰ ਸਿੱਧੇ ਰਸਤੇ ਪਾਉਣਾ ਪੁੰਨ-ਦਾਨ ਦਾ ਕੰਮ ਹੁੰਦੈ। ਮੈਨੂੰ ਸਿਰਫ਼ ਤੇਰੀ ਉਥੇ ਹਾਜ਼ਰੀ ਹੀ ਚਾਹੀਦੀ ਹੈ। ਤੇਰੀ ਪਿੰਡ ਵਿਚ ਚੰਗੀ ਮਾਨਤਾ ਹੈ।'' ਮੇਰੇ ਨਾਲ ਤੁਰਨ ਦੀ ਥਾਂ ਉਹ ਮੈਨੂੰ ਹੀ ਸੁਝਾਅ ਦੇਣ ਲੱਗ ਪਿਆ, ''ਕਿਸ-ਕਿਸ ਨੂੰ ਸੁਧਾਰਾਂਗੇ? ਦੁਨੀਆਂ ਨੇ ਤਾਂ ਵੱਡੇ-ਵੱਡੇ ਲੋਕਾਂ ਨੂੰ ਨਹੀਂ ਬਖ਼ਸ਼ਿਆ ਬੱਸ ਏਥੇ ਹੀ ਮਸਲਾ ਠੱਪ ਕਰ ਦੇ। ਕਿਉਂ ਗੱਲ ਅੱਗੇ ਵਧਾਉਣੀ ਏ। ਚਲ ਜਿਵੇਂ ਮੈਥੋਂ ਕਿਹਾ ਗਿਆ ਤਾਂ ਕਿਹਾ ਗਿਆ।''ਦੁਕਾਨ ਮੂਹਰੇ ਸਾਡੀ ਅਜੇ ਇਹ ਵਾਰਤਾਲਾਪ ਚਲ ਹੀ ਰਹੀ ਸੀ ਕਿ ਮੱਥਾ ਟੇਕਣ ਵਾਲੀਆਂ ਬੀਬੀਆਂ ਤੇਜ਼ ਕਦਮ ਚਲਦੀਆਂ ਹੋਈਆਂ ਅਪਣੇ ਘਰਾਂ ਨੂੰ ਮੁੜ ਗਈਆਂ ਅਤੇ ਮੈਨੂੰ ਸਿਖਿਆ ਦੇਣ ਵਾਲੇ ਪੂਰੇ ਸਿੱਖ ਦਾ ਖਹਿੜਾ ਛੁਟ ਗਿਆ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement